ਮੋਗਾ, 17 ਸਤੰਬਰ (ਜਸ਼ਨ ):: ਭਾਜਪਾ ਵੱਲੋਂ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਨਸ਼ਿਆਂ ਖ਼ਿਲਾਫ਼ ਇੱਕ ਜਨ ਅੰਦੋਲਨ ਖੜ੍ਹਾ ਕਰਨ ਲਈ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਦਿਆਂ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਚਾਰ ਨਸ਼ਾ ਮੁਕਤ ਯਾਤਰਾਵਾਂ 18 ਸਤੰਬਰ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੂੰ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸਟੇਟ ਕਨਵੀਨਰ ਨਿਯੁਕਤ ਕੀਤਾ ਗਿਆ ਹੈ।
ਡਾ. ਸੀਮਾਂਤ ਗਰਗ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿਦੱਸਿਆ ਕਿ ਚਾਰਾਂ ਯਾਤਰਾਵਾਂ ਦੌਰਾਨ ਲੋੜ ਪੈਣ ’ਤੇ ਮੈਡੀਕਲ ਸਹੂਲਤਾਂ ਸੁਚੱਜੇ ਢੰਗ ਨਾਲ ਮੁਹੱਈਆ ਕਰਵਾਉਣ ਲਈ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਕੋਆਰਡੀਨੇਟਰ ਅਤੇ ਕੋ-ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ, ਜੋ ਯਾਤਰਾ ਦੇ ਨਾਲ-ਨਾਲ ਚੱਲਣਗੇ। ਉਨ੍ਹਾਂ ਕੋਲ ਐਂਬੂਲੈਂਸ, ਡਾਕਟਰ, ਫਸਟ ਏਡ, ਦਵਾਈਆਂ ਆਦਿ ਦੀਆਂ ਪੁਖ਼ਤਾ ਸਹੂਲਤਾਂ ਉਪਲਬਧ ਰਹਿਣਗੀਆਂ।
ਡਾ. ਸੀਮਾਂਤ ਗਰਗ ਨੇ ਦੱਸਿਆ ਕਿ 18 ਸਤੰਬਰ ਤੋਂ ਚਾਰ ਵੱਖ-ਵੱਖ ਥਾਵਾਂ ਤੋਂ ਨਸ਼ਾ ਮੁਕਤ ਪੰਜਾਬ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ। ਪਹਿਲੀ ਯਾਤਰਾ ਦੀ ਸ਼ੁਰੂਆਤ 18 ਸਤੰਬਰ ਨੂੰ ਪਠਾਨਕੋਟ ਦੇ ਮਾਧੋਪੁਰ/ਸੁਜਾਨਪੁਰ ਖੇਤਰ ਤੋਂ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਵੱਲੋਂ ਕੀਤੀ ਜਾਵੇਗੀ। ਦੂਜੀ ਯਾਤਰਾ 19 ਸਤੰਬਰ ਨੂੰ ਫਤਿਹਗੜ੍ਹ ਸਾਹਿਬ ਖੇਤਰ ਦੇ ਗੁਰਦੁਆਰਾ ਸਾਹਿਬ ਤੋਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਤੀਜੀ ਯਾਤਰਾ 20 ਸਤੰਬਰ ਨੂੰ ਫਾਜ਼ਿਲਕਾ ਸਰਹੱਦ ਤੋਂ ਸ਼ੁਰੂ ਕੀਤੀ ਜਾਵੇਗੀ, ਜਿਸ ਨੂੰ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਹਰੀ ਝੰਡੀ ਦੇਣਗੇ। ਚੌਥੀ ਯਾਤਰਾ 21 ਸਤੰਬਰ ਨੂੰ ਤਲਵੰਡੀ ਸਾਬੋ (ਤਖ਼ਤ ਸ੍ਰੀ ਦਮਦਮਾ ਸਾਹਿਬ) ਤੋਂ ਸ਼ੁਰੂ ਹੋਵੇਗੀ, ਜਿਸ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਯਾਤਰਾ ਦੇ ਆਖਰੀ ਦਿਨ 30 ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਲੰਧਰ ਵਿੱਚ ਪੰਜਾਬ ਦੀ ਇੱਕ ਵੱਡੀ ਰੈਲੀ ਰਾਹੀਂ ਇਨ੍ਹਾਂ ਯਾਤਰਾਵਾਂ ਦਾ ਸਮਾਪਨ ਕਰਨਗੇ। ਇਸ ਰੈਲੀ ਵਿੱਚ ਕੇਂਦਰੀ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਤੋਂ ਇਲਾਵਾ ਭਾਜਪਾ ਦੇ ਆਗੂ ਵੀ ਸ਼ਾਮਲ ਹੋਣਗੇ। ਪੂਰੇ ਪੰਜਾਬ ਤੋਂ ਭਾਜਪਾ ਦੇ ਵਰਕਰ ਇਸ ਰੈਲੀ ਵਿੱਚ ਪਹੁੰਚਣਗੇ। ਡਾ. ਸੀਮਾਂਤ ਗਰਗ ਨੇ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਅਸਫਲ ਸਾਬਤ ਹੋ ਰਹੀ ਹੈ ਅਤੇ ਦਿਨੋਂ-ਦਿਨ ਕੀਮਤੀ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਦੇਖਦੇ ਹੋਏ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਹੁਣ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਦਾ ਸੰਕਲਪ ਲਿਆ ਹੈ। ਇਸੇ ਕੜੀ ਤਹਿਤ ਪੰਜਾਬ ਵਿੱਚ ਨਸ਼ਾ ਮੁਕਤ ਯਾਤਰਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਭਾਜਪਾ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯਾਤਰਾਵਾਂ ਦਾ ਮੁੱਖ ਉਦੇਸ਼ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨਾ ਹੈ। ਇਸ ਤਹਿਤ ਪਿੰਡ-ਪਿੰਡ, ਸ਼ਹਿਰ-ਸ਼ਹਿਰ ਅਤੇ ਘਰ-ਘਰ ਜਾ ਕੇ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ, ਤਾਂ ਜੋ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਇੱਕ ਜਨ ਅੰਦੋਲਨ ਖੜ੍ਹਾ ਕੀਤਾ ਜਾ ਸਕੇ। ਉਨ੍ਹਾਂ ਪੰਜਾਬ ਭਾਜਪਾ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਦੇ ਨਾਲ-ਨਾਲ ਮੈਡੀਕਲ ਸੈੱਲ ਦੇ ਕੋਆਰਡੀਨੇਟਰਾਂ ਅਤੇ ਕੋ-ਕੋਆਰਡੀਨੇਟਰਾਂ, ਜਿਨ੍ਹਾਂ ਦੀਆਂ ਡਿਊਟੀਆਂ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਲਗਾਈਆਂ ਗਈਆਂ ਹਨ, ਨੂੰ ਅਪੀਲ ਕੀਤੀ ਕਿ ਉਹ ਤਨਦੇਹੀ ਨਾਲ ਇਨ੍ਹਾਂ ਚਾਰਾਂ ਯਾਤਰਾਵਾਂ ਨੂੰ ਸਫਲ ਬਣਾਉਣ ਲਈ 18 ਸਤੰਬਰ ਤੋਂ 30 ਸਤੰਬਰ ਤੱਕ ਆਪਣਾ ਪੂਰਨ ਸਹਿਯੋਗ ਦੇਣ ਅਤੇ ਯਾਤਰਾਵਾਂ ਦੇ ਨਾਲ-ਨਾਲ ਆਪਣੇ-ਆਪਣੇ ਵਿਧਾਨ ਸਭਾ ਹਲਕਿਆਂ ਵਿੱਚ ਸਰਗਰਮੀ ਨਾਲ ਕੰਮ ਕਰਨ।
ਖ਼ਬਰਾਂ
ਡਾ.ਸੀਮਾਂਤ ਗਰਗ "ਨਸ਼ਾ ਮੁਕਤ ਪੰਜਾਬ ਯਾਤਰਾ" ਦੇ ਸਟੇਟ ਕਨਵੀਨਰ ਨਿਯੁਕਤ ,117 ਵਿਧਾਨਸਭਾ ਹਲਕਿਆ ਵਿਚ ਡਾ. ਸੀਮਾਂਤ ਗਰਗ ਨੇ ਯਾਤਰਾ ਦੇ ਲਈ ਕੋਆਡੀਨੇਟਰ ਅਤੇ ਕੋ-ਕੋਆਡੀਨੇਟਰ ਨਿਯੁਕਤ ਕੀਤੇ
* ਯਾਤਰਾਵਾਂ ਦੇ ਅਖੀਰ ਦਿਨ 30 ਸਤੰਬਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਲੰਧਰ ਵਿਚ ਇੱਕ ਇਤਿਹਾਸਿਕ ਰੈਲੀ ਨੂੰ ਕਰਨਗੇ ਸੰਬੋਧਨ : ਡਾ.ਸੀਮਾਂਤ ਗਰਗ
17 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



