ਵਿਰੋਧੀ ਬੁਖਲਾਹਟ ’ਚ ਕਰ ਰਹੇ ਨੇ ਝੂਠਾ ਪ੍ਰਚਾਰ” : ਮਾਲਵਿਕਾ ਸੂਦ

ਮੋਗਾ, 11 ਜੂਨ (ਜਸ਼ਨ ) 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਮੋਗਾ ਤੋਂ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਲੜ ਚੁੱਕੀ ਅਤੇ ਇਸ ਸਮੇਂ ਹਲਕਾ ਇੰਚਾਰਜ ਵਜੋਂ ਸਰਗਰਮ ਮਾਲਵਿਕਾ ਸੂਦ ਵੱਲੋਂ ਆਪਣੇ ਭਾਜਪਾ ’ਚ ਸ਼ਾਮਲ ਹੋਣ ਸਬੰਧੀ ਉਡ ਰਹੀਆਂ ਅਫਵਾਹਾਂ ਦਾ ਤਿੱਖਾ ਖੰਡਣ ਕੀਤਾ ਗਿਆ ਹੈ।

ਉਨ੍ਹਾਂ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਉਹ ਕਾਂਗਰਸ ਪਾਰਟੀ ਛੱਡ ਕੇ ਕਿਤੇ ਨਹੀਂ ਜਾ ਰਹੀ ਅਤੇ ਭਵਿੱਖ ’ਚ ਵੀ ਕਾਂਗਰਸ ਪਾਰਟੀ ਵਿਚ ਰਹਿ ਕੇ ਹਲਕੇ ਦੀ ਤਰੱਕੀ ਲਈ ਕੰਮ ਕਰਦੇ ਰਹਿਣਗੇ।

ਮਾਲਵਿਕਾ ਸੂਦ ਨੇ ਕਿਹਾ ਕਿ ਕੁਝ ਵਿਰੋਧੀ ਤਾਕਤਾਂ ਵੱਲੋਂ ਜਾਣਬੁੱਝ ਕੇ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ। ਉਨ੍ਹਾਂ ਆਖਿਆ ਕਿ ਮੋਗਾ ਹਲਕੇ ਵਿਚ ਦਿਨੋਂ-ਦਿਨ ਉਨ੍ਹਾਂ ਨੂੰ ਮਿਲ ਰਹੀ ਲੋਕਪ੍ਰਿਯਤਾ ਅਤੇ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਵੱਡਾ ਸਮਰਥਨ ਵਿਰੋਧੀਆਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ, ਜਿਸ ਕਾਰਨ ਉਹ ਇਸ ਤਰ੍ਹਾਂ ਦੀਆਂ ਬੇਬੁਨਿਆਦ ਗੱਲਾਂ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਕਿਹਾ, “ਮੈਂ ਕਾਂਗਰਸੀ ਹਾਂ ਅਤੇ ਕਾਂਗਰਸੀ ਹੀ ਰਹਾਂਗੀ। ਮੇਰੀ ਪਹਿਚਾਣ ਕਾਂਗਰਸ ਪਾਰਟੀ ਨਾਲ ਜੁੜੀ ਹੋਈ ਹੈ ਅਤੇ ਮੈਂ ਇਸ ਨੂੰ ਕਿਸੇ ਵੀ ਹਾਲਤ ’ਚ ਨਹੀਂ ਛੱਡਾਂਗੀ।” ਉਨ੍ਹਾਂ ਇਹ ਵੀ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੀ ਸੇਵਾ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਇਹ ਸੇਵਾ ਉਹ ਕਾਂਗਰਸ ਪਾਰਟੀ ਦੇ ਝੰਡੇ ਹੇਠ ਰਹਿ ਕੇ ਹੀ ਕਰਨਗੇ। ਮਾਲਵਿਕਾ ਸੂਦ ਨੇ ਆਪਣੇ ਵਿਰੋਧੀਆਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿੰਨਾ ਸਮਾਂ ਅਤੇ ਤਾਕਤ ਉਹ ਉਨ੍ਹਾਂ ਦੇ ਖ਼ਿਲਾਫ ਅਫਵਾਹਾਂ ਫੈਲਾਉਣ ’ਤੇ ਲਗਾ ਰਹੇ ਹਨ, ਜੇ ਉਹ ਉਸੇ ਜ਼ੋਰ ਨਾਲ ਲੋਕਾਂ ਦੀ ਸੇਵਾ ਕਰਨ ਤਾਂ ਹਲਕੇ ’ਚ ਵਿਚਰ ਕੇ ਆਪਣੀ ਪਛਾਣ ਮਜ਼ਬੂਤ ਬਣਾਉਣ। ਉਨ੍ਹਾਂ ਕਿਹਾ ਕਿ ਰਾਜਨੀਤੀ ਸੇਵਾ ਦਾ ਮਾਧਿਅਮ ਹੈ ਅਤੇ ਉਹ ਹਮੇਸ਼ਾਂ ਲੋਕਾਂ ਦੀ ਭਲਾਈ ਨੂੰ ਆਪਣੀ ਪਹਿਲ ਦੇ ਤੌਰ ’ਤੇ ਦੇਖਦੇ ਹਨ। ਮਾਲਵਿਕਾ ਸੂਦ ਨੇ ਆਖਿਆ ਕਿ ਮੋਗਾ ਹਲਕਾ ਉਨ੍ਹਾਂ ਲਈ ਸਿਰਫ ਇੱਕ ਚੋਣੀ ਇਲਾਕਾ ਨਹੀਂ, ਸਗੋਂ ਉਨ੍ਹਾਂ ਦਾ ਪਰਿਵਾਰ ਹੈ। “ਮੋਗਾ ਦੇ ਲੋਕਾਂ ਨੇ ਮੈਨੂੰ ਬੇਅੰਤ ਪਿਆਰ ਦਿੱਤਾ ਹੈ ਅਤੇ ਮੈਂ ਇਸ ਪਿਆਰ ਦੀ ਕਦਰ ਕਰਦੀ ਹਾਂ। ਮੇਰਾ ਫਰਜ ਬਣਦਾ ਹੈ ਕਿ ਮੈਂ ਹਮੇਸ਼ਾਂ ਉਨ੍ਹਾਂ ਦੇ ਨਾਲ ਖੜ੍ਹੀ ਰਹਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਯਤਨ ਕਰਾਂ। ਇਸ ਮੌਕੇ ਉਨ੍ਹਾਂ ਆਪਣੇ ਸਮਰਥਕਾਂ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ’ਤੇ ਵਿਸ਼ਵਾਸ ਨਾ ਕਰਨ ਅਤੇ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਹਰ ਸਮੇਂ ਆਪਣੇ ਸਮਰਥਕਾਂ ਦੇ ਨਾਲ ਡਟ ਕੇ ਖੜ੍ਹੀ ਹੈ। ਅਖੀਰ ’ਚ ਮਾਲਵਿਕਾ ਸੂਦ ਨੇ ਕਿਹਾ ਕਿ ਸੱਚਾਈ ਹਮੇਸ਼ਾਂ ਸਾਹਮਣੇ ਆਉਂਦੀ ਹੈ ਅਤੇ ਅਫਵਾਹਾਂ ਦੀ ਉਮਰ ਲੰਮੀ ਨਹੀਂ ਹੁੰਦੀ । ਉਨ੍ਹਾਂ ਦੁਹਰਾਇਆ ਕਿ ਉਹ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕਾਂਗਰਸ ਪਾਰਟੀ ’ਚ ਸੇਵਾਵਾਂ ਨਿਭਾ ਰਹੀ ਹੈ ਅਤੇ ਅੱਗੇ ਵੀ ਜਾਰੀ ਰਹਿਣਗੀਆਂ।