ਮੋਗਾ, 13 ਸਤੰਬਰ (ਜਸ਼ਨ ) ਪੰਜਾਬ ਭਰ ਵਿਚ ਮਨੀ ਚੇਜਰ ਲਈ ਵਿਦੇਸ਼ ਤੋਂ ਆਉਣ ਵਾਲੀ ’ਕਰੰਸੀ’ ਨੂੰ ਨਿਯਮਾਂ ਨੂੰ ’ਛਿੱਕੇ’ ਟੰਗ ਕੇ ਕੰਮ ਕਰਨ ਵਾਲੇ ਕਈ ਵੱਡੇ ’ਮੱਗਰਮੱਛ’ ਹੁਣ ਡੀ ਆਈ ਆਰ ਦੇ ਨਿਸ਼ਾਨੇ ਤੇ ਆਉਣ ਲੱਗੇ ਹਨ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਥਾਨਿਕ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ’ਬਾਜ਼’ ਅੱਖ ਇੰਨ੍ਹਾਂ ਤੇ ਨਾਂ ਹੋਣ ਕਰਕੇ ਹੁਣ ਡੀ ਆਈ ਆਰ ਨੂੰ ਜ਼ਮੀਨੀ ਪੱਧਰ ਤੇ ਆ ਕੇ ਸਖ਼ਤੀ ਵਰਤਣੀ ਪੈ ਰਹੀ ਹੈ, ਤਾਜ਼ਾ ਮਾਮਲਾ ਮੋਗਾ ਜ਼ਿਲੇ ਦੇ ਇੱਕ ਵੱਡੇ ਨਾਮੀ ਮਨੀ ਚੇਜਰ ਦਾ ਹੈ ਜੋਂ ਪੰਜਾਬ ਭਰ ਤੋਂ ਵੱਖ ਵੱਖ ਮਨੀ ਚੇਜ਼ਰਾਂ ਤੋਂ ਕੈਸ਼ ਵਜੋਂ ਡਾਲਰ ਇਕੱਠੇ ਕਰਦਾ ਸੀ ਤੇ ਫ਼ਿਰ ਦਿੱਲੀ ਵਿਖੇ ਮਹਿੰਗੇ ਭਾਅ ਤੇ ਵੇਚ ਕੇ ਉੱਥੋਂ ਕਮਾਈ ਕਰਦਾ ਸੀ ਇੱਥੇ ਹੀ ਬੱਸ ਨਹੀਂ ਉਸ ਕਥਿਤ ਮਨੀ ਚੇਜ਼ਰ ਵਲੋਂ ਬਿਨ੍ਹਾਂ ਕਸਟਮ ਤੋਂ ਕਥਿਤ ਤੌਰ ਤੇ ਵੱਡੇ ਪੱਧਰ ਤੇ ਇਸ ਪੈਸੇ ਦਾ ਸੋਨੇ ਵਿਚ ’ਨਿਵੇਸ਼’ ਕਰਦਾ ਸੀ। ਦੋ ਮਹੀਨੇ ਪਹਿਲਾ ਇਸ ਵੱਡੇ ਮਨੀ ਚੇਜਰ ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੇ ਜਾ ਰਹੇ ’ਲੈਣ- ਦੇਣ’ ਸਬੰਧੀ ਜ਼ਿਲਾ ਪੱਧਰ ਦੇ ਅਧਿਕਾਰੀਆਂ ਨੂੰ ਪਤਾ ਲੱਗਾ ਸੀ ਤਾਂ ਉਦੋਂ ਇਸ ਵਲੋਂ ਕਥਿਤ ਤੌਰ ਤੇ ਮਾਮਲਾ ’ਰਫ਼ਾ- ਦਫ਼ਾ’ ਕਰਵਾ ਦਿੱਤਾ ਸੀ ਤੇ ਇੱਥੇ ਹੀ ਬੱਸ ਨਹੀਂ ਇਸ ਮਨੀ ਚੇਜ਼ਰ ਨੇ ਇਸ ਮਗਰੋਂ ਭਾਵੇਂ ਆਪਣੇ ਕੰਮ ਕਰਨ ਦੇ ’ਤੌਰ- ਤਰੀਕੇ’ ਨੂੰ ਬਦਲ ਕੇ ਪੰਜਾਬ ਵਿਚੋਂ ਕੁੱਝ ਥਾਵਾਂ ਤੇ ਫ਼ਿਰ ਕੈਸ਼ ਡਾਲਰ ਇਕੱਠੇ ਕਰਕੇ ਦਿੱਲੀ ਵਿਖੇ ਮਹਿੰਗੇ ਭਾਅ ਤੇ ਵੇਚਣ ਦੀ ਮੁਹਿੰਮ ਸ਼ੁਰੁ ਕਰ ਦਿੱਤੀ ਸੀ ਪ੍ਰੰਤੂ ਫ਼ਿਰ ਇਸ ਮਨੀ ਚੇਜਰ ਦੇ ਦਿੱਲੀ ਵਿਖੇ ਜਾ ਰਹੇ ਮੁਲਾਜਮ ਕਥਿਤ ਤੌਰ ਤੇ ਦੋ ਕਿਲੋਂ ਸੋਨੇ ਅਤੇ 50 ਲੱਖ ਤੋਂ ਵਧੇਰੇ ਕੈਸ਼ ਨਾਲ ਡੀ ਆਈ ਆਰ ਦੀ ਗ੍ਰਿਫਤ ਵਿਚ ਆ ਗਏ। ਇੰਨ੍ਹਾਂ ਕਥਿਤ ਮੁਲਾਜ਼ਮਾਂ ਨੇ ਦਿੱਲੀ ਦੀ ਫਰਮ ਨੂੰ ਫੜ੍ਹਾ ਦਿੱਤਾ ਜਿੱਥੇ ਡਾਲਰਾਂ ਦਾ ਲੈਣ ਦੇਣ ਕੀਤਾ ਜਾਂਦਾ ਸੀ ਤੇ ਇਸ ਮਗਰੋਂ 8 ਸਤੰਬਰ ਨੂੰ ਇਸ ਮਨੀ ਚੇਜਰ ਦੀਆਂ ਲੁਧਿਆਣਾ ਸਥਿਤ ਸੋਨਾ ਦੁਕਾਨਾਂ ਤੇ ਰੇਡ ਤੇ ਫ਼ਿਰ ਨਿਹਾਲ ਸਿੰਘ ਵਾਲਾ ਵਿਖੇ ਵੀ ਡੀ ਆਈ ਆਰ ਨੇ ਛਾਪੇਮਾਰੀ ਕੀਤੀ। ਭਾਵੇਂ ਡੀ ਆਈ ਆਰ ਦੀਆਂ ਟੀਮਾਂ ਨੇ ਇਸ ਛਾਪੇਮਾਰੀ ਨੂੰ ਗੁਪਤ ਰੱਖਿਆ ਹੈ ਪ੍ਰੰਤੂ ਪਤਾ ਲੱਗਾ ਹੈ ਕਿ ਦੋ ਘੰਟੇ ਤੱਕ ਇਸ ਟੀਮ ਨੇ ਵੱਡਾ ਰਿਕਾਰਡ ਖੁਗਾਲਿਆਂ ਹੈ।
ਪਤਾ ਲੱਗਾ ਹੈ ਕਿ ਜੇਕਰ ਕਿਸੇ ਮਨੀ ਚੇਜਰ ਤੋਂ ਕਿਸੇ ਵਿਅਕਤੀ ਨੇ ਡਾਲਰ ਦੇ ਕੇ ਇੰਡੀਆਂ ਦੀ ਕਰੰਸੀ ਲੈਣੀ ਹੈ ਤਾਂ ਉਹ 50000 ਤੋ ਘੱਟ ਰਾਸ਼ੀ ਕੈਸ਼ ਰਾਹੀਂ ਲੈ ਕੇ ਪੈਸੇ ਬਦਲ ਸਕਦਾ ਹੈ ਪ੍ਰੰਤੂ ਉਸਨੂੰ ਬਿੱਲ ਕੱਟ ਕੇ ਇਸ ਸਬੰਧੀ ਬਣਦਾ ਕੈਸ਼ ਰੋਜ਼ਾਨਾਂ ਬੈਕ ਵਿਚ ਜਮ੍ਹਾਂ ਕਰਵਾਉਣਾ ਪਵੇਗਾ। ਇਸ ਤੋਂ ਵੱਧ ਰਾਸੀ ਆਨ ਲਾਈਨ ਬੈਕ ਰਾਹੀਂ ਦੇਣੀ ਲਾਜ਼ਮੀ ਹੈ।
ਦੱਸਣਾ ਬਣਦਾ ਹੈ ਕਿ ਪੰਜਾਬ ਭਰ ਤੇ ਖਾਸਕਰ ਮੋਗਾ ਜ਼ਿਲੇ ਵਿਚ ਵੱਡੇ ਪੱਧਰ ਤੇ ਹਵਾਲਾ ਰਾਸ਼ੀ ਦਾ ਲੈਣ ਦੇਣ ਚੱਲ ਰਿਹਾ ਹੈ ਜਿਸ ਤਹਿਤ ਵਿਦੇਸ਼ ਵਿਚ ਡਾਲਰ ਦਿੱਤੇ ਜਾਂਦੇ ਹਨ ਤੇ ਇੱਥੇ ਕੈਸ਼ ਵਿਦੇਸਾ ਦੇ ਵਾਰਸਾ ਨੂੰ ਸੌਪੀ ਜਾਂਦੀ ਹੈ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਪ੍ਰਵਾਸੀ ਭਾਰਤੀ ਡਾਲਰ ਲੈ ਕੇ ਆਉਦੇ ਹਨ ਜੋਂ ਕੈਸ਼ ਦੇ ਕੇ ਮਨੀ ਚੇਜ਼ਰ ਤੋਂ ਭਾਰਤੀ ਕਰੰਸੀ ਲੈ ਲੈਦੇ ਹਨ ਪ੍ਰੰਤੂ ਦਿੱਲੀ ਵਿਖੇ ਦੁਨੀਆ ਭਰ ਤੋਂ ਵਪਾਰੀ ਤੇ ਹੋਰ ਲੋਕ ਆਉਦੇ ਹਨ ਜਿੰਨ੍ਹਾਂ ਨੂੰ ਡਾਲਰਾਂ ਦੀ ਲੋੜ ਹੁੰਦੀ ਹੈ ਜਿਸ ਕਰਕੇ ਪੰਜਾਬ ਨਾਲੋਂ ਦਿੱਲੀ ਵਿਖੇ ਹਰ ਦੇਸ਼ ਦੇ ਡਾਲਰਾਂ ਦਾ ਭਾਅ ਇੱਕ- ਦੋ ਰੁਪਏ ਵੱਧ ਰਹਿੰਦਾ ਹੈ।