ਮਾਨਸਾ, 11 ਜੂਨ( ਮਾਨ)
ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਅੱਜ ਮੂਸਾ ਹਵੇਲੀ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਮਾਪਿਆਂ ਅਤੇ ਉਸਦੇ ਪ੍ਰਸੰਸਕਾਂ ਵੱਲੋਂ ਮਨਾਇਆ ਗਿਆ। ਛੋਟੇ ਸ਼ੁਭਦੀਪ ਸਿੱਧੂ ਨੇ ਵੱਡੇ ਭਰਾ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਦਾ ਕੇਕ ਕੱਟਿਆ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਪਣੇ ਪੁੱਤ ਦੇ ਇਸ ਦੁਨੀਆਂ ਤੋਂ ਚਲੇ ਜਾਣ ਬਾਅਦ ਅੱਜ ਉਸ ਦਾ ਚੌਥਾ ਜਨਮ ਦਿਨ ਮਨਾ ਰਿਹਾ ਹਾਂ ਅਤੇ ਵੱਡੀ ਗਿਣਤੀ ਦੇ ਵਿੱਚ ਮੂਸੇਵਾਲਾ ਨੂੰ ਚਾਹੁਣ ਵਾਲੇ ਉਸਦੇ ਪ੍ਰਸ਼ੰਸਕ ਉਨ੍ਹਾਂ ਦਾ ਹਮੇਸ਼ਾ ਸਾਥ ਦੇ ਰਹੇ ਹਨ ਅਤੇ ਅੱਜ ਉਹਨਾਂ ਦੇ ਸਾਥ ਸਦਕਾ ਹੀ ਜਨਮ ਦਿਨ ਮਨਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਬੇਸ਼ੱਕ ਪੁੱਤ ਇਸ ਦੁਨੀਆਂ ਤੋਂ ਚਲਾ ਗਿਆ ਹੈ, ਪਰ ਉਸਦੀਆਂ ਯਾਦਾਂ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ।
ਬਲਕੌਰ ਸਿੰਘ ਨੇ ਕਿਹਾ ਕਿ ਅੱਜ ਵੀ ਉਨਾਂ ਨੂੰ ਕਈ ਲੋਕ ਡਰਾ ਧਮਕਾ ਰਹੇ ਹਨ ਅਤੇ ਉਨ੍ਹਾਂ ਦੀ ਪ੍ਰੋਪਰਟੀ ਦਾ ਵੀ ਹੱਕ ਨਹੀਂ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਸਿੱਧੂ ਮੂਸੇਵਾਲਾ ਦੇ ਖਿਲਾਫ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਨਸੀਹਤ ਦਿੰਦੇ ਹੋਏ ਕਿਹਾ ਕਿ ਅਜਿਹਾ ਨਾ ਕਰਿਆ ਕਰੋ, ਜਿਸ ਨਾਲ ਕਿਸੇ ਦੇ ਮਾਤਾ-ਪਿਤਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ।

ਉਨ੍ਹਾਂ ਕਿਹਾ ਕਿ ਕੁੱਝ ਗੈਂਗਸਟਰ ਅੱਜ ਵੀ ਉਹਨਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ ਅਤੇ ਕਹਿੰਦੇ ਨੇ ਕਿ ਉਨ੍ਹਾਂ ਦੀ ਬਾਪੂ ਬਲਕੌਰ ਨਾਲ ਗੱਲ ਕਰਵਾ ਦਿਓ, ਅਸੀਂ ਗੋਲਡੀ ਬਰਾੜ ਨੂੰ ਮਾਰ ਦੇਵਾਂਗੇ, ਪਰ ਮੈਂ ਨਹੀਂ ਚਾਹੁੰਦਾ ਕਿਸੇ ਨੂੰ ਗੋਲੀ ਦੇ ਨਾਲ ਮਾਰਿਆ ਜਾਵੇ, ਕਿਉਂਕਿ ਅੱਜ ਉਸਦਾ ਪੁੱਤ ਤਾਂ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ ਅਤੇ ਕਿਸੇ ਹੋਰ ਮਾਂ ਦਾ ਪੁੱਤ ਇਸ ਦੁਨੀਆ ਤੋਂ ਗੋਲੀ ਦੇ ਨਾਲ ਨਾ ਚਲਾ ਜਾਵੇ।

ਉਨ੍ਹਾ ਕਿਹਾ ਕਿ ਸਰਕਾਰਾਂ ਵੱਲੋਂ ਉਹਨਾਂ ਨੂੰ ਅੱਜ ਵੀ ਇਨਸਾਫ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਉਹ ਲਗਾਤਾਰ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ।