ਕੋਟ ਈਸੇ ਖਾਂ, 13 ਜੂਨ (ਗੁਰਦੇਵ ਖੁਰਾਣਾ,ਹਰਜੀਤ ਛਾਬੜਾ) – ਪ੍ਰੈੱਸ ਕਲੱਬ ਕੋਟ ਈਸੇ ਖਾਂ ਦੀ ਇੱਕ ਭਰਵੀਂ ਮੀਟਿੰਗ ਪ੍ਰਧਾਨ ਗੁਰਦੇਵ ਖੁਰਾਣਾ ਦੀ ਪ੍ਰਧਾਨਗੀ ਹੇਠ ਸਥਾਨਕ ਕਸਬੇ ਵਿੱਚ ਹੋਈ। ਮੀਟਿੰਗ ਦੌਰਾਨ ਪੱਤਰਕਾਰੀ ਖੇਤਰ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਮੀਡੀਆ ਦੀ ਮੌਜੂਦਾ ਸਥਿਤੀ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।
ਅਹਿਮ ਵਿਚਾਰਾਂ ਤੋਂ ਬਾਅਦ ਸਮੂਹ ਮੈਂਬਰਾਂ ਵੱਲੋਂ ਇਕਸੁਰ ਹੋ ਕੇ ਫੈਸਲਾ ਲਿਆ ਗਿਆ ਕਿ ਕੋਟ ਈਸੇ ਖਾਂ ਅਤੇ ਪ੍ਰੈੱਸ ਕਲੱਬ ਦੇ ਅਧਿਕਾਰ ਖੇਤਰ ਅੰਦਰ ਹੋਣ ਵਾਲੇ ਸਰਕਾਰੀ, ਗੈਰ-ਸਰਕਾਰੀ, ਸਮਾਜਿਕ ਅਤੇ ਰਾਜਨੀਤਿਕ ਪ੍ਰੋਗਰਾਮਾਂ ਵਿੱਚ ਜਿੱਥੇ ਵੀ ਸੱਚਾਈ ਨੂੰ ਉਜਾਗਰ ਕਰਨ ਦੀ ਲੋੜ ਹੋਵੇਗੀ, ਉਨ੍ਹਾਂ ਖ਼ਬਰਾਂ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਸਬੰਧੀ ਕਿਸੇ ਵੀ ਵਿਅਕਤੀ ਜਾਂ ਸੰਸਥਾ ਵੱਲੋਂ ਅਗਾਊਂ ਸੂਚਨਾ ਦੇਣਾ ਜ਼ਰੂਰੀ ਨਹੀਂ ਹੋਵੇਗਾ।
ਪੱਤਰਕਾਰਾਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਮਾਜ ਵਿੱਚ ਮੌਜੂਦ ਊਣਤਾਣੀਆਂ ਅਤੇ ਲੋਕ ਹਿੱਤ ਨਾਲ ਜੁੜੇ ਮੁੱਦਿਆਂ ਨੂੰ ਉਜਾਗਰ ਕਰਨਾ ਪੱਤਰਕਾਰੀ ਦਾ ਪਹਿਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਥਾਂ ਕੋਈ ਗਲਤ ਕੰਮ ਹੋ ਰਿਹਾ ਹੈ ਤਾਂ ਪੱਤਰਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਉਸ ਨੂੰ ਲੋਕਾਂ ਸਾਹਮਣੇ ਲਿਆਉਣ, ਨਾ ਕਿ ਕਿਸੇ ਵਿਅਕਤੀ ਦੀ ਉਡੀਕ ਕਰਨ ਕਿ ਉਹ ਖੁਦ ਆ ਕੇ ਜਾਣਕਾਰੀ ਦੇਵੇ।
ਮੀਟਿੰਗ ਦੌਰਾਨ ਇਹ ਵੀ ਕਿਹਾ ਗਿਆ ਕਿ ਅਗਾਊਂ ਸੂਚਨਾ ਦੇ ਕੇ ਖ਼ਬਰਾਂ ਲਗਵਾਉਣ ਵਾਲੇ ਕਈ ਵਾਰ ਆਪਣੀ ਸਹੂਲਤ ਅਨੁਸਾਰ ਤੱਥਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਨਾਲ ਅਸਲ ਸਥਿਤੀ ਲੋਕਾਂ ਤੱਕ ਨਹੀਂ ਪਹੁੰਚਦੀ। ਇਸ ਲਈ ਪ੍ਰੈੱਸ ਕਲੱਬ ਦੇ ਮੈਂਬਰ ਨਿਰਪੱਖ, ਤੱਥਾਂ ਅਧਾਰਿਤ ਅਤੇ ਲੋਕ ਹਿੱਤ ਵਾਲੀ ਪੱਤਰਕਾਰੀ ਲਈ ਵਚਨਬੱਧ ਹਨ।
ਪ੍ਰੈੱਸ ਕਲੱਬ ਦੇ ਮੈਂਬਰਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਨਾ ਬਲੈਕਮੇਲਿੰਗ, ਨਾ ਪੱਖਪਾਤੀ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਦਬਾਅ ਬਣਾਉਣ ਵਾਲੀ ਪੱਤਰਕਾਰੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰੀ ਸਮਾਚਾਰਾਂ, ਘਟਨਾਵਾਂ ਅਤੇ ਵਿਚਾਰਾਂ ਨੂੰ ਇਕੱਠਾ ਕਰਕੇ, ਉਨ੍ਹਾਂ ਦੀ ਪੜਤਾਲ ਕਰਨ ਅਤੇ ਜਨਤਾ ਤੱਕ ਸਹੀ ਜਾਣਕਾਰੀ ਪਹੁੰਚਾਉਣ ਦੀ ਇੱਕ ਮਹੱਤਵਪੂਰਨ ਕਲਾ ਅਤੇ ਪੇਸ਼ਾ ਹੈ, ਜੋ ਲੋਕਤੰਤਰ ਦੇ ਚੌਥੇ ਥੰਮ ਵਜੋਂ ਆਪਣੀ ਅਹਿਮ ਭੂਮਿਕਾ ਨਿਭਾਉਂਦੀ ਹੈ।
ਵਕਤਾਵਾਂ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੱਤਰਕਾਰੀ ਕਈ ਥਾਵਾਂ ’ਤੇ ਸਮਾਜ ਸੇਵਾ ਦੀ ਬਜਾਏ ਮੁਨਾਫ਼ੇ ਦਾ ਸਾਧਨ ਬਣਦੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਦਾ ਮੀਡੀਆ ’ਤੇ ਵਿਸ਼ਵਾਸ ਘਟ ਰਿਹਾ ਹੈ। ਉਨ੍ਹਾਂ ਕਿਹਾ ਕਿ ਪੱਖਪਾਤੀ ਅਤੇ ਮਨਘੜਤ ਖ਼ਬਰਾਂ ਸਮਾਜ ਵਿੱਚ ਵੰਡ ਅਤੇ ਨਫ਼ਰਤ ਨੂੰ ਵਧਾਉਂਦੀਆਂ ਹਨ, ਜਦਕਿ ਅਸਲ ਲੋਕ ਮੁੱਦੇ ਪਿੱਛੇ ਰਹਿ ਜਾਂਦੇ ਹਨ।
ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਪੱਤਰਕਾਰੀ ਦੇ ਮਿਆਰਾਂ ਵਿੱਚ ਆ ਰਹੇ ਨਿਘਾਰ ਨੂੰ ਰੋਕਣ ਅਤੇ ਨਿਰਪੱਖ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਲਈ ਪ੍ਰੈੱਸ ਕਲੱਬ ਵੱਲੋਂ ਜਲਦ ਹੀ ਢੁੱਕਵੇਂ ਉਪਰਾਲੇ ਕੀਤੇ ਜਾਣਗੇ।
ਇਸ ਮੌਕੇ ਪ੍ਰੈੱਸ ਕਲੱਬ ਦੇ ਚੇਅਰਮੈਨ ਨਿਰਮਲ ਸਿੰਘ ਕਾਲੜਾ, ਸਰਪ੍ਰਸਤ ਹਰਜੀਤ ਸਿੰਘ ਛਾਬੜਾ, ਜਰਨਲ ਸਕੱਤਰ ਮੰਨੂ ਗਾਂਧੀ, ਸੀਨੀਅਰ ਮੀਤ ਪ੍ਰਧਾਨ ਨਰਿੰਦਰ ਪਾਲ ਛਾਬੜਾ (ਪਾਲੀ ਛਾਬੜਾ), ਖ਼ਜ਼ਾਨਚੀ ਸੰਦੀਪ ਬਾਵਾ, ਅਜੈ ਸ਼ਰਮਾ, ਲਖਵੀਰ ਸਿੰਘ ਚਾਹਲ ਅਤੇ ਗਗਨਦੀਪ ਐਗਜ਼ੈਕਟਿਵ ਮੈਂਬਰ ਹਾਜ਼ਰ ਸਨ।




