ਚੀਮਾ ਮੰਡੀ ,ਸੰਗਰੂਰ 14 ਜੂਨ ( ਮੇਜਰ ਸਿੰਘ ਜਖੇਪਲ)ਰੋਜ਼ਾਨਾ ਅਜੀਤ ਦੇ ਪ੍ਰਸਿੱਧ ਅਤੇ ਸੀਨੀਅਰ ਪੱਤਰਕਾਰ ਦਲਜੀਤ ਸਿੰਘ ਮੱਕੜ ਦਾ ਨਾਂ ਇਲਾਕੇ ਦੀ ਪੱਤਰਕਾਰੀ ਵਿੱਚ ਬੜੇ ਸਤਿਕਾਰ ਤੇ ਅਦਬ ਨਾਲ ਲਿਆ ਜਾਂਦਾ ਸੀ।ਉਹ ਕੱਪੜੇ ਦੇ ਪ੍ਰਸਿੱਧ ਕਾਰੋਬਾਰੀ ਵੀ ਸਨ।ਮਾਰਚ 1971 ਵਿੱਚ ਪਿਤਾ ਉੱਧਮ ਸਿੰਘ ਤੇ ਮਾਤਾ ਅਮਰਜੀਤ ਕੌਰ ਦੇ ਘਰ ਜਨਮੇ ਦਲਜੀਤ ਸਿੰਘ ਮੱਕੜ ਨੇ ਆਪਣੀ ਪੱਤਰਕਾਰੀ ਦਾ ਸਫਰ 1996 ਵਿੱਚ ਚੜ੍ਹਦੀ ਕਲਾ ਅਖਬਾਰ ਰਾਹੀਂ ਸੁਨਾਮ ਦੇ ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਚੌਹਾਨ ਦੇ ਯਤਨਾਂ ਸਦਕਾ ਸ਼ੁਰੂ ਕੀਤਾ।ਉਹਨਾਂ ਕੁਝ ਸਮਾਂ ਦੇਸ਼ ਸੇਵਕ ਅਖਬਾਰ ਵਿੱਚ ਵੀ ਕੰਮ ਕੀਤਾ ਅਤੇ ਹੁਣ ਸੰਨ 2004 ਤੋਂ ਜ਼ਿਲ੍ਹਾ ਸੰਗਰੂਰ ਦੇ ਦਫ਼ਤਰ ਇੰਚਾਰਜ਼ ਸੁਖਵਿੰਦਰ ਸਿੰਘ ਫੁੱਲ ਦੀ ਅਗਵਾਈ ਹੇਠ ਰੋਜ਼ਾਨਾ 'ਅਜੀਤ' ਵਿੱਚ ਪੱਤਰਕਾਰੀ ਵਜੋਂ ਸੇਵਾ ਨਿਭਾ ਰਹੇ ਸਨ। ਮੇਰੇ ਸਮੇਤ, ਗੁਰਵਿੰਦਰ ਸਿੰਘ ਚਹਿਲ, ਗੁਰਜੀਤ ਚਹਿਲ, ਸੁਖਪਾਲ ਬੀਰ, ਮੱਖਣ ਬੀਰ ਤੇ ਸੁਖਪਾਲ ਬਾਂਸਲ ਵਰਗੇ ਬੇਰੁਜ਼ਗਾਰ ਪੱਤਰਕਾਰਾਂ ਦੀ ਉਹ ਹਰ ਸੰਭਵ ਮੱਦਦ ਕਰਦਾ ਰਿਹਾ।ਦਲਜੀਤ ਆਪਣੀ ਦਿਆਨਤਦਾਰੀ ਸਦਕਾ ਬਹੁਤ ਸਾਰੇ ਨੌਜਵਾਨਾਂ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਜੋੜ ਕੇ ਉਹਨਾਂ ਲਈ ਰਾਹ ਦਸੇਰਾ ਬਣਿਆ ਜੋ ਕਿ ਅੱਜ ਵੀ ਉਹਨਾਂ ਦੇ ਸ਼ੁਕਰਗੁਜ਼ਾਰ ਹਨ।ਉਨ੍ਹਾਂ ਪੱਤਰਕਾਰੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ।ਉਨ੍ਹਾਂ ਨੇ ਹਮੇਸ਼ਾ ਸੱਚਾਈ ਅਤੇ ਨਿਰਪੱਖਤਾ ਨੂੰ ਆਪਣਾ ਧਰਮ ਮੰਨਿਆ।ਚੀਮਾ ਮੰਡੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਉਨ੍ਹਾਂ ਦੀ ਇੱਕ ਇਮਾਨਦਾਰ ਅਤੇ ਮਿਹਨਤੀ ਪੱਤਰਕਾਰ ਵਜੋਂ ਵਿਸ਼ੇਸ਼ ਪਛਾਣ ਸੀ।ਉਨ੍ਹਾਂ ਦੇ ਸੁਭਾਅ ਦੀ ਸਾਦਗੀ,ਮਿਲਣਸਾਰਤਾ ਅਤੇ ਹਰ ਵਰਗ ਨਾਲ ਬਣਾਈ ਨੇੜਤਾ ਨੇ ਉਨ੍ਹਾਂ ਨੂੰ ਲੋਕਾਂ ਦੇ ਦਿਲਾਂ ਵਿੱਚ ਖਾਸ ਥਾਂ ਦਿਵਾਈ।ਉਹ ਹਰ ਸਮੇਂ ਸਮਾਜ ਦੀ ਭਲਾਈ ਅਤੇ ਲੋਕ ਹਿੱਤਾਂ ਲਈ ਆਵਾਜ਼ ਉਠਾਉਂਦੇ ਰਹੇ।ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਪੱਤਰਕਾਰੀ ਜਗਤ,ਸਮਾਜਿਕ ਸੰਸਥਾਵਾਂ ਅਤੇ ਸਮੂਹ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ। ਭਾਵੇਂ ਉਹ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੀਆਂ ਸੇਵਾਵਾਂ,ਉਨ੍ਹਾਂ ਦੀ ਪੱਤਰਕਾਰੀ ਦਾ ਢੰਗ ਅਤੇ ਲੋਕ ਭਲਾਈ ਲਈ ਪਾਇਆ ਯੋਗਦਾਨ ਹਮੇਸ਼ਾ ਯਾਦ ਰਹੇਗਾ।ਉਨ੍ਹਾਂ ਦੀ ਯਾਦ ਸਦਾ ਲੋਕਾਂ ਦੇ ਦਿਲਾਂ ਵਿੱਚ ਜਿਊਂਦੀ ਰਹੇਗੀ ਅਤੇ ਪੱਤਰਕਾਰੀ ਖੇਤਰ 'ਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਸਨਮਾਨ ਨਾਲ ਯਾਦ ਕੀਤਾ ਜਾਂਦਾ ਰਹੇਗਾ।ਉਹ ਇਕ ਲਾ-ਇਲਾਜ਼ ਬਿਮਾਰੀ ਕਾਰਨ ਸਾਡੇ ਤੋਂ ਹਮੇਸ਼ਾ ਲਈ ਦੂਰ ਚਲੇ ਗਏ ਤੇ ਉਸ ਸਖਸ਼ੀਅਤ ਨੂੰ ਅੱਜ ਹਰ ਕੋਈ ਯਾਦ ਕਰ ਰਿਹਾ ਹੈ।ਉਹ ਆਪਣੇ ਪਿੱਛੇ ਆਪਣੀ ਪਤਨੀ,ਦੋ ਧੀਆਂ ਤੇ ਇੱਕ ਪੁੱਤਰ ਛੱਡ ਗਏ ਹਨ।ਉਹਨਾਂ ਆਪਣੀ ਔਲਾਦ ਨੂੰ ਬਹੁਤ ਵਧੀਆ ਸੰਸਕਾਰ ਤੇ ਪੜ੍ਹਨ ਦੇ ਵੱਡੇ ਮੌਕੇ ਦਿੱਤੇ ਜਿਸ ਸਦਕਾ ਵੱਡੀ ਧੀ ਕੁਲਮੀਤ ਮੱਕੜ ਸਰਕਾਰੀ ਡਾਕਟਰ ਹੈ ਤੇ ਅੱਜ-ਕੱਲ੍ਹ ਐਮਡੀ ਦੀ ਪੜ੍ਹਾਈ ਕਰ ਰਹੀ ਹੈ।ਦੂਜੀ ਧੀ ਸ਼ੁਭਰੀਤ ਕੌਰ ਕੈਨੇਡਾ ਸਿਟੀਜ਼ਨ ਹੈ।ਪੁੱਤਰ ਜਸ਼ਨਪ੍ਰੀਤ ਸਿੰਘ (ਅਗਮ ਮੱਕੜ) ਲਾਅ ਦੀ ਪੜ੍ਹਾਈ ਦੇ ਨਾਲ਼ ਨਾਲ਼ ਪਿਤਾ ਦੇ ਕਾਰੋਬਾਰ ਵਿੱਚ ਹੱਥ ਵਟਾ ਰਿਹਾ ਹੈ।
ਉਹਨਾਂ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 14 ਜੂਨ (ਦਿਨ ਐਤਵਾਰ) ਨੂੰ ਗੁਰਦੁਆਰਾ ਨਾਨਕਸਰ ਸਾਹਿਬ (ਨਵਾਂ ਦਰਬਾਰ ਸਾਹਿਬ) ਚੀਮਾ ਮੰਡੀ ਜ਼ਿਲ੍ਹਾ ਸੰਗਰੂਰ ਵਿਖੇ ਹੋਵੇਗੀ।
ਖ਼ਬਰਾਂ
ਸਦਾ ਚੇਤਿਆਂ 'ਚ ਵਸਿਆ ਰਹੇਗਾ ਪੱਤਰਕਾਰ ਦਲਜੀਤ ਸਿੰਘ ਮੱਕੜ
* ਅੱਜ ਭੋਗ 'ਤੇ ਵਿਸ਼ੇਸ਼
13 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



