ਜੋਗਿੰਦਰ ਸਿੰਘ ਮਾਨ
ਮਾਨਸਾ, 2 ਨਵੰਬਰ
ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਉਡੀਕ ਕਰ ਰਹੇ ਉਨ੍ਹਾਂ ਦੇ ਪਿਤਾ ਭੀਮ ਸਿੰਘ ਫੌਜੀ ਨੇ ਸਿਆਸੀ ਆਗੂਆਂ ਦੀ ਆਮਦ ਬਾਰੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ, ‘‘ਨਾ ਰਾਹੁਲ ਗਾਂਧੀ ਆਵੇ, ਨਾ ਬੇਅੰਤ ਪਰਿਵਾਰ ਆਵੇ।’’ ਇਸ ਦੌਰਾਨ ਉਨ੍ਹਾਂ ਦੇ ਬੋਲਾਂ ਵਿੱਚ 1984 ਦੀ ਕਾਰਵਾਈ ਦਾ ਦਰਦ ਵੀ ਝਲਕਿਆ। ਉਨ੍ਹਾਂ ਵਿਧਾਇਕ ਡਾ. ਵਿਜੈ ਸਿੰਗਲਾ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਆਪਣੀ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਰੋਸ ਜ਼ਾਹਿਰ ਕੀਤਾ ਕਿ ਉਹ ਆਪਣੇ ਹੀ ਸ਼ਹਿਰ ਵਿੱਚ ਨਸ਼ਿਆਂ ਦੇ ਰੁਝਾਨ ਨੂੰ ਰੋਕ ਨਾ ਸਕੇ ਅਤੇ ਨਾ ਹੀ ਇਨਸਾਫ਼ ਦਿਵਾਉਣ ਲਈ ਅੱਗੇ ਆਏ।
ਪੁੱਤ ਦੇ ਵਿਛੋੜੇ ਦਾ ਦਰਦ ਹੰਢਾ ਰਹੇ ਭੀਮ ਸਿੰਘ ਫੌਜੀ ਨੂੰ 1984 ਦੀਆਂ ਘਟਨਾਵਾਂ ਦੀ ਪੀੜ ਵੀ ਸਤਾਉਂਦੀ ਦਿਖਾਈ ਦਿੱਤੀ। ਰਾਹੁਲ ਗਾਂਧੀ ਅਤੇ ਬੇਅੰਤ ਪਰਿਵਾਰ ਦੀ ਆਮਦ ਪ੍ਰਤੀ ਅਸਹਿਮਤੀ ਜਤਾਉਂਦਿਆਂ ਉਨ੍ਹਾਂ ਦੀ ਪ੍ਰਤੀਕਿਰਿਆ ਵਿੱਚ ਮੌਜੂਦਾ ਦੁੱਖ ਦੇ ਨਾਲ ਪੁਰਾਣੇ ਜ਼ਖ਼ਮਾਂ ਦੀ ਚੀਸ ਵੀ ਉੱਭਰ ਆਈ। ਉਹ ਆਪਣੇ ਪੁੱਤਰ ਦੀ ਮੌਤ ਦਾ ਦਰਦ ਲੈਕੇ ਨਸ਼ਿਆਂ ਖਿਲਾਫ਼ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਮਾਨਸਾ ਦੇ ਵਿਧਾਇਕ ਅਤੇ ਭਗਵੰਤ ਮਾਨ ਦੀ ਲੋਕ ਜਮਾਨਤ ਜਬਤ ਕਰਵਾਉਣਗੇ।
ਭੀਮ ਸਿੰਘ ਫੌਜੀ ਦੀ ਇਹ ਪ੍ਰਤੀਕਿਰਿਆ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਮੋਰਚੇ ਦੇ 12ਵੇਂ ਦਿਨ ਵੀ ਝੋਟਾ ਦੀ ਦੇਹ ਦੇ ਪੋਸਟਮਾਰਟਮ ਬਾਰੇ ਗੱਲ ਅੱਗੇ ਨਹੀਂ ਤੁਰ ਸਕੀ। ਸਰਕਾਰ ਅਤੇ ਐਕਸ਼ਨ ਕਮੇਟੀ ਵਿਚਾਲੇ ਗੱਲਬਾਤ ਦੇ ਯਤਨਾਂ ਦੇ ਬਾਵਜੂਦ ਮਾਮਲੇ ਦਾ ਠੋਸ ਨਿਬੇੜਾ ਨਾ ਹੋਣ ਕਾਰਨ ਪਰਿਵਾਰ ਦੀ ਉਡੀਕ ਲੰਮੀ ਹੁੰਦੀ ਜਾ ਰਹੀ ਹੈ।
ਉਧਰ ਐਕਸ਼ਨ ਕਮੇਟੀ ਵੱਲੋਂ ਪਰਵਿੰਦਰ ਝੋਟਾ ਨੂੰ ਇਨਸਾਫ਼ ਦਿਵਾਉਣ, ਗਿ੍ਰਫ਼ਤਾਰ ਆਗੂਆਂ ਦੀ ਰਿਹਾਈ ਅਤੇ ਮੋਰਚੇ ਦੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਜਾਰੀ ਹੈ।
ਖ਼ਬਰਾਂ
ਨਾ ਰਾਹੁਲ ਗਾਂਧੀ ਆਵੇ, ਨਾ ਬੇਅੰਤ ਪਰਿਵਾਰ ਆਵੇ- ਭੀਮ ਸਿੰਘ ਫੌਜੀ,ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਖਿਲਾਫ਼ ਵੀ ਗੁੱਸਾ ਪ੍ਰਗਟਾਇਆ
2 ਨਵੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



