ਚੰਡੀਗੜ੍ਹ,9 ਸਤੰਬਰ (ਜਸ਼ਨ ): ਕੌਮੀ ਇਨਸਾਫ਼ ਮੋਰਚੇ ਵੱਲੋਂ ਅੱਜ ਚੰਡੀਗੜ੍ਹ ਵਿਖੇ ਬੁਲਾਈ ਗਈ ਅਹਿਮ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਦੇ ਵਫ਼ਦ ਨੇ ਸ਼ਮੂਲੀਅਤ ਕਰਦਿਆਂ ਸਿੱਖ ਕੌਮ ਨਾਲ ਸਬੰਧਤ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਇਨਸਾਫ਼ ਦੇ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ, ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੇ ਮਾਮਲੇ ਅਤੇ ਸਿੱਖ ਕੌਮ ਨਾਲ ਜੁੜੇ ਹੋਰ ਅਹਿਮ ਮਸਲਿਆਂ ਸਬੰਧੀ ਸਾਂਝੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।

ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਵੱਲੋਂ ਪਾਰਟੀ ਦੇ ਸਰਪ੍ਰਸਤ ਸ. ਰਵੀਇੰਦਰ ਸਿੰਘ , ਸਕੱਤਰ ਜਨਰਲ ਸ. ਗੁਰਪ੍ਰਤਾਪ ਸਿੰਘ ਵਡਾਲਾ, ਯੂਥ ਪ੍ਰਧਾਨ ਸ. ਗੁਰਜੀਤ ਸਿੰਘ ਤਲਵੰਡੀ, ਦਫ਼ਤਰ ਇੰਚਾਰਜ ਸ. ਜਗਜੀਤ ਸਿੰਘ ਕੋਹਲੀ ਅਤੇ ਮੀਡੀਆ ਇੰਚਾਰਜ ਸ. ਤਜਿੰਦਰ ਸਿੰਘ ਪੰਨੂ ਨੇ ਮੀਟਿੰਗ ਵਿੱਚ ਹਾਜ਼ਰੀ ਭਰੀ।

ਇਸ ਮੌਕੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਯੂਥ ਪ੍ਰਧਾਨ ਸ. ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਕੌਮੀ ਇਨਸਾਫ਼ ਮੋਰਚੇ ਦੇ ਨਾਲ ਖੜ੍ਹਾ ਹੈ ਅਤੇ ਸਿੱਖ ਕੌਮ ਨਾਲ ਸਬੰਧਤ ਇਨਸਾਫ਼ ਦੇ ਮਸਲਿਆਂ ਨੂੰ ਪੂਰੀ ਗੰਭੀਰਤਾ ਨਾਲ ਉਠਾਉਂਦਾ ਰਹੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਿੱਖ ਕੈਦੀਆਂ ਨੇ ਆਪਣੀਆਂ ਸਜ਼ਾਵਾਂ ਦੀ ਮਿਆਦ ਪੂਰੀ ਕਰ ਲਈ ਹੈ, ਉਨ੍ਹਾਂ ਨੂੰ ਕਾਨੂੰਨੀ ਅਤੇ ਸੰਵਿਧਾਨਕ ਹੱਕਾਂ ਦੇ ਬਾਵਜੂਦ ਲੰਬੇ ਸਮੇਂ ਤੱਕ ਜੇਲ੍ਹਾਂ ਵਿੱਚ ਰੱਖਣਾ ਇਨਸਾਫ਼ ਦੇ ਮੂਲ ਸਿਧਾਂਤਾਂ ’ਤੇ ਸਵਾਲ ਖੜ੍ਹੇ ਕਰਦਾ ਹੈ।

ਸ. ਤਲਵੰਡੀ ਨੇ ਕਿਹਾ ਕਿ ਬੰਦੀ ਸਿੰਘਾਂ ਦਾ ਮਸਲਾ ਕਿਸੇ ਇੱਕ ਵਿਅਕਤੀ, ਪਰਿਵਾਰ ਜਾਂ ਸਿਆਸੀ ਧਿਰ ਦਾ ਮਸਲਾ ਨਹੀਂ, ਸਗੋਂ ਨਿਆਂ, ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦੀ ਬਰਾਬਰ ਲਾਗੂ ਹੋਣ ਨਾਲ ਜੁੜਿਆ ਹੋਇਆ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਸਿਆਸੀ ਲਾਹੇ ਜਾਂ ਵੋਟਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਦੇਖਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜਿਤ ਦਾ ਮੰਨਣਾ ਹੈ ਕਿ ਕੌਮ ਦੇ ਜਾਇਜ਼ ਅਤੇ ਸੰਵਿਧਾਨਕ ਹੱਕਾਂ ਲਈ ਸੰਘਰਸ਼ ਸ਼ਾਂਤਮਈ, ਲੋਕਤੰਤਰਿਕ ਅਤੇ ਕਾਨੂੰਨੀ ਢੰਗ ਨਾਲ ਜਾਰੀ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਅਤੇ ਸਾਰੀਆਂ ਸਿਆਸੀ ਧਿਰਾਂ ਨੂੰ ਆਪਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਅਜਿਹੇ ਮਸਲਿਆਂ ’ਤੇ ਸਾਂਝੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਯੂਥ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਇਨ੍ਹਾਂ ਮਸਲਿਆਂ ਪ੍ਰਤੀ ਡੂੰਘੀ ਚਿੰਤਾ ਹੈ ਅਤੇ ਨੌਜਵਾਨ ਵਰਗ ਚਾਹੁੰਦਾ ਹੈ ਕਿ ਪੰਥਕ ਮਸਲਿਆਂ ’ਤੇ ਸਿਆਸੀ ਮੌਕਾਪ੍ਰਸਤੀ ਦੀ ਬਜਾਏ ਸਿਧਾਂਤਕ ਅਤੇ ਨਿਰੰਤਰ ਪਹੁੰਚ ਅਪਣਾਈ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਨੌਜਵਾਨਾਂ ਨੂੰ ਨਾਲ ਲੈ ਕੇ ਇਨਸਾਫ਼, ਹੱਕਾਂ ਅਤੇ ਪੰਥਕ ਮਰਯਾਦਾ ਦੀ ਰਾਖੀ ਲਈ ਆਪਣੀ ਆਵਾਜ਼ ਮਜ਼ਬੂਤੀ ਨਾਲ ਉਠਾਉਂਦਾ ਰਹੇਗਾ।

ਉਨ੍ਹਾਂ ਅੰਤ ਵਿੱਚ ਕਿਹਾ ਕਿ ਕੌਮੀ ਇਨਸਾਫ਼ ਨਾਲ ਜੁੜੇ ਮਸਲਿਆਂ ਦੇ ਹੱਲ ਲਈ ਸਿਰਫ਼ ਬਿਆਨਾਂ ਦੀ ਨਹੀਂ, ਬਲਕਿ ਠੋਸ ਕਾਨੂੰਨੀ, ਸੰਸਥਾਗਤ ਅਤੇ ਲੋਕਤੰਤਰਿਕ ਪੱਧਰ ’ਤੇ ਲਗਾਤਾਰ ਯਤਨਾਂ ਦੀ ਲੋੜ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਇਸ ਦਿਸ਼ਾ ਵਿੱਚ ਹਰ ਉਸ ਯਤਨ ਦਾ ਸਮਰਥਨ ਕਰੇਗਾ ਜੋ ਇਨਸਾਫ਼ ਅਤੇ ਸੰਵਿਧਾਨਕ ਹੱਕਾਂ ਦੀ ਪ੍ਰਾਪਤੀ ਲਈ ਹੋਵੇ।