ਮੋਗਾ, 26 ਜੁਲਾਈ(ਬਿੱਟੂ ਗਰੋਵਰ ): ਆਗਾਮੀ ਕਾਂਵੜ ਯਾਤਰਾ ਦੀਆਂ ਤਿਆਰੀਆਂ ਸਬੰਧੀ ਬਮ-ਬਮ ਭੋਲੇ ਡਾਕ ਕਾਂਵੜ ਸੰਘ ਦੀ ਇੱਕ ਅਹਿਮ ਮੀਟਿੰਗ ਭਾਰਤ ਮਾਤਾ ਮੰਦਰ ਦੇ ਹਾਲ ਵਿੱਚ ਕਰਵਾਈ ਗਈ। ਮੀਟਿੰਗ ਦੌਰਾਨ ਯਾਤਰਾ ਦੇ ਸੁਚੱਜੇ ਪ੍ਰਬੰਧ, ਸ਼ਰਧਾਲੂਆਂ ਦੀ ਸੁਰੱਖਿਆ, ਸਹੂਲਤਾਂ ਅਤੇ ਹੋਰ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਵਿੱਚ ਆਨੰਦ ਜੈਨ, ਵਿਨੀਤ ਗਰਗ, ਰੋਹਿਤ ਸ਼ਰਮਾ, ਮੋਹਿਤ ਸ਼ਰਮਾ, ਅਮਿਤ ਮਿੱਤਲ, ਸੋਨੂ ਆਈ.ਟੀ.ਆਈ., ਰਾਜਿੰਦਰ ਟੰਡ, ਗਗਨ, ਰਮਨ ਕੁਮਾਰ, ਗੌਰਵ ਜੈਨ, ਡਾ. ਰਾਮਗੋਪਾਲ, ਕੁਸ਼, ਸਚਿਨ, ਰੂਬੀ, ਰਿੰਕੂ, ਵਿੱਕੀ, ਸਹਿਗਲ, ਸਤਨਾਮ ਅਤੇ ਦੀਪਾ ਸਮੇਤ ਹੋਰ ਮੈਂਬਰ ਹਾਜ਼ਰ ਸਨ। ਇਸ ਮੌਕੇ ਬਮ-ਬਮ ਭੋਲੇ ਡਾਕ ਕਾਂਵੜ ਸੰਘ ਦੇ ਸੇਵਾਦਾਰ ਆਨੰਦ ਜੈਨ, ਵਿਨੀਤ ਗਰਗ, ਰੋਹਿਤ ਸ਼ਰਮਾ ਅਤੇ ਅਮਿਤ ਮਿੱਤਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 6 ਅਗਸਤ ਨੂੰ ਮੋਗਾ ਦੇ ਭਾਰਤ ਮਾਤਾ ਮੰਦਰ ਤੋਂ ਕਾਂਵੜੀਏ ਹਰਿਦੁਆਰ ਦੀ ਹਰ ਕੀ ਪੌੜੀ ਤੋਂ ਪਵਿੱਤਰ ਗੰਗਾ ਜਲ ਲਿਆਉਣ ਲਈ ਸ਼ਾਮ ਸਮੇਂ ਰਵਾਨਾ ਹੋਣਗੇ। ਉਨ੍ਹਾਂ ਕਿਹਾ ਕਿ ਕਾਂਵੜ ਯਾਤਰਾ ਨੂੰ ਲੈ ਕੇ ਸਾਰੀਆਂ ਲੋੜੀਂਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ ਹੈ। ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ ਅਤੇ ਕਿਸੇ ਵੀ ਸ਼ਰਧਾਲੂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਯਾਤਰਾ ਮਾਰਗ 'ਤੇ ਆ ਸਕਣ ਵਾਲੀਆਂ ਸੰਭਾਵਿਤ ਸਮੱਸਿਆਵਾਂ ਦਾ ਪਹਿਲਾਂ ਹੀ ਹੱਲ ਯਕੀਨੀ ਬਣਾਇਆ ਜਾਵੇਗਾ, ਤਾਂ ਜੋ ਭੋਲੇਨਾਥ ਦੇ ਸ਼ਰਧਾਲੂ ਆਪਣੀ ਯਾਤਰਾ ਸੁਰੱਖਿਅਤ, ਸੁਗਮ ਅਤੇ ਸ਼ਰਧਾ ਭਾਵਨਾ ਨਾਲ ਸੰਪੂਰਨ ਕਰ ਸਕਣ।