ਮੋਗਾ 30 ਅਪ੍ਰੈਲ (ਜਸ਼ਨ)
ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਸਰਕਲ ਫ਼ਤਹਿਗੜ੍ਹ ਪੰਜਤੂਰ ਤੋਂ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਦਿਲਬਾਗ ਸਿੰਘ ਹੈਪੀ ਭੁੱਲਰ ਨੇ ਸੱਤ ਰਾਜ ਸਭਾ ਮੈਂਬਰਾਂ ਦੇ ਸਮੂਹਿਕ ਤੌਰ ਉਤੇ ਪਾਰਟੀ ਛੱਡ ਜਾਣ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ‘ਸਿਧਾਂਤਹੀਣ’,‘ਤਾਨਾਸ਼ਾਹ’ਅਤੇ‘ਬੇਬੁਨਿਆਦ’ ਵਿਅਕਤੀਆਂ ਦਾ ਵਕਤੀ ਇਕੱਠ ਸੀ ਅਤੇ ਹੁਣ ਇਹਨਾਂ ਦੇ ਝਾੜੂ ਦੇ ਤੀਲਾ ਤੀਲਾ ਹੋਣ ਦਾ ਮੁੱਢ ਬੱਝ ਗਿਆ ਹੈ ਅਤੇ 2027 ਵਿਚ ਪੰਜਾਬ ਦੇ ਲੋਕ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਵਿਚ ਲਿਆਉਣ ਲਈ ਮਨ ਬਣਾਉਣ ਲੱਗੇ ਨੇ।
ਹੈਪੀ ਭੁੱਲਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅੰਦਰੋਂ ਪੂਰੀ ਤਰਾਂ ਖੋਖਲ੍ਹੀ ਹੋ ਚੁੱਕੀ ਹੈ ਅਤੇ ਕਿਸੇ ਵੇਲੇ ਵੀ ਢਹਿ ਢੇਰੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਇਹ ਪਾਰਟੀ ਨਹੀਂ ਸਗੋਂ ਕੇਜਰੀਵਾਲ ਦੀ ਤਾਨਾਸ਼ਾਹੀ ਹੇਠ ਕੁਝ ਕੁ ਵਿਅਕਤੀਆਂ ਦਾ ਇਕੱਠ ਹੈ ਜਿਥੇ ਕਿਸੇ ਹੋਰ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੈ।
ਦਿਲਬਾਗ ਸਿੰਘ ਹੈਪੀ ਭੁੱਲਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਈ ਮੰਤਰੀਆਂ ਤੇ ਵਿਧਾਇਕਾਂ ਨੂੰ ਭ੍ਰਿਸ਼ਟ ਕਰਾਰ ਦਿੰਦਿਆਂ ਕਿਹਾ ਕਿ ‘ਕੱਟੜ ਇਮਾਨਦਾਰ’ ਹੋਣ ਦਾ ਢੰਡੋਰਾ ਪਿੱਟ ਕੇ ਸੱਤਾ ਵਿਚ ਆਈ ਪਾਰਟੀ ਦੇ ਕਿਸੇ ਨਾ ਕਿਸੇ ਮੰਤਰੀ ਜਾਂ ਵਿਧਾਇਕ ਦੇ ਭ੍ਰਿਸ਼ਟਾਚਾਰ ਦਾ ਹਰ ਰੋਜ਼ ਨਵਾਂ ਕਿੱਸਾ ਸਾਹਮਣੇ ਆ ਰਿਹਾ ਹੈ।
ਉਹਨਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਆਪਣੇ ਵਲੰਟੀਅਰਾਂ ਤੇ ਆਗੂਆਂ ਦੀ ਮਿਹਨਤ ਨੂੰ ਨਜ਼ਰਅੰਦਾਜ਼ ਕਰ ਕੇ, ਅਮੀਰ ਸਨਅਤਕਾਰਾਂ ਨੂੰ ਰਾਜ ਸਭਾ ਦੀਆਂ ਟਿਕਟਾਂ ਵੇਚਣ ਦੀਆਂ ਸ਼ੰਕਾਵਾਂ ਵੀ, ਲੋਕ ਮਨਾਂ ਵਿਚ ਜਨਮ ਲੈ ਚੁੱਕੀਆਂ ਨੇ । ਇਸ ਲਈ ਹੀ ਇਹ ਅੰਦੇਸ਼ਾ ਹੈ ਕਿ ਟਿਕਟਾਂ ਖਰੀਦਣ ਵਾਲੇ ਰਾਜ ਸਭਾ ਮੈਂਬਰਾਂ ਨੂੰ ਜਦੋਂ ਕਿਤੋਂ ਵੱਧ ਫਾਇਦਾ ਹੁੰਦਾ ਨਜ਼ਰ ਆਇਆ, ਉਹ ਉਧਰ ਚੱਲੇ ਗਏ।
ਹੈਪੀ ਭੁੱਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਹਕੀਕਤ ਹੁਣ ਲੋਕਾਂ ਸਾਹਮਣੇ ਆ ਚੁੱਕੀ ਹੈ। ਇਹ ਸਰਕਾਰ ਸਿਰਫ਼ ਪ੍ਰਚਾਰ ਅਤੇ ਝੂਠੇ ਵਾਅਦਿਆਂ ‘ਤੇ ਆਧਾਰਿਤ ਹੈ ਅਤੇ ਜ਼ਮੀਨੀ ਪੱਧਰ ‘ਤੇ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹਰ ਮੁਹਾਜ਼ ਉਤੇ ਫੇਲ੍ਹ ਹੋਈ ਇਸ ਨਾਕਾਮ ਸਰਕਾਰ ਨੂੰ ਕਰਾਰਾ ਜਵਾਬ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਸੌਂਪਣਗੇ ।