ਪਤੀ ਪਤਨੀ ਦੇ ਵਿਵਾਦ ਨੇ ਹਿੰਸਕ ਰੂਪ ਧਾਰਿਆ
ਧਰਮਕੋਟ, 21 ਜੂਨ (ਹਰਦੀਪ ਸਿੰਘ)
ਇੱਥੋਂ ਨਜ਼ਦੀਕੀ ਪਿੰਡ ਕਮਾਲ ਕੇ ਵਿਖੇ ਪਤੀ ਪਤਨੀ ਦੇ ਆਪਸੀ ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ। ਪਤਨੀ ਦੇ ਭਰਾ ਨੇ ਆਪਣੇ ਸਾਥੀਆਂ ਨਾਲ ਮਿਲਕੇ ਭੈਣ ਦੇ ਸਹੁਰੇ ਪਰਿਵਾਰ ਦੇ ਚਾਰ ਲੋਕਾਂ ਨੂੰ ਗੋਲੀਆਂ ਮਾਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਪਤੀ ਸੋਨਾ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਫਰੀਦਕੋਟ ਮੈਡੀਕਲ ਕਾਲਜ ਵਿੱਚ ਰੈਫਰ ਕੀਤਾ ਗਿਆ ਹੈ। ਧਰਮਕੋਟ ਪੁਲੀਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਕਮਾਲ ਕੇ ਪਿੰਡ ਦੇ ਸੋਨਾ ਸਿੰਘ ਦਾ ਆਪਣੀ ਪਤਨੀ ਨਾਲ ਘਰੇਲੂ ਵਿਵਾਦ ਚੱਲ ਰਿਹਾ ਸੀ। ਅੱਜ ਫਿਰ ਬੋਲਬਾਲਾ ਹੋਣ ਤੋਂ ਬਾਅਦ ਉਸਦੀ ਪਤਨੀ ਨੇ ਆਪਣੇ ਪੇਕੇ ਪਰਿਵਾਰ ਨੂੰ ਫੋਨ ਕਰ ਦਿੱਤਾ। ਜਿਸਦੇ ਚਲਦਿਆਂ ਪਤਨੀ ਦਾ ਭਰਾ ਸੰਜੀਵ ਉਰਫ ਰਾਜਾ ਅੱਧੀ ਦਰਜਨ ਆਪਣੇ ਸਾਥੀਆਂ ਨੂੰ ਨਾਲ ਲੈਕੇ ਭੈਣ ਦੇ ਪਿੰਡ ਆਣ ਪੁੱਜਾ।ਸੰਜੀਵ ਉਰਫ ਰਾਜਾ ਨੇ ਆਉਣ ਸਾਰ ਪਿਸਤੌਲ ਦੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ।ਇਸ ਗੋਲੀਬਾਰੀ ਵਿਚ ਪਤੀ ਸੋਨਾ ਸਿੰਘ ਅਤੇ ਦਰਸ਼ਨ ਸਿੰਘ ਨੂੰ ਗੋਲੀਆਂ ਲੱਗੀਆਂ ਹਨ।ਇਸ ਤੋਂ ਇਲਾਵਾ ਦੋ ਔਰਤਾਂ ਪਰਮਜੀਤ ਕੌਰ ਅਤੇ ਨਿਰਮਲ ਕੌਰ ਦੇ ਵੀ ਸੱਟਾ ਲੱਗੀਆਂ ਹਨ। ਸਾਰੇ ਜ਼ਖਮੀਆਂ ਨੂੰ ਸਰਕਾਰੀ ਐਂਬੂਲੈਂਸ ਰਾਹੀਂ ਮੋਗਾ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ।ਸੋਨਾ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦੇ ਉਸਨੂੰ ਫਰੀਦਕੋਟ ਰੈਫਰ ਕੀਤਾ ਗਿਆ ਹੈ। ਥਾਣਾ ਮੁਖੀ ਲਛਮਣ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲੀਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੀੜਤਾਂ ਦੇ ਬਿਆਨਾਂ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ।




