ਮੰਗਲਵਾਰ ਨੂੰ ਬੋਹਾ ਵਿਖੇ ਹੋਵੇਗਾ ਮਿ੍ਰਤਕ ਦਾ ਅੰਤਿਮ ਸਰਕਾਰ

ਬੋਹਾ (ਮਾਨਸਾ), 15 ਜੂਨ(ਮਾਨ)
ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਸੱਤਾਧਾਰੀ ਧਿਰ ਦੇ ਨੇਤਾ ਤੋਂ ਪ੍ਰੇਸ਼ਾਨ ਹੋਕੇ ਭਾਖੜਾ ਵਿੱਚ ਛਾਲ ਮਾਰਕੇ ਖੁਦਕੁਸ਼ੀ ਕਰਨ ਵਾਲੇ ਸਿਹਤ ਸੁਪਰਵਾਈਜਰ ਭੁਪਿੰਦਰ ਕੁਮਾਰ ਭਿੰਦਾ ਦੀ ਮੌਤ ਨੂੰ ਲੈਕੇ ਰੋਸ ਵਜੋਂ ਅੱਜ ਬੋਹਾ ਕਸਬਾ ਮੁਕੰਮਲ ਤੌਰ ’ਤੇ ਬੰਦ ਰਿਹਾ।ਵੱਖ-ਵੱਖ ਰਾਜਨੀਤਿਕ ਪਾਰਟੀਆਂ, ਜਥੇਬੰਦੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਬੁਢਲਾਡਾ-ਰਤੀਆ ਮੁੱਖ ਮਾਰਗ ’ਤੇ ਧਰਨਾ ਲਗਾਕੇ ਕਸੂਰਵਾਰਾਂ ਦੀ ਗਿ੍ਰਫ਼ਤਾਰੀ ਲਈ ਜ਼ੋਰ ਪਾਇਆ।ਪੰਜਾਬ ਪੁਲੀਸ ਵੱਲੋਂ ਕਰੀਬ 6 ਜ਼ਿਲ੍ਹਿਆਂ ਦੀ ਪੁਲੀਸ ਨੂੰ ਤੈਨਾਤ ਕੀਤਾ ਗਿਆ।
ਧਰਨੇ ’ਤੇ ਪਹੁੰਚ ਰਹੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਭਵਾਨੀਗੜ੍ਹ ਲਾਗੇ ਹੀ ਰਾਹ ਵਿੱਚ ਪੁਲੀਸ ਨੇ ਮਾਨਸਾ ਆਉਂਦਿਆਂ ਰੋਕ ਲਿਆ।
ਵਿਧਾਇਕ ਸੁਖਪਾਲ ਖਹਿਰਾ ਅਤੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਇਸ ਸਬੰਧੀ ਸ਼ੋਸਲ ਮੀਡੀਆ ’ਤੇ ਬੋਲਦਿਆਂ ਕਿਹਾ ਕਿ ਭੁਪਿੰਦਰ ਕੁਮਾਰ ਦੀ ਮੌਤ ਖੁਦਕੁਸ਼ੀ ਨਹੀਂ ਇੱਕ ਕਤਲ ਹੈ।ਉਨ੍ਹਾਂ ਦੀ ਤਕਰੀਰ ਨੂੰ ਮੰਚ ਤੋਂ ਮਾਈਕ ਰਾਹੀਂ ਧਰਨਾਕਾਰੀਆਂ ਨੂੰ ਸੁਣਾਇਆ ਗਿਆ।
ਜ਼ਿਕਰਯੋਗ ਹੈ ਕਿ ਸਿਹਤ ਸੁਪਰਵਾਈਜਰ ਭੁਪਿੰਦਰ ਕੁਮਾਰ 12 ਜੂਨ ਨੂੰ ਲਾਪਤਾ ਹੋ ਗਿਆ ਸੀ ਅਤੇ 14 ਜੂਨ ਨੂੰ ਉਸਦੀ ਲਾਸ਼ ਭਾਖੜਾ ਨਹਿਰ ’ਚੋਂ ਪਿੰਡ ਮਾਖਾ ਵਾਲਾ ਨੇੜੇ ਬਰਾਮਦ ਹੋਈ ਸੀ, ਜਿਸ ਬੁਢਲਾਡਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਰੱਖਿਆ ਗਿਆ ਹੈ।
ਇਸ ਰੋਸ ਨੂੰ ਲੈਕੇ ਸਰਕਾਰ, ਬੁਢਲਾਡਾ ਦੇ ਵਿਧਾਇਕ ਦੇ ਵਿਰੁੱਧ ਸੀਪੀਆਈ, ਕਾਂਗਰਸ,ਸ੍ਰੋਮਣੀ ਅਕਾਲੀ ਦਲ, ਭਾਜਪਾ, ਕਿਸਾਨ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ,ਕਾਰੋਬਾਰੀ ਅਤੇ ਵਪਾਰੀਆਂ ਸਮੇਤ ਪਰਿਵਾਰਕ ਮੈਂਬਰ ਨੇ ਬੋਹਾ ਮੁਕੰਮਲ ਬੰਦ ਕਰਕੇ ਧਰਨਾ ਲਾਇਆ।
ਧਰਨੇ ਵਿੱਚ ਬੋਲਦਿਆਂ ਸੀਪੀਆਈ ਦੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਬਲੱਮ ਸਿੰਘ ਕਲੀਪੁਰ,ਡਾ. ਨਿਸ਼ਾਨ ਸਿੰਘ, ਸਰਵਨਜੀਤ ਸਿੰਘ ਦਲਿਓ, ਡਾ. ਰਣਵੀਰ ਕੌਰ ਮੀਆਂ,ਕੁਲਵਿੰਦਰ ਸਿੰਘ ਕੋਟਧਰਮੂ, ਬਲਵਿੰਦਰ ਪਟਵਾਰੀ,ਗੁਰਪ੍ਰੀਤ ਸਿੰਘ ਵਿੱਕੀ, ਸੱਤਪਾਲ ਸਿੰਘ ਮੂਲੇਵਾਲਾ, ਧੰਨਾ ਮੱਲ ਗੋਇਲ ਅਤੇ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਇਹ ਮਾਮਲਾ ਵੀ ਵੇਅਰਹਾਊਸ ਦੇ ਐਮ.ਡੀ ਰੰਧਾਵਾ ਦੀ ਖੁਦਕੁਸ਼ੀ ਵਾਂਗ ਹੈ। ਉਨ੍ਹਾਂ ਕਿਹਾ ਕਿ ਬੁਢਲਾਡਾ ਦੇ ਵਿਧਾਇਕ ਨੇ ਭੁਪਿੰਦਰ ਕੁਮਾਰ ਨੂੰ ਜਲੀਲ ਕੀਤਾ ਤਾਂ ਹੀ ਉਸਨੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਉਨ੍ਹਾਂ ਦੇ ਮੰਤਰੀਆਂ ਅਤੇ ਵਿਧਾਇਕਾਂ ਤੋਂ ਦੁਖੀ ਹੋਕੇ ਵਧੇਰੇ ਮੁਲਾਜ਼ਮ ਅਤੇ ਅਧਿਕਾਰੀ ਆਪਣੇ ਜਾਨ ਦੇ ਚੁੱਕੇ ਹਨ, ਪਰ ਸਰਕਾਰ ਨੇ ਕਿਸੇ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੁਲੀਸ ਲਗਾਕੇ ਬਾਹਰੋਂ ਆਉਣ ਵਾਲਿਆਂ ਨੂੰ ਰੋਕ ਲਿਆ ਤਾਂ ਕਿ ਇਸ ਮਾਮਲੇ ਨੂੰ ਨਿਬੜਿਆ ਜਾ ਸਕੇ।
ਧਰਨੇ ਦੌਰਾਨ ਪੁਲੀਸ ਦੇ ਉਚ ਅਧਿਕਾਰੀਆਂ ਵੱਲੋਂ ਮੰਚ ਤੋਂ ਸੰਬੋਧਨ ਕਰਦਿਆਂ ਮਿ੍ਰਤਕ ਦੇ ਪਿਤਾ ਤਰਸੇਮ ਚੰਦ ਦੇ ਬਿਆਨਾਂ ’ਤੇ ਸਿਹਤ ਮਹਿਕਮੇ ਦੇ ਵਾਰਡ ਅਟੈਡੈਂਟ ਜਗਤਾਰ ਸਿੰਘ ਵਾਸੀ ਆਲਮਪੁਰ ਮੰਦਰਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਵਿਧਾਇਕ ਬੁੱਧ ਰਾਮ ਅਤੇ ਮਿ੍ਰਤਕ ਦੇ ਮੋਬਾਇਲ ਫੋਨ ਦੀ ਫੌਰੈਸ਼ਿਕ ਜਾਂਚ ਕੀਤੀ ਜਾਵੇਗੀ, ਜੇਕਰ ਉਹ ਕਸੂਰਵਾਰ ਨਿਕਲੇ ਤਾਂ ਮਾਮਲਾ ਦਰਜ ਕਰਨ ਵਿੱਚ ਬਿਲਕੁਲ ਦੇਰੀ ਨਹੀਂ ਹੋਵੇਗੀ।
ਡੀਐਸਪੀ ਬੁਢਲਾਡਾ ਸਿਕੰਦਰ ਸਿੰਘ ਚੀਮਾਂ ਨੇ ਕਿਹਾ ਕਿ ਜੇਕਰ ਇਸ ਜਾਂਚ ਵਿੱਚ ਕੋਈ ਵੀ ਕਸੂਰਵਾਰ ਪਾਇਆ ਜਾਂਦਾ ਹੈ ਤਾਂ ਇਸ ਮਾਮਲੇ ਵਿੱਚ ਵਾਧਾ ਕਰਕੇ ਉਸਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਸੇ ਦੌਰਾਨ ਥਾਣਾ ਬੋਹਾ ਦੇ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਗਤਾਰ ਸਿੰਘ ਵਾਸੀ ਆਲਮਪੁਰ ਮੰਦਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਉਧਰ ਸੀਪੀਆਈ ਦੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਦੱਸਿਆ ਕਿ ਮਿ੍ਰਤਕ ਦਾ ਮੰਗਲਵਾਰ ਨੂੰ ਪੋਸਟਮਾਰਟਮ ਕਰਨ ਉਪਰੰਤ ਬੋਹਾ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ।

ਉਧਰ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਹਰ ਤਰ੍ਹਾਂ ਜਾਂਚ ਦਾ ਸਾਹਮਣਾ ਕਰਨ ਦੀ ਗੱਲ ਆਖਦਿਆਂ ਕਿਹਾ ਕਿ ਉਹ ਪਰਿਵਾਰ ਦੇ ਨਾਲ ਹਨ, ਉਨ੍ਹਾਂ ਨੇ ਕੋਈ ਵੀ ਅਜਿਹੀ ਗੱਲ ਮਿ੍ਰਤਕ ਭੁਪਿੰਦਰ ਕੁਮਾਰ ਨੂੰ ਨਹੀਂ ਕਹੀ ਸੀ।