ਜੋਗਿੰਦਰ ਸਿੰਘ ਮਾਨ
ਮਾਨਸਾ, 2 ਨਵੰਬਰ
ਪੰਜਾਬ ਸਰਕਾਰ ਨੂੰ ਅੱਜ 21 ਦਿਨਾਂ ਬਾਅਦ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੀ ਯਾਦ ਆਈ। ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅੱਜ ਦੇਰ ਸ਼ਾਮ ਮਿ੍ਰਤਕ ਦੇ ਪਿਤਾ ਭੀਮ ਸਿੰਘ ਫੌਜੀ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਕੈਬਨਿਟ ਮੰਤਰੀ ਨਾਲ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੀ ਮੌਜੂਦ ਸਨ, ਜਿੰਨਾਂ ਦੀ ਆਮ ਆਦਮੀ ਪਾਰਟੀ ਵੱਲੋਂ ਬੀਤੀ ਕੱਲ੍ਹ ਮੁੜ ਤੋਂ ਟਿਕਟ ਐਲਾਨੀ ਗਈ ਹੈ।
ਸਰਕਾਰ ਵੱਲੋਂ ਖੁੱਡੀਆਂ ਨੇ ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ ਅਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਦਿਆਂ ਝੋਟਾ ਦੀ ਮੌਤ ’ਤੇ ਡੂੰਘਾ ਅਫ਼ਸੋਸ ਪ੍ਰਗਟ ਕੀਤਾ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ ਹਰ ਸੰਭਵ ਮੱਦਦ ਅਤੇ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
ਮੰਤਰੀ ਗੁਰਮੀਤ ਖੁੱਡੀਆਂ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਦੁੱਖ ਦੀ ਇਸ ਘੜੀ ਵਿੱਚ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਹੈ ਅਤੇ ਪਰਿਵਾਰ ਦੀ ਮੱਦਦ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਪਰਿਵਾਰ ਦੇ ਦੁੱਖ ਪ੍ਰਤੀ ਸੰਵੇਦਨਾ ਪ੍ਰਗਟ ਕਰਦਿਆਂ ਸਰਕਾਰੀ ਪੱਧਰ ’ਤੇ ਲੋੜੀਂਦਾ ਸਹਿਯੋਗ ਦੇਣ ਦੀ ਵਚਨਬੱਧਤਾ ਦੁਹਰਾਈ।
ਜਵਾਨ ਪੁੱਤ ਦੇ ਵਿਛੋੜੇ ਦਾ ਦਰਦ ਹੰਢਾ ਰਹੇ ਪਰਿਵਾਰ ਲਈ ਇਨਸਾਫ਼ ਦੀ ਉਡੀਕ ਵੀ ਲੰਮੀ ਹੁੰਦੀ ਜਾ ਰਹੀ ਹੈ।ਮੋਰਚੇ ਦੇ 21ਵੇਂ ਦਿਨ ਵੀ ਝੋਟਾ ਦੀ ਦੇਹ ਦੇ ਪੋਸਟਮਾਰਟਮ ਬਾਰੇ ਗੱਲ ਅੱਗੇ ਨਹੀਂ ਤੁਰ ਸਕੀ। ਅਜਿਹੇ ਸਮੇਂ ਖੁੱਡੀਆਂ ਦੀ ਪਰਿਵਾਰ ਨਾਲ ਮਿਲਣੀ ਅਤੇ ਸਰਕਾਰ ਵੱਲੋਂ ਸਹਿਯੋਗ ਦੇ ਭਰੋਸੇ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਖੇਤੀਬਾੜੀ ਮੰਤਰੀ ਖੁੱਡੀਆਂ ਨਾਲ ਇਹ ਮੁਲਾਕਾਤ ਪੰਜਾਬ ਦੇ ਤਿੰਨ ਕੈਬਨਿਟ ਵਜ਼ੀਰਾਂ ਨਾਲ ਹੋਣ ਵਾਲੀ ਸੰਭਾਵਿਤ ਮੀਟਿੰਗ ਤੋਂ ਪਹਿਲਾਂ ਹੋਈ ਹੈ। ਐਕਸ਼ਨ ਕਮੇਟੀ ਵੱਲੋਂ ਮੰਗਾਂ ਦੇ ਨਿਬੇੜੇ ਲਈ ਕੈਬਨਿਟ ਮੰਤਰੀਆਂ ਦੀ ਅਗਵਾਈ ਹੇਠ ਮੀਟਿੰਗ ਕਰਵਾਉਣ ਅਤੇ ਸੰਘਰਸ਼ ਨਾਲ ਜੁੜੇ ਆਗੂਆਂ ਖ਼ਿਲਾਫ਼ ਦਰਜ ਪਰਚੇ ਰੱਦ ਕਰਨ ਦੀ ਮੰਗ ਰੱਖੀ ਗਈ ਹੈ। ਪਰਿਵਾਰ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਹੁਣ ਆਗਾਮੀ ਮੀਟਿੰਗ ਤੋਂ ਕਿਸੇ ਠੋਸ ਫ਼ੈਸਲੇ ਦੀ ਉਡੀਕ ਹੈ।
ਪੁੱਤ ਦੀ ਘਾਟ ਨਾਲ ਜੂਝ ਰਹੇ ਪਰਿਵਾਰ ਲਈ ਹਮਦਰਦੀ ਦੇ ਬੋਲਾਂ ਦੇ ਨਾਲ ਇਨਸਾਫ਼ ਦੀ ਆਸ ਵੀ ਵੱਡਾ ਸਹਾਰਾ ਹੈ। ਸਰਕਾਰ ਵੱਲੋਂ ਦਿੱਤੇ ਭਰੋਸੇ ਮਗਰੋਂ ਹੁਣ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ ਗੱਲਬਾਤ ਰਾਹੀਂ ਮਾਮਲੇ ਦੇ ਹੱਲ ਵੱਲ ਕਿੰਨੀ ਛੇਤੀ ਪੇਸ਼ਕਦਮੀ ਹੁੰਦੀ ਹੈ।
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਜਾਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਵੱਲੋਂ ਪਰਿਵਾਰ ਨਾਲ ਦੁੱਖ ਵੰਡਾਇਆ ਗਿਆ ਹੈ ਅਤੇ ਬੜੇ ਠਰੰਮੇ ਨਾਲ ਗੱਲਬਾਤ ਕਰਦਿਆਂ ਹਰ ਤਰ੍ਹਾਂ ਦੀ ਸਹਾਇਤ ਪ੍ਰਦਾਨ ਕਰਨ ਦਾ ਵਚਨ ਦਿੱਤੀ। ਉਨ੍ਹਾਂ ਕਿਹਾ ਕਿ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਨਾਲ ਹੱਡਬੀਤੀ ਵੀ ਸਾਂਝੀ ਕੀਤੀ, ਜਿਸ ਸਮੇਂ ਉਨ੍ਹਾਂ ਦੇ ਪਿਤਾ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦਾ ਕਤਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਐਂਟੀ ਡਰੱਗ ਟਾਸਕ ਫੋਰਸ ਦੇ ਆਗੂਆਂ ਵੱਲੋਂ ਵੀ ਕੈਬਨਿਟ ਮੰਤਰੀ ਨਾਲ ਠਰੰਮੇ ਨਾਲ ਗੱਲਬਾਤ ਕੀਤੀ। ਉਨ੍ਹਾਂ ਮੰਤਰੀ ਨੂੰ ਕਿਹਾ ਕਿ ਜਿੰਨਾਂ ਛੇਤੀ ਮਸਲਾ ਸਰਕਾਰ ਨਿਬੇੜਨਾ ਚਾਹੇਗੀ, ਉਨਾਂ ਛੇਤੀ ਨਿਬੜ ਸਕਦਾ ਹੈ।
’ਟਰਾਲੀ ਚੋਰ, ਲਾਸ਼ ਚੋਰ’ ਦੇ ਸਵਾਲਾਂ ਦਾ ਜਵਾਬ ਦਿੱਤੇ ਬਿਨਾਂ ਖਿਸਕੇ ਖੁੱਡੀਆਂ
ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਦੇਰ ਸ਼ਾਮ ਉਨ੍ਹਾਂ ਦੇ ਘਰ ਪੁੱਜੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਜਦੋਂ ਪੱਤਰਕਾਰਾਂ ਨੇ ਆਪਣੇ ਸਵਾਲ ਕਿ ਲੋਕ ਹੁਣ ਪੰਜਾਬ ਸਰਕਾਰ ਨੂੰ ਟਰਾਲੀ ਚੋਰ ਦੇ ਨਾਲ ਲਾਸ਼ ਚੋਰ ਵੀ ਕਹਿਣ ਲੱਗੇ ਹਨ ਤਾਂ ਖੁੱਡੀਆਂ ਨੇ ਇਨ੍ਹਾਂ ਸਵਾਲਾਂ ਦਾ ਜਵਾਬ ਦਿੱਤੇ ਬਿਨਾਂ ਇਹੀ ਕਿਹਾ ਕਿ ਉਹ ਪਰਿਵਾਰ ਨਾਲ ਦੁੱਖ ਵੰਡਾਉਣ ਆਏ ਹਨ, ਜਦੋਂ ਪੱਤਰਕਾਰਾਂ ਨੇ ਦੂਜਾ ਸਵਾਲ ਕੀਤਾ ਕਿ ਉਨ੍ਹਾਂ ਨੂੰ 21ਵੇਂ ਦਿਨ ਹੀ ਕਿਉਂ ਯਾਦ ਆਈ ਤਾਂ ਉਹ ਬਿਨਾਂ ਜਵਾਬ ਦਿੰਦਿਆਂ ਖਿਸਕ ਗਏ।