2027 ਚੋਣਾਂ ਨੂੰ ਲੈ ਕੇ ਹਾਈਕਮਾਂਡ ਸਰਗਰਮ, ਸੂਬਾ ਪੱਧਰ ’ਤੇ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣ ਦੀ ਤਿਆਰੀ
ਮੋਗਾ, 21 ਜੂਨ ( ਜਸ਼ਨ ) ਅਗਾਮੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਕਾਂਗਰਸ ਹਾਈਕਮਾਂਡ ਵੱਲੋਂ ਸੂਬੇ ਵਿੱਚ ਸੰਗਠਨਾਤਮਕ ਮਜ਼ਬੂਤੀ ਲਈ ਲਗਾਤਾਰ ਮੀਟਿੰਗਾਂ ਅਤੇ ਰਣਨੀਤਿਕ ਤਿਆਰੀਆਂ ਜਾਰੀ ਹਨ। ਇਸ ਸੰਦਰਭ ਵਿੱਚ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ, ਜਿਸ ਵਿਚ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਜੇ ਇੰਦਰ ਸਿੰਗਲਾ ਸਮੇਤ ਹੋਰ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਇਸ ਪੂਰੇ ਸਿਆਸੀ ਦ੍ਰਿਸ਼ ਵਿੱਚ ਇੱਕ ਨਾਮ ਜੋ ਤੇਜ਼ੀ ਨਾਲ ਉਭਰ ਕੇ ਸਾਹਮਣੇ ਆ ਰਿਹਾ ਹੈ, ਉਹ ਹੈ ਮਾਲਵਿਕਾ ਸੂਦ। ਮੋਗਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਇੰਚਾਰਜ ਮਾਲਵਿਕਾ ਸੂਦ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਨਾਲ ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿਚ ਸੂਬਾ ਪੱਧਰ ’ਤੇ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਖ਼ਾਸ ਤੌਰ ’ਤੇ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਮਹਿਲਾ ਵਿੰਗ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਮਾਲਵਿਕਾ ਸੂਦ, ਜੋ ਕਿ ਮਸ਼ਹੂਰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਭੈਣ ਵੀ ਹਨ, ਪਿਛਲੇ ਸਮੇਂ ਤੋਂ ਸਮਾਜ ਸੇਵਾ ਅਤੇ ਲੋਕਾਂ ਨਾਲ ਸਿੱਧੀ ਜੁੜਤ ਕਾਰਨ ਖਾਸ ਪਛਾਣ ਬਣਾਉਣ ਵਿਚ ਕਾਮਯਾਬ ਰਹੀ ਹੈ। ਉਨ੍ਹਾਂ ਦੀ ਸਾਫ-ਸੁਥਰੀ ਛਵੀ, ਪੜ੍ਹਿਆ-ਲਿਖਿਆ ਹੋਣਾ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਦੀ ਯੋਗਤਾ ਕਾਂਗਰਸ ਪਾਰਟੀ ਲਈ ਇਕ ਵੱਡੀ ਪੂੰਜੀ ਮੰਨੀ ਜਾ ਰਹੀ ਹੈ। ਕਾਂਗਰਸ ਹਾਈਕਮਾਂਡ ਵੱਲੋਂ 2027 ਦੀਆਂ ਚੋਣਾਂ ਲਈ ਬਣਾਈ ਜਾ ਰਹੀ ਨਵੀਂ ਰਣਨੀਤੀ ਦੇ ਤਹਿਤ ਤਿੰਨ ਆਬਜ਼ਰਵਰ ਅਜੈ ਮਾਕਨ, ਮੀਨਾਕਸ਼ੀ ਨਟਰਾਜਨ ਅਤੇ ਭਜਨ ਲਾਲ ਜਾਟਵ ਨਿਯੁਕਤ ਕੀਤੇ ਗਏ ਹਨ, ਜੋ ਸੂਬੇ ਵਿਚ ਸੰਗਠਨਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਫੀਡਬੈਕ ਇਕੱਠਾ ਕਰ ਰਹੇ ਹਨ। ਇਸ ਪ੍ਰਕਿਰਿਆ ਦੌਰਾਨ ਮਾਲਵਿਕਾ ਸੂਦ ਦਾ ਨਾਮ ਮੋਹਰੀ ਚਿਹਰਿਆਂ ਵਿਚ ਸ਼ਾਮਲ ਹੋਣਾ ਦਰਸਾਉਂਦਾ ਹੈ ਕਿ ਪਾਰਟੀ ਨਵੇਂ ਅਤੇ ਉਰਜਾਵਾਨ ਨੇਤ੍ਰਿਤਵ ਨੂੰ ਅੱਗੇ ਲਿਆਉਣ ਦੇ ਮੂਡ ਵਿਚ ਹੈ। ਸੂਤਰਾਂ ਅਨੁਸਾਰ, ਕਾਂਗਰਸ ਪਾਰਟੀ ਮਹਿਲਾ ਵਿੰਗ ਨੂੰ ਮਜ਼ਬੂਤ ਕਰਨ ਲਈ ਇਕ ਅਜਿਹੇ ਨੇਤਾ ਦੀ ਭਾਲ ਵਿਚ ਹੈ ਜੋ ਨਾ ਸਿਰਫ ਸੰਗਠਨ ਨੂੰ ਇਕਜੁੱਟ ਕਰ ਸਕੇ, ਸਗੋਂ ਜ਼ਮੀਨੀ ਪੱਧਰ ’ਤੇ ਮਹਿਲਾਵਾਂ ਨਾਲ ਜੁੜ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਉਭਾਰ ਸਕੇ। ਇਸ ਮਾਪਦੰਡ ’ਤੇ ਮਾਲਵਿਕਾ ਸੂਦ ਖਰੀ ਉਤਰਦੀਆਂ ਦਿਖਾਈ ਦੇ ਰਹੀ ਹੈ। ਮਾਲਵਿਕਾ ਸੂਦ ਨੇ ਆਪਣੇ ਸਮਾਜਿਕ ਕੰਮਾਂ ਰਾਹੀਂ ਲੋਕਾਂ ਵਿਚ ਵਿਸ਼ਵਾਸ ਬਣਾਇਆ ਹੈ ਅਤੇ ਮੋਗਾ ਹਲਕੇ ਵਿਚ ਉਹ ਲਗਾਤਾਰ ਸਰਗਰਮ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦਾ ਨਾਮ ਸੂਬਾ ਪੱਧਰ ਦੀ ਜ਼ਿੰਮੇਵਾਰੀ ਲਈ ਗੰਭੀਰਤਾ ਨਾਲ ਵਿਚਾਰਧੀਨ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਕਾਂਗਰਸ ਹਾਈਕਮਾਂਡ ਦੇ ਅਗਲੇ ਫੈਸਲੇ ’ਤੇ ਟਿਕੀਆਂ ਹੋਈਆਂ ਨੇ ।

ਸਿਆਸੀ ਮਾਹਰਾਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਮਾਲਵਿਕਾ ਸੂਦ ਨੂੰ ਇਹ ਜ਼ਿੰਮੇਵਾਰੀ ਮਿਲਦੀ ਹੈ, ਤਾਂ ਇਹ ਨਾ ਸਿਰਫ ਉਨ੍ਹਾਂ ਦੀ ਸਿਆਸੀ ਯਾਤਰਾ ਲਈ ਮਹੱਤਵਪੂਰਨ ਮੋੜ ਹੋਵੇਗਾ, ਸਗੋਂ ਪੰਜਾਬ ਕਾਂਗਰਸ ਵਿਚ ਨਵੇਂ ਦੌਰ ਦੀ ਸ਼ੁਰੂਆਤ ਵਜੋਂ ਵੀ ਦੇਖਿਆ ਜਾਵੇਗਾ।