ਮੋਗਾ ,10 ਸਤੰਬਰ (ਜਸ਼ਨ )ਮੋਗਾ ਜ਼ਿਲੇ ਤੋਂ ਜਗਬਾਣੀ ਪੰਜਾਬ ਕੇਸਰੀ ਅਦਾਰੇ ਦੇ ਜ਼ਿਲਾ ਇੰਚਾਰਜ ਪੱਤਰਕਾਰ ਗੋਪੀ ਰਾਊਕੇ ਨੇ ਦਿਲ ਦੀਆਂ ਗਹਿਰਾਈਆਂ ਤੋਂ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਕੋਟਿ-ਕੋਟਿ ਸ਼ੁਕਰਾਨਾ, ਜਿਸ ਨੇ ਉਹਨਾਂ ਨੂੰ ਇਹ ਨੇਕ ਕਾਰਜ ਕਰਨ ਦਾ ਸੁਭਾਗ ਬਖ਼ਸ਼ਿਆ ਅਤੇ ਉਹਨਾਂ ਵੱਲੋਂ ਕੀਤੀ ਇੱਕ ਛੋਟੀ ਜਿਹੀ ਕੋਸ਼ਿਸ਼ ਨੂੰ ਇੰਨਾ ਵੱਡਾ ਰੂਪ ਬਖ਼ਸ਼ਿਆ। ਵਾਹਿਗੁਰੂ ਜੀ ਦੀ ਕਿਰਪਾ ਨਾਲ (ਜਗਬਾਣੀ ਪੰਜਾਬ ਕੇਸਰੀ )ਵੱਲੋਂ ਲਗਾਏ ਇਸ ਖੂਨਦਾਨ ਕੈਂਪ ਨੂੰ ਤੁਸੀਂ ਸਾਰਿਆਂ ਨੇ ਆਪਣੇ ਪਿਆਰ, ਸਤਿਕਾਰ ਅਤੇ ਸਹਿਯੋਗ ਨਾਲ ਇੱਕ ਯਾਦਗਾਰ ਦਿਨ ਬਣਾ ਦਿੱਤਾ। "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਗੋਪੀ ਰਾਉਕੇ ਆਖਦਾ ਏ ਕਿ ਉਹ ਦਿਲ ਦੀਆਂ ਗਹਿਰਾਈਆਂ ਤੋਂ ਹਰ ਇੱਕ ਖੂਨਦਾਨੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ , ਜਿਸ ਨੇ ਆਪਣਾ ਖੂਨ ਦਾਨ ਕਰਕੇ ਕਿਸੇ ਅਣਜਾਣ ਜ਼ਿੰਦਗੀ ਨੂੰ ਬਚਾਉਣ ਵਿੱਚ ਆਪਣਾ ਅਮੁੱਲ ਯੋਗਦਾਨ ਪਾਇਆ। ਉਹਨਾਂ ਵੱਲੋਂ ਦਿੱਤਾ ਗਿਆ ਖੂਨ ਸਿਰਫ਼ ਖੂਨ ਨਹੀਂ, ਸਗੋਂ ਕਿਸੇ ਮਾਂ ਦੀ ਗੋਦ, ਕਿਸੇ ਬੱਚੇ ਦੀ ਮੁਸਕਾਨ, ਕਿਸੇ ਪਰਿਵਾਰ ਦੀ ਖੁਸ਼ੀ ਅਤੇ ਕਿਸੇ ਜ਼ਿੰਦਗੀ ਦੀ ਉਮੀਦ ਹੈ।
ਗੋਪੀ ਰਾਊਕੇ ਲਿਖਦੇ ਨੇ ਕਿ ਸਾਡੇ ਸੱਦੇ ਨੂੰ ਮਾਣ ਦਿੰਦਿਆਂ ਪਹੁੰਚੇ ਸਾਰੇ ਸਤਿਕਾਰਯੋਗ ਰਾਜਨੀਤਿਕ ਆਗੂਆਂ, ਜਨ-ਪ੍ਰਤੀਨਿਧੀਆਂ, ਸਮਾਜਿਕ ਸ਼ਖ਼ਸੀਅਤਾਂ ਅਤੇ ਹਰ ਪਾਰਟੀ ਨਾਲ ਜੁੜੇ ਸਤਿਕਾਰਯੋਗ ਆਗੂਆਂ ਦਾ ਵੀ ਦਿਲੋਂ ਧੰਨਵਾਦ। ਇਹ ਕਿਸੇ ਇੱਕ ਪਾਰਟੀ, ਇੱਕ ਵਰਗ ਜਾਂ ਇੱਕ ਵਿਅਕਤੀ ਦਾ ਪ੍ਰੋਗਰਾਮ ਨਹੀਂ ਸੀ—ਇਹ ਤਾਂ ਇਨਸਾਨੀਅਤ ਦਾ ਸਾਂਝਾ ਕਾਰਜ ਸੀ, ਅਤੇ ਤੁਸੀਂ ਸਾਰਿਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਨੇਕ ਕਾਰਜ ਵਿੱਚ ਆਪਣੀ ਹਾਜ਼ਰੀ ਅਤੇ ਸਹਿਯੋਗ ਦੇ ਕੇ ਇਸ ਦੀ ਸ਼ਾਨ ਵਧਾਈ। ਉਹਨਾਂ ਦਾ ਆਖਣਾ ਹੈ ਕਿ ਜਿਹੜੇ ਵੀ ਸਤਿਕਾਰਯੋਗ ਸੱਜਣ, ਆਗੂ, ਸਮਾਜ ਸੇਵੀ, ਸੰਸਥਾਵਾਂ, ਸੇਵਾਦਾਰ, ਮੀਡੀਆ ਸਾਥੀ, ਦੋਸਤ-ਮਿੱਤਰ ਅਤੇ ਪਰਿਵਾਰਕ ਮੈਂਬਰ ਇਸ ਕਾਰਜ ਵਿੱਚ ਕਿਸੇ ਵੀ ਰੂਪ ਵਿੱਚ ਸਾਡੇ ਨਾਲ ਖੜ੍ਹੇ ਰਹੇ—ਤੁਹਾਡੇ ਹਰ ਇੱਕ ਸਹਿਯੋਗ, ਹਰ ਇੱਕ ਫ਼ੋਨ, ਹਰ ਇੱਕ ਸੁਨੇਹੇ, ਹਰ ਇੱਕ ਹੌਸਲੇ ਅਤੇ ਹਰ ਇੱਕ ਕਦਮ ਲਈ ਅਸੀਂ ਦਿਲੋਂ ਰਿਣੀ ਹਾਂ।
ਸੱਚ ਦੱਸਾਂ ਤਾਂ ਅੱਜ ਸਾਡੇ ਕੋਲ ਤੁਹਾਡਾ ਧੰਨਵਾਦ ਕਰਨ ਲਈ ਸ਼ਬਦ ਹੀ ਨਹੀਂ ਹਨ। ਅਸੀਂ ਸਿਰਫ਼ ਇੱਕ ਸੱਦਾ ਦਿੱਤਾ ਸੀ, ਪਰ ਤੁਸੀਂ ਉਸ ਸੱਦੇ ਨੂੰ ਆਪਣਾ ਸਮਝ ਕੇ ਜਿਸ ਤਰ੍ਹਾਂ ਹੁੰਮ-ਹੁਮਾ ਕੇ ਪਹੁੰਚੇ, ਉਸ ਨੇ ਸਾਡੇ ਦਿਲ ਨੂੰ ਛੂਹ ਲਿਆ। ਤੁਹਾਡੇ ਪਿਆਰ ਅਤੇ ਸਤਿਕਾਰ ਨੇ ਇਸ ਕੈਂਪ ਨੂੰ ਸਿਰਫ਼ ਖੂਨਦਾਨ ਕੈਂਪ ਨਹੀਂ ਰਹਿਣ ਦਿੱਤਾ, ਸਗੋਂ ਇਸ ਨੂੰ ਇੱਕ ਠਾਠਾਂ ਮਾਰਦੇ ਮੇਲੇ ਦਾ ਰੂਪ ਦੇ ਦਿੱਤਾ। ਤੁਹਾਡੀ ਹਾਜ਼ਰੀ ਨੇ ਸਾਡਾ ਮਾਣ ਵਧਾਇਆ, ਤੁਹਾਡੇ ਸਹਿਯੋਗ ਨੇ ਸਾਡਾ ਹੌਸਲਾ ਵਧਾਇਆ ਅਤੇ ਤੁਹਾਡੇ ਪਿਆਰ ਨੇ ਸਾਨੂੰ ਹੋਰ ਵੀ ਵੱਡੇ ਸਮਾਜ ਸੇਵੀ ਕਾਰਜ ਕਰਨ ਦੀ ਪ੍ਰੇਰਣਾ ਦਿੱਤੀ। ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਉਹ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਹਰ ਘਰ ਵਿੱਚ ਖੁਸ਼ੀਆਂ, ਤੰਦਰੁਸਤੀ ਅਤੇ ਖੁਸ਼ਹਾਲੀ ਬਖ਼ਸ਼ਣ ਅਤੇ ਸਾਨੂੰ ਹਮੇਸ਼ਾ ਇਸੇ ਤਰ੍ਹਾਂ ਇਨਸਾਨੀਅਤ ਦੀ ਸੇਵਾ ਕਰਨ ਦਾ ਬਲ ਬਖ਼ਸ਼ਣ।ਤੁਸੀਂ ਸਾਰੇ ਸਾਡੇ ਲਈ ਸਿਰਫ਼ ਮਹਿਮਾਨ ਨਹੀਂ ਸੀ, ਤੁਸੀਂ ਇਸ ਨੇਕ ਕਾਰਜ ਦਾ ਹਿੱਸਾ ਸੀ।ਪੱਤਰਕਾਰ ਗੋਪੀ ਰਾਊਕੇ ਆਖਦਾ ਹੈ ਕਿ ਤੁਹਾਡੇ ਪਿਆਰ ਅਤੇ ਸਤਿਕਾਰ ਦਾ ਕਰਜ਼ਾ ਸ਼ਾਇਦ ਸ਼ਬਦਾਂ ਵਿੱਚ ਕਦੇ ਅਦਾ ਨਾ ਕਰ ਸਕੀਏ।





