ਮੋਗਾ, 10 ਜੂਨ ( ਜਸ਼ਨ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬੀਤੇ 12 ਸਾਲ ਭਾਰਤ ਦੀ ਸਮਰੱਥਾ, ਸੰਕਲਪ ਅਤੇ ਉਪਲਬਧੀਆਂ ਦੀ ਨਵੀਂ ਕਹਾਣੀ ਲਿਖਣ ਵਾਲੇ ਸਾਲ ਰਹੇ ਹਨ। ਇਹ ਸਮਾਂ ਇੱਕ ਅਜੇਹੇ ਭਾਰਤ ਦੇ ਨਿਰਮਾਣ ਦਾ ਗਵਾਹ ਬਣਿਆ ਹੈ ਜੋ ਆਤਮਵਿਸ਼ਵਾਸੀ, ਆਤਮਨਿਰਭਰ, ਆਪਣੀ ਸੰਸਕ੍ਰਿਤੀ ‘ਤੇ ਮਾਣ ਕਰਨ ਵਾਲਾ ਅਤੇ ਵਿਸ਼ਵ ਅਗਵਾਈ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।
ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 10 ਜੂਨ 2014 ਤੋਂ 10 ਜੂਨ 2026 ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਫਲ ਕਾਰਜਕਾਲ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕੀਤਾ।
ਡਾ. ਸੀਮਾਂਤ ਗਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਸਿਰਫ਼ ਆਰਥਿਕ ਵਿਕਾਸ ਹੀ ਨਹੀਂ ਕੀਤਾ, ਸਗੋਂ ਆਤਮਵਿਸ਼ਵਾਸ ਅਤੇ ਰਾਸ਼ਟਰੀ ਗੌਰਵ ਦੀਆਂ ਨਵੀਆਂ ਉੱਚਾਈਆਂ ਨੂੰ ਵੀ ਛੂਹਿਆ ਹੈ। ਬੀਤੇ ਸਾਲਾਂ ਵਿੱਚ ਭਾਰਤ ਨੇ ਇਹ ਸਾਬਤ ਕੀਤਾ ਹੈ ਕਿ ਲੋਕਤੰਤਰਿਕ ਪ੍ਰਣਾਲੀ ਵਿੱਚ ਦ੍ਰਿੜ੍ਹ ਇਰਾਦੇ, ਸਪਸ਼ਟ ਨੀਅਤ ਅਤੇ ਮਜ਼ਬੂਤ ਇੱਛਾ-ਸ਼ਕਤੀ ਨਾਲ ਵੱਡੇ ਤੋਂ ਵੱਡੇ ਟੀਚੇ ਹਾਸਲ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਾਂ ਦਾ ਇਤਿਹਾਸ ਕੇਵਲ ਸਾਲਾਂ, ਸਰਕਾਰਾਂ ਅਤੇ ਘਟਨਾਵਾਂ ਨਾਲ ਨਹੀਂ ਬਣਦਾ, ਸਗੋਂ ਉਹਨਾਂ ਫ਼ੈਸਲਾਕੁੰਨ ਦੌਰਾਂ ਨਾਲ ਬਣਦਾ ਹੈ ਜੋ ਕਿਸੇ ਦੇਸ਼ ਦੀ ਚੇਤਨਾ, ਆਤਮਵਿਸ਼ਵਾਸ ਅਤੇ ਭਵਿੱਖ ਦੀ ਦਿਸ਼ਾ ਨੂੰ ਨਵਾਂ ਰੂਪ ਦਿੰਦੇ ਹਨ। ਕੁਝ ਸਮਾਂ-ਖੰਡ ਅਜੇਹੇ ਹੁੰਦੇ ਹਨ ਜੋ ਆਮ ਸਮੇਂ ਦੀ ਧਾਰਾ ਤੋਂ ਉੱਪਰ ਉੱਠ ਕੇ ਯੁੱਗ ਪਰਿਵਰਤਨ ਦੇ ਪ੍ਰਤੀਕ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਲ 2014 ਤੋਂ ਸ਼ੁਰੂ ਹੋਇਆ ਇਹ ਦੌਰ ਵੀ ਭਾਰਤ ਦੇ ਲੋਕਤੰਤਰਿਕ ਇਤਿਹਾਸ ਵਿੱਚ ਇੱਕ ਪਰਿਵਰਤਨਕਾਰੀ ਯੁੱਗ ਵਜੋਂ ਦਰਜ ਹੋ ਚੁੱਕਾ ਹੈ। ਡਾ. ਸੀਮਾਂਤ ਗਰਗ ਨੇ ਕਿਹਾ ਕਿ ਪੰਡਿਤ ਜਵਾਹਰਲਾਲ ਨੇਹਰੂ ਪਹਿਲੀ ਵਾਰ 1952 ਵਿੱਚ ਆਮ ਚੋਣਾਂ ਜਿੱਤ ਕੇ ਪ੍ਰਧਾਨ ਮੰਤਰੀ ਬਣੇ ਸਨ। 1947 ਤੋਂ 1952 ਤੱਕ ਉਹ ਅੰਤਰਿਮ ਸਰਕਾਰ ਦੇ ਮੁਖੀ ਰਹੇ ਕਿਉਂਕਿ ਉਸ ਸਮੇਂ ਤੱਕ ਚੋਣ ਪ੍ਰਣਾਲੀ ਪੂਰੀ ਤਰ੍ਹਾਂ ਸਥਾਪਿਤ ਨਹੀਂ ਹੋਈ ਸੀ। ਸਾਬਕਾ ਪ੍ਰਧਾਨ ਮੰਤਰੀ ਇੰਦਿਰਾ ਗਾਂਧੀ ਦਾ ਕੁੱਲ ਕਾਰਜਕਾਲ ਲਗਭਗ 14 ਸਾਲ ਰਿਹਾ, ਪਰ ਉਹ ਲਗਾਤਾਰ ਨਹੀਂ ਸੀ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ 12 ਸਾਲ ਪੂਰੇ ਕਰ ਲਏ ਹਨ ਅਤੇ ਉਨ੍ਹਾਂ ਦੇ ਕਾਰਜਕਾਲ ਦੀਆਂ ਉਪਲਬਧੀਆਂ ਨੂੰ ਭਾਜਪਾ ਲੋਕਾਂ ਸਾਹਮਣੇ ਰੱਖ ਰਹੀ ਹੈ ਅਤੇ ਇਸ ਮੌਕੇ ਨੂੰ ਉਪਲਬਧੀਆਂ ਦੇ ਉਤਸਵ ਵਜੋਂ ਮਨਾਇਆ ਜਾ ਰਿਹਾ ਹੈ।ਡਾ. ਗਰਗ ਨੇ ਕਿਹਾ ਕਿ 2014 ਤੋਂ ਬਾਅਦ ਜਦੋਂ ਵੀ ਦੇਸ਼ ‘ਤੇ ਆਰਥਿਕ ਜਾਂ ਬਾਹਰੀ ਖ਼ਤਰੇ ਮੰਡਰਾਏ ਹਨ, ਪ੍ਰਧਾਨ ਮੰਤਰੀ ਨੇ ਨਿਡਰ ਹੋ ਕੇ ਫ਼ੈਸਲੇ ਲਏ ਅਤੇ ਦੇਸ਼ ਨੂੰ ਉਨ੍ਹਾਂ ਚੁਣੌਤੀਆਂ ਤੋਂ ਬਾਹਰ ਕੱਢਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵ ਪੱਧਰ ‘ਤੇ ਭਾਰਤ ਦੀ ਜੋ ਨਵੀਂ ਛਵੀ ਬਣਾਈ ਹੈ ਅਤੇ ਦੇਸ਼ ਨੂੰ ਨਵੀਂ ਸੋਚ ਅਤੇ ਆਧੁਨਿਕਤਾ ਵੱਲ ਲੈ ਕੇ ਗਏ ਹਨ, ਉਸ ਨੂੰ ਇਤਿਹਾਸ ਵਿੱਚ ਸੁਵਰਨ ਅੱਖਰਾਂ ਨਾਲ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਜਿਸ ਭਾਰਤ ਨੂੰ ਕਦੇ ਦੁਨੀਆ ਤਿਰਛੀ ਨਜ਼ਰ ਨਾਲ ਵੇਖਦੀ ਸੀ, ਉਹੀ ਭਾਰਤ ਹੁਣ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਤਾਕਤ ਵਜੋਂ ਦੇਖਿਆ ਜਾ ਰਿਹਾ ਹੈ। ਦੇਸ਼ ਵਿੱਚ ਤੇਜ਼ੀ ਨਾਲ ਵਿਕਸਤ ਹੋ ਰਹੇ ਬੁਨਿਆਦੀ ਢਾਂਚੇ ਅਤੇ ਵਪਾਰਕ ਗਤੀਵਿਧੀਆਂ ਕਾਰਨ ਦੁਨੀਆ ਦੀਆਂ ਵੱਡੀਆਂ ਆਰਥਿਕ ਤਾਕਤਾਂ ਵੀ ਭਾਰਤ ਨੂੰ ਇੱਕ ਮਹੱਤਵਪੂਰਨ ਬਾਜ਼ਾਰ ਵਜੋਂ ਦੇਖ ਰਹੀਆਂ ਹਨ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਅੱਜ ਭਾਰਤ ਦੀ ਜੋ ਛਵੀ ਦੇਸ਼ ਅਤੇ ਦੁਨੀਆ ਵਿੱਚ ਬਣੀ ਹੈ, ਉਸ ਦੇ ਆਧਾਰ ‘ਤੇ ਆਉਣ ਵਾਲੇ 25 ਸਾਲਾਂ ਵਿੱਚ ਭਾਰਤ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਵਿੱਚੋਂ ਇੱਕ ਵਜੋਂ ਉਭਰੇਗਾ।