ਮੋਗਾ ,30 ਅਪ੍ਰੈਲ (ਜਸ਼ਨ ) ਹਰਦਿਲ ਅਜ਼ੀਜ਼ ਗਾਇਕ ਪਾਲੀ ਦੇਤਵਾਲੀਆ ਦੇ ਪੁੱਤਰ ਦੀ ਮੌਤ ਤੇ ਸਮੂਹ ਪੰਜਾਬੀ ਗਮਜ਼ਦਾ ਨੇ।ਪਾਲੀ ਦੇਤਵਾਲੀਆ ਦੇ ਪੁੱਤਰ ਮਨਜੋਤ ਸਿੰਘ ਦੇ ਅੰਤਿਮ ਸਸਕਾਰ ਮੌਕੇ ਹਜ਼ਾਰਾਂ ਪੰਜਾਬੀਆਂ ਵੱਲੋਂ ਲੁਧਿਆਣਾ ਦੇ ਪਿੰਡ ਦੇਤਵਾਲ ਦੇ ਸ਼ਮਸ਼ਾਨਘਾਟ ਵਿੱਚ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ ।
ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨਿਤ ਸ਼੍ਰੋਮਣੀ ਪੰਜਾਬੀ ਲੋਕ ਗਾਇਕ ਤੇ ਗੀਤਕਾਰ ਸਭਾ ਪੰਜਾਬ ਦੇ ਪ੍ਰਧਾਨ ਪਾਲੀ ਦੇਤਵਾਲੀਆ ਦੇ ਨੌਜਵਾਨ ਪੁੱਤਰ ਮਨਜੋਤ ਸਿੰਘ ਜਿਸ ਦਾ ਕੱਲ੍ਹ ਸੰਖੇਪ ਬੀਮਾਰੀ ਉਪਰੰਤ ਦਿਲ ਦਾ ਦੌਰਾ ਪੈਣ ਕਰਕੇ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ , ਉਸਨੂੰ ਅੱਜ ਇਲਾਕਾ ਵਾਸੀਆਂ, ਪਾਲੀ ਦੇਤਵਾਲੀਆ ਦੇ ਪ੍ਰਸ਼ੰਸਕ ਹਜ਼ਾਰਾਂ ਪੰਜਾਬੀਆਂ ਵੱਲੋਂ ਪਿੰਡ ਦੇਵਤਵਾਲ(ਲੁਧਿਆਣਾ) ਦੇ ਸ਼ਮਸ਼ਾਨਘਾਟ ਵਿੱਚ ਸੇਜਲ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ ਗਈ।
ਮਨਜੋਤ ਸਿੰਘ ਸਿਰਫ਼ 35 ਸਾਲ ਦਾ ਸੀ ਅਤੇ ਪਿਛਲੇ ਅੱਠ ਸਾਲ ਤੋਂ ਪਿੰਡ ਨੇੜੇ ਬਣੀ ਇੱਕ ਵਿਕਸਤ ਕਾਲੋਨੀ ਵਿੱਚ ਨੌਕਰੀ ਕਰ ਰਿਹਾ ਸੀ। ਉਹ ਆਪਣੀ ਪਤਨੀ ਤੇ ਮਾਸੂਮ ਬੇਟਾ ਬੇਟੀ ਨੂੰ ਪਿੱਛੇ ਛੱਡ ਗਿਆ ਹੈ ।
ਪਾਲੀ ਦੇਤਵਾਲੀਆ ਨਾਲ ਹਮਦਰਦੀ ਪ੍ਰਗਟ ਕਰਨ ਵਾਲਿਆਂ ਵਿੱਚ ਸ਼ਾਮਲ ਦਾਖਾ ਹਲਕੇ ਦੇ ਵਿਧਾਇਕ ਸ. ਮਨਪ੍ਰੀਤ ਸਿੰਘ ਅਯਾਲੀ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ,ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ,ਅਮਰੀਕ ਤਲਵੰਡੀ,ਪ੍ਰੋ.ਸੁਰਜੀਤ ਨਿੱਘ ਕਾਉਂਕੇ,ਪਵਨ ਦੀਵਾਨ,ਅਜੀਤਪਾਲ ਜੀਤੀ,ਲੋਕ ਗਾਇਕ ਜਸਵੰਤ ਸੰਦੀਲਾ ਤੇ ਜ਼ਿਲ੍ਹਾ ਲੁਧਿਆਣਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪੁਨੀਤਪਾਲ ਸਿੰਘ ਗਿੱਲ ਨੇ ਵਿੱਛੜੇ ਨੌਜਵਾਨ ਮਨਜੋਤ ਸਿੰਘ ਦੀ ਦੇਹ ਤੇ ਦੋਸ਼ਾਲਾ ਤੇ ਪੁਸ਼ਪ ਮਾਲਾਵਾਂ ਭੇਂਟ ਕੀਤੀਆਂ।
ਇਸ ਮੌਕੇ ਪੰਜਾਬ ਦੇ ਹੋਰਨਾਂ ਉੱਘੇ ਲੇਖਕਾਂ ਅਤੇ ਗਾਇਕਾਂ ਨੇ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ।