ਚੰਡੀਗੜ੍ਹ 17 ਸਤੰਬਰ: ਦੇਸ਼ ਭਰ ਵਿੱਚ ਮਨਜ਼ੂਰਸ਼ੁਦਾ ਸਰਕਾਰੀ ਖਾਲੀ ਅਸਾਮੀਆਂ ਨੂੰ ਭਰਨ ਦੀ ਮੰਗ ਨੂੰ ਲੈ ਕੇ ਭਾਰਤੀ ਯੂਥ ਕਾਂਗਰਸ ਵੱਲੋਂ ਸ਼ੁਰੂ ਕੀਤੀ ਗਈ ਦੇਸ਼ ਵਿਆਪੀ ਮੁਹਿੰਮ "ਮੇਰੀ ਡਿਗਰੀ ਦਾ ਕੀ?" ਤਹਿਤ ਅੱਜ ਪੰਜਾਬ ਕਾਂਗਰਸ ਭਵਨ, ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕੀਤੀ ਗਈ।
ਪ੍ਰੈੱਸ ਕਾਨਫਰੰਸ ਨੂੰ ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀ ਕਰਨਵੀਰ ਸਿੰਘ ਢਿੱਲੋਂ ਅਤੇ ਸਕੱਤਰ ਸ੍ਰੀ ਰਾਹੁਲ ਕਾਲੀਆ ਨੇ ਸੰਬੋਧਨ ਕੀਤਾ ਤੇ ਮੀਡੀਆ ਨੂੰ ਦੱਸਿਆ ਕਿ ਜਿਵੇਂ ਇਸ ਮੁਹਿੰਮ ਦੀ ਰਸਮੀ ਸ਼ੁਰੂਆਤ ਯੂਥ ਕਾਂਗਰਸ ਦੀ ਰਾਸ਼ਟਰੀ ਪ੍ਰੈੱਸ ਕਾਨਫਰੰਸ ਦੌਰਾਨ ਕੀਤੀ ਗਈ ਹੈ ਇਸੇ ਤਰਾਂ
ਪੰਜਾਬ ਵਿੱਚ ਵੀ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਪ੍ਰੈੱਸ ਕਾਨਫ਼ਰੰਸ ਵਿੱਚ ਵੈੱਬਸਾਈਟ ਲਾਂਚ ਅਤੇ ਭਵਿੱਖ ਦੀ ਰੂਪ-ਰੇਖਾ ਸਾਂਝੀ ਕਰਕੇ ਕੀਤੀ ਗਈ।
ਕਰਨਵੀਰ ਨੇ ਦੱਸਿਆ ਕਿ "ਸਾਡੇ ਦੇਸ਼ ਦੇ ਨੌਜਵਾਨ ਬੇਰੁਜ਼ਗਾਰੀ ਕਾਰਨ ਪ੍ਰੇਸ਼ਾਨ ਹਨ ਅਤੇ ਘੱਟ ਨੌਕਰੀਆਂ ਦੇ ਮੌਕਿਆਂ ਨੇ ਉਨ੍ਹਾਂ ਨੂੰ ਨਿਰਾਸ਼ ਕਰ ਦਿੱਤਾ ਹੈ। ਨਿੱਜੀ ਖੇਤਰ ਵਿੱਚ ਨੌਕਰੀਆਂ ਲਗਾਤਾਰ ਘੱਟ ਰਹੀਆਂ ਹਨ, ਪਰ ਦੇਸ਼ ਭਰ ਦੇ ਸਰਕਾਰੀ ਖੇਤਰਾਂ ਵਿੱਚ 50,05,850 ਤੋਂ ਵੱਧ ਮਨਜ਼ੂਰਸ਼ੁਦਾ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਸਰਕਾਰ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਇਨਕਾਰ ਕਰ ਰਹੀ ਹੈ। ਇਨ੍ਹਾਂ 50 ਲੱਖ ਖਾਲੀ ਮਨਜ਼ੂਰਸ਼ੁਦਾ ਅਸਾਮੀਆਂ ਨੂੰ ਭਰਨ ਨਾਲ ਨਾ ਸਿਰਫ਼ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਸਗੋਂ ਸਕੂਲਾਂ ਅਤੇ ਹਸਪਤਾਲਾਂ ਵਰਗੀਆਂ ਜਨਤਕ ਸੇਵਾਵਾਂ ਵਿੱਚ ਵੀ ਬੁਨਿਆਦੀ ਸੁਧਾਰ ਹੋਵੇਗਾ।"
ਪ੍ਰਧਾਨ ਮੰਤਰੀ ਦੇ ਜਨਮਦਿਨ ਮੌਕੇ ਇਹ ਮੁਹਿੰਮ ਸ਼ੁਰੂ ਕਰਦਿਆਂ ਯੂਥ ਕਾਂਗਰਸ ਨੇ ਇਸ ਵੱਡੇ ਫ਼ਰਕ ਨੂੰ ਉਜਾਗਰ ਕੀਤਾ, ਜਿੱਥੇ ਇੱਕ ਪਾਸੇ ਪ੍ਰਧਾਨ ਮੰਤਰੀ ਆਪਣੀਆਂ ਡਿਗਰੀਆਂ ਲੁਕਾਉਂਦੇ ਫਿਰਦੇ ਹਨ, ਉੱਥੇ ਹੀ ਦੇਸ਼ ਦੇ ਨੌਜਵਾਨ ਕਈ-ਕਈ ਡਿਗਰੀਆਂ ਹੋਣ ਦੇ ਬਾਵਜੂਦ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਇੱਕ ਆਮ ਪਰਿਵਾਰ ਆਪਣੀਆਂ ਰੋਜ਼ਾਨਾ ਦੀਆਂ ਲੌੜਾਂ ਵਿੱਚ ਕਟੌਤੀ ਕਰਕੇ ਅਤੇ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਦੀਆਂ ਫੀਸਾਂ ਭਰਦਾ ਹੈ, ਇਸ ਉਮੀਦ ਨਾਲ ਕਿ ਇਹ ਡਿਗਰੀਆਂ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨਗੀਆਂ ਅਤੇ ਬੁਢਾਪੇ ਦਾ ਸਹਾਰਾ ਬਣਨਗੀਆਂ। ਪਰ ਜਿਹੜੀਆਂ ਡਿਗਰੀਆਂ ਕਦੇ ਮਾਣ ਦਾ ਪ੍ਰਤੀਕ ਹੁੰਦੀਆਂ ਸਨ, ਉਹ ਅੱਜ ਭਾਜਪਾ ਸਰਕਾਰ ਦੀ ਨਾਕਾਮੀ ਦਾ ਪ੍ਰਤੀਕ ਬਣ ਚੁੱਕੀਆਂ ਹਨ। ਚਾਹੇ ਲਾਇਬ੍ਰੇਰੀ ਵਿੱਚ ਰਾਤ ਭਰ ਮਿਹਨਤ ਨਾਲ ਪੜ੍ਹਨ ਵਾਲਾ ਵਿਦਿਆਰਥੀ ਹੋਵੇ ਜਾਂ ਆਪਣੇ ਪਰਿਵਾਰ ਦਾ ਸਹਾਰਾ ਬਣਨ ਦਾ ਸੁਪਨਾ ਵੇਖਣ ਵਾਲਾ ਕੋਈ ਨੌਜਵਾਨ, ਸਭ ਆਪਣੇ ਆਪ ਨੂੰ ਸਰਕਾਰ ਦੇ ਲਾਰਿਆਂ ਵਿੱਚ ਆਇਆ ਮਹਿਸੂਸ ਕਰ ਰਹੇ ਹਨ।
ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰਨ ਵਾਲੇ ਪ੍ਰਧਾਨ ਮੰਤਰੀ ਅੱਜ 50 ਲੱਖ ਖਾਲੀ ਅਸਾਮੀਆਂ ਭਰਨ ਦੇ ਵੀ ਅਸਮਰੱਥ ਹਨ। ਸਵਾਲ ਖੜ੍ਹਾ ਹੁੰਦਾ ਹੈ ਕਿ: ਜਦੋਂ ਕਰੋੜਾਂ ਨੌਜਵਾਨ ਯੋਗ ਹਨ, ਤਾਂ ਇਹ ਅਸਾਮੀਆਂ ਖਾਲੀ ਕਿਉਂ ਪਈਆਂ ਹਨ?
ਇੱਕ ਨੌਜਵਾਨ ਸਿਰਫ਼ ਨੌਕਰੀ ਨਹੀਂ ਮੰਗ ਰਿਹਾ; ਉਹ ਆਪਣੇ ਮਾਤਾ-ਪਿਤਾ ਦਾ ਸਹਾਰਾ ਬਣਨ ਦਾ ਇੱਕ ਮੌਕਾ ਮੰਗ ਰਿਹਾ ਹੈ। ਉਹ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਬਦਲਣ ਦਾ ਇੱਕ ਮੌਕਾ ਮੰਗ ਰਿਹਾ ਹੈ। ਉਹ ਸਾਲਾਂ ਦੀ ਸਖ਼ਤ ਮਿਹਨਤ ਦਾ ਫਲ ਮੰਗ ਰਿਹਾ ਹੈ।
ਇਹ ਸਿਰਫ਼ ਬੇਰੁਜ਼ਗਾਰੀ ਦਾ ਸਵਾਲ ਨਹੀਂ ਹੈ।
ਇਹ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਦਾ ਸਵਾਲ ਹੈ।
ਅਸੀਂ ਸਰਕਾਰ ਨਾਲ ਟਕਰਾਅ ਨਹੀਂ ਚਾਹੁੰਦੇ।
ਅਸੀਂ ਸਰਕਾਰ ਤੋਂ ਜਵਾਬਦੇਹੀ ਅਤੇ ਪਾਰਦਰਸ਼ਤਾ ਦੀ ਮੰਗ ਕਰਦੇ ਹਾਂ।
ਸਾਡੀਆਂ ਮੰਗਾਂ ਬਿਲਕੁਲ ਸਪੱਸ਼ਟ ਹਨ:
ਹਰੇਕ ਖਾਲੀ ਅਸਾਮੀ ਲਈ ਇੱਕ ਸਮਾਂਬੱਧ ਭਰਤੀ ਕੈਲੰਡਰ ਜਾਰੀ ਕੀਤਾ ਜਾਵੇ।
ਭਰਤੀ ਪ੍ਰੀਖਿਆਵਾਂ ਤੋਂ ਲੈ ਕੇ ਅੰਤਿਮ ਨਿਯੁਕਤੀਆਂ ਤੱਕ ਦੀ ਸਮੁੱਚੀ ਪ੍ਰਕਿਰਿਆ ਲਈ ਸਪੱਸ਼ਟ ਸਮਾਂ-ਸੀਮਾਵਾਂ ਨਿਰਧਾਰਤ ਕੀਤੀਆਂ ਜਾਣ।




