ਫਰੀਦਕੋਟ, 11 ਜੂਨ( ਤਰਸੇਮ ਚਾਨਣਾ ) ਅੱਜ ਦੁਪਹਿਰ ਫਰੀਦਕੋਟ ਦੇ ਬਾਹਰੀ ਹਿੱਸੇ ਵਿੱਚ ਫ਼ਰੀਦਕੋਟ- ਫਿਰੋਜ਼ਪੁਰ ਰੋਡ ਤੇ ਤੇਜ਼ ਰਫ਼ਤਾਰ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਬਾਪ ਅਤੇ ਦੋ ਬੇਟੀਆਂ ਦੀ ਮੌਤ ਹੋ ਗਈ ਜਦੋਂ ਕਿ ਪਤਨੀ ਅਤੇ ਬੇਟਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨੂੰ ਪ੍ਰਾਪਤ ਜਾਣਕਾਰੀ ਮੁਤਾਬਕ ਨਜ਼ਦੀਕੀ ਪਿੰਡ ਬੀੜ ਚਹਿਲ ਦੇ ਰਹਿਣ ਵਾਲਾ ਜਤਿੰਦਰ ਸਿੰਘ ਆਪਣੇ ਪਤਨੀ ਅਤੇ ਬੱਚਿਆਂ ਨਾਲ ਨਜ਼ਦੀਕੀ ਪਿੰਡ ਪਿਪਲੀ ਤੋਂ ਫਰੀਦਕੋਟ ਵੱਲ ਨੂੰ ਆ ਰਿਹਾ ਸੀ ਜਦਕਿ ਫਰੀਦਕੋਟ ਦੀ ਤਰਫੋਂ ਜਾਣ ਵਾਲੀ ਇਕ ਤੇਜ਼ ਰਫਤਾਰ ਸਵਿੱਫਟ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਉਸਦੀ ਮੌਤ ਹੋ ਗਈ ਜਦਕਿ ਉਸਦੀ ਚਾਰ ਸਾਲ ਦੀ ਧੀ ਜਸ਼ਨਪ੍ਰੀਤ ਕੌਰ ਅਤੇ ਦਸ ਮਹੀਨੇ ਦੀ ਛੋਟੀ ਧੀ ਗੁਰਲੀਨ ਕੌਰ ਦੀ ਵੀ ਮੌਤ ਹੋ ਗਈ। ਇਸ ਹਾਦਸੇ ਵਿਚ ਉਸਦੀ ਪਤਨੀ ਹਰਪ੍ਰੀਤ ਕੌਰ ਅਤੇ 6 ਸਾਲਾ ਬੇਟਾ ਸ਼ਿਵਜੋਤ ਸਿੰਘ ਬੁਰੀ ਤਰ੍ਹਾਂ ਜਖਮੀ ਹੋ ਗਏ। ਕਾਰ ਸਵਾਰ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਰਿਹਾ। ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ।
ਫ਼ਰੀਦਕੋਟ ਵਿਚ ਇਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਕੇ ਤੇ ਮੌਤ ਹੋਈ ਹੈ ਜਦੋਕਿ ਇਕ ਬੱਚਾ ਅਤੇ ਉਸਦੀ ਮਾਂ ਬੁਰੀ ਤਰਾਂ ਜਖਮੀਂ ਹੋਏ ਹਨ ਜਿੰਨਾਂ ਨੂੰ ਮੌਕੇ ਤੇ ਮੌਜੂਦ ਲੋਕਾਂ ਵਲੋਂ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੌਕੇ ਤੇ ਪਹੁੰਚੀ ਪੁਲਿਸ ਵਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਡੀ.ਐਸ.ਪੀ. ਇਨਵੈਸਟੀਗੇਸ਼ਨ ਅਵਤਾਰ ਸਿੰਘ ਨੇ ਦੱਸਿਆ ਕਿ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਕਾਰ ਚਾਲਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਡੀ.ਐੱਸ.ਪੀ. ਮੁਤਾਬਕ, ਉਨ੍ਹਾਂ ਨੂੰ ਕਾਰ ਦੇ ਅੰਦਰੋਂ ਕੁਝ ਡੰਡੇ ਅਤੇ ਹੋਰ ਸਾਮਾਨ ਬਰਾਮਦ ਹੋਣ ਦੀ ਸੂਚਨਾ ਵੀ ਮਿਲੀ ਹੈ, ਜਿਸ ਦੀ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਤਫਤੀਸ਼ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਗੱਲਬਾਤ ਕਰਦਿਆ ਰਾਹਗੀਰਾਂ ਨੇ ਦੱਸਿਆ ਕਿ ਕਾਰ ਬਹੁਤ ਜ਼ਿਆਦਾ ਤੇਜ਼ ਸੀ ਜਿਸ ਨੇ ਉਲਟ ਸਾਇਡ ਜਾ ਕੇ ਮੋਟਰਸਾਇਕਲ ਨੂੰ ਟੱਕਰ ਮਾਰੀ । ਕਾਰ ਦੀ ਟੱਕਰ ਨਾਲ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ ਅਤੇ ਸਾਰਾ ਟੱਬਰ ਹਵਾ ਵਿਚ ਉੱਛਲ ਗਿਆ ਅਤੇ ਸੜਕ ਤੇ ਡਿੱਗਣ ਨਾਲ ਸਿਰ ਦੀਆਂ ਸੱਟਾਂ ਕਾਰਨ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਐਕਸੀਡੈਂਟ ਹੋਣ ਤੋਂ ਬਾਅਦ ਮੌਕੇ ਤੇ ਐਂਬੂਲੈਂਸ ਵੀ ਦੇਰੀ ਨਾਲ ਪਹੁੰਚੀ ।