ਮੋਗਾ,5 ਮਈ (ਜਸ਼ਨ)
"ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੀ ਮਿਹਨਤ ਅਤੇ ਲਗਨ ਦੁਨੀਆ ਭਰ ਵਿੱਚ ਮਿਸਾਲ ਬਣ ਚੁੱਕੀ ਹੈ ਕਿਉਂਕਿ ਚਾਹੇ ਉਹ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਜਾਂ ਯੂਰਪ ਦੇ ਦੇਸ਼ ਹੋਣ, ਹਰ ਥਾਂ ਪੰਜਾਬੀ ਆਪਣੀ ਸਖ਼ਤ ਮਿਹਨਤ ਨਾਲ, ਨਾ ਸਿਰਫ ਆਪਣਾ ਭਵਿੱਖ ਸੰਵਾਰ ਰਹੇ ਹਨ, ਸਗੋਂ ਆਪਣੇ ਦੇਸ਼ ਦਾ ਨਾਮ ਵੀ ਰੌਸ਼ਨ ਕਰ ਰਹੇ ਨੇ।" ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅਮਰੀਕਾ ਦੇ ਸੈਕਰਾਮੈਂਟੋ ਵਿਖੇ, ਮੋਗੇ ਦੇ ਬਿਜ਼ਨੈਸਮੈਨ ਪੈਗੀ ਹੁੰਦਲ ਦੇ ਇੰਡੀਅਨ ਸੁਪਰਮਾਰਕੀਟ ਸਟੋਰ ਦਾ ਦੌਰਾ ਕਰਦਿਆਂ ਕਹੀ । ਇਸ ਮੌਕੇ ਉਹਨਾਂ ਨਾਲ ਸਾਬਕਾ ਵਿਧਾਇਕ ਸ. ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਸਪੁੱਤਰ ਰਾਜੂ ਸਮਰਾ, ਸਾਬਕਾ ਚੇਅਰਮੈਨ ਜਗਰਾਜ ਸਿੰਘ ਦੌਧਰ ਦੇ ਫ਼ਰਜ਼ੰਦ ਗੁਰਪ੍ਰੀਤ ਸਿੰਘ ਦੌਧਰ, ਬੱਬੀ ਵੜੈਚ ,ਪਾਲ ਸਿੰਘ ਐੱਲ ਏ, ਅਵਤਾਰ ਸਿੰਘ ,ਅਮਨ ਮਾਨ , ਪ੍ਰਭਜੋਤ ਬੁੱਟਰ , ਗੋਰਾ ਹਠੂਰ ਅਤੇ ਪਤਵੰਤੇ ਹਾਜ਼ਰ ਸਨ।
ਪੈਗੀ ਹੁੰਦਲ ਵਲੋਂ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਨਿਗ੍ਹਾ ਸਵਾਗਤ ਕੀਤਾ ਗਿਆ । ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵਿਚਾਰ ਵਟਾਂਦਰੇ ਦੌਰਾਨ ਆਖਿਆ ਕਿ ਪੰਜਾਬੀਆਂ ਦੀ ਸਫਲਤਾ ਦੇ ਪਿੱਛੇ ਉਨ੍ਹਾਂ ਦਾ ਵੱਖਰਾ ਸੋਚਣ ਦਾ ਢੰਗ ਹੈ। ਉਹ ਮੁਸ਼ਕਲਾਂ ਤੋਂ ਡਰਦੇ ਨਹੀਂ, ਬਲਕਿ ਉਨ੍ਹਾਂ ਦਾ ਡਟ ਕੇ ਸਾਹਮਣਾ ਕਰਦੇ ਹਨ। ਵਿਦੇਸ਼ਾਂ ਵਿੱਚ ਸ਼ੁਰੂਆਤੀ ਦਿਨ ਬਹੁਤ ਹੀ ਚੁਣੌਤੀਪੂਰਨ ਹੁੰਦੇ ਹਨ—ਲੰਬੇ ਕੰਮ ਦੇ ਘੰਟੇ, ਨਵੀਂ ਸੰਸਕ੍ਰਿਤੀ ਨਾਲ ਢਲਣਾ ਅਤੇ ਘਰ-ਪਰਿਵਾਰ ਤੋਂ ਦੂਰ ਰਹਿਣਾ। ਪਰ ਪੰਜਾਬੀ ਇਨ੍ਹਾਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਆਪਣੀ ਮੰਜ਼ਿਲ
ਹਾਸਲ ਕਰਦੇ ਹਨ।
ਉਹਨਾਂ ਪੰਜਾਬੀਆਂ ਦੀ ਤਰੱਕੀ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਵੀ ਦੇਖਣਯੋਗ ਹੈ ਕਿ ਪੰਜਾਬੀ ਸਿਰਫ ਮਜ਼ਦੂਰੀ ਤੱਕ ਹੀ ਸੀਮਿਤ ਨਹੀਂ ਰਹੇ , ਬਲਕਿ ਵਪਾਰ, ਟੈਕਨੋਲੋਜੀ, ਖੇਤੀਬਾੜੀ ਅਤੇ ਹੋਰ ਕਈ ਖੇਤਰਾਂ ਵਿੱਚ ਵੀ ਉੱਚੀਆਂ ਉਡਾਣਾਂ ਭਰ ਰਹੇ ਹਨ। ਉਹ ਆਪਣੇ ਕੰਮ ਨਾਲ ਨਾਲ ਦੂਜਿਆਂ ਦੀ ਮਦਦ ਕਰਨ ਵਿੱਚ ਵੀ ਵਿਸ਼ਵਾਸ ਰੱਖਦੇ ਹਨ, ਜੋ ਉਨ੍ਹਾਂ ਨੂੰ ਹੋਰ ਵੀ ਖਾਸ ਬਣਾਉਂਦਾ ਹੈ।
ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਭਾਰਤ ਵਿਚ ਪੰਜਾਬੀ ਨੌਜਵਾਨਾਂ ਲਈ ਸੁਨੇਹੇ ਵਿਚ ਕਿਹਾ ਕਿ
ਨੌਜਵਾਨਾਂ ਲਈ ਇਹ ਇੱਕ ਵੱਡੀ ਪ੍ਰੇਰਣਾ ਹੈ ਕਿ ਕਾਮਯਾਬੀ ਲਈ ਸਿਰਫ ਸੁਪਨੇ ਹੀ ਨਹੀਂ, ਸਗੋਂ ਉਨ੍ਹਾਂ ਨੂੰ ਪੂਰਾ ਕਰਨ ਲਈ ਦਿਨ-ਰਾਤ ਮਿਹਨਤ ਕਰਨ ਦੀ ਲੋੜ ਹੁੰਦੀ ਹੈ। ਪੰਜਾਬੀਆਂ ਦੀ ਜ਼ਿੰਦਗੀ ਇਹ ਸਿਖਾਉਂਦੀ ਹੈ ਕਿ ਜੇ ਮਨ ਵਿੱਚ ਹੌਸਲਾ ਹੋਵੇ ਅਤੇ ਮਿਹਨਤ ਕਰਨ ਦੀ ਲਗਨ ਹੋਵੇ, ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ।ਇਸ ਲਈ, ਹਰ ਨੌਜਵਾਨ ਨੂੰ ਚਾਹੀਦਾ ਹੈ ਕਿ ਉਹ ਆਪਣੀ ਸੋਚ ਨੂੰ ਸਕਾਰਾਤਮਕ ਬਣਾਏ, ਮਿਹਨਤ ਨੂੰ ਆਪਣਾ ਹਥਿਆਰ ਬਣਾਏ ਅਤੇ ਕਾਮਯਾਬੀ ਦੇ ਰਾਹ ’ਤੇ ਅੱਗੇ ਵਧੇ। ਪੰਜਾਬੀ ਪਰਵਾਸੀਆਂ ਦੀ ਕਹਾਣੀ ਸਾਡੇ ਸਭ ਲਈ ਇੱਕ ਜੀਵੰਤ ਉਦਾਹਰਣ ਹੈ ਕਿ ਹਿੰਮਤ, ਮਿਹਨਤ ਅਤੇ ਵਿਸ਼ਵਾਸ ਨਾਲ ਹਰ ਸੁਪਨਾ ਸੱਚ ਹੋ ਸਕਦਾ ਹੈ।
ਉਹਨਾਂ ਪੈਗੀ ਹੁੰਦਲ ਅਤੇ ਸਮੁੱਚੇ ਸੈਕਰਾਮੈਂਟੋ ਵਾਸੀਆਂ ਵਲੋਂ ਦਿੱਤੇ ਪਿਆਰ ਲਈ, ਸ਼ੁਕਰੀਆ ਅਦਾ ਕੀਤਾ।