ਬਾਘਾ ਪੁਰਾਣਾ, 21 ਜੂਨ ("ਇੰਟਰਨੈਸ਼ਨਲ ਪੰਜਾਬੀ ਨਿਊਜ਼" ਬਿਊਰੋ ) ਨਗਰ ਕੌਂਸਲ ਬਾਘਾ ਪੁਰਾਣਾ ਅਧੀਨ ਬਣਿਆ ਕਮਿਊਨਿਟੀ ਹਾਲ ਚਾਲੂ ਨਾ ਹੋਣ ਕਰਕੇ ਇਲਾਕੇ ਦੇ ਲੋਕਾਂ ਲਈ ਵੱਡੀ ਨਿਰਾਸ਼ਾ ਦਾ ਕਾਰਨ ਬਣ ਗਿਆ ਹੈ। ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਹ ਇਮਾਰਤ ਇਸ ਵੇਲੇ ਸਿਰਫ ਇੱਕ ‘ਚਿੱਟਾ ਹਾਥੀ’ ਬਣ ਕੇ ਰਹਿ ਗਈ ਹੈ, ਕਿਉਂਕਿ ਇੱਥੇ ਸਮਾਗਮ ਕਰਵਾਉਣ ਲਈ ਲੋੜੀਂਦਾ ਕੋਈ ਵੀ ਸਮਾਨ ਉਪਲਬੱਧ ਨਹੀਂ ਹੈ। ਇਸ ਕਾਰਨ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਦੀਆਂ ਉਨ੍ਹਾਂ ਆਸਾਂ ’ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ, ਜੋ ਇਸ ਕਮਿਊਨਿਟੀ ਹਾਲ ਨੂੰ ਆਪਣੀ ਜ਼ਿੰਦਗੀ ਦੇ ਮਹੱਤਵਪੂਰਨ ਸਮਾਗਮਾਂ ਲਈ ਵਰਤਣਾ ਚਾਹੁੰਦੇ ਸਨ। ਜਾਣਕਾਰੀ ਅਨੁਸਾਰ ਇਸ ਕਮਿਊਨਿਟੀ ਹਾਲ ਦਾ ਨਿਰਮਾਣ 2017 ਵਿਚ ਉਸ ਸਮੇਂ ਦੀ ਕਾਂਗਰਸ ਸਰਕਾਰ ਦੌਰਾਨ ਹੋਇਆ ਸੀ। ਸਰਕਾਰ ਵੱਲੋਂ ਜਾਰੀ ਕੀਤੀ ਗ੍ਰਾਂਟ ਨਾਲ ਇਸ ਦੀ ਇਮਾਰਤ ਤਾਂ ਤਿਆਰ ਕਰ ਦਿੱਤੀ ਗਈ, ਪਰੰਤੂ ਇਸ ਨੂੰ ਚਾਲੂ ਕਰਨ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੂਬੇ ਵਿਚ ਸਰਕਾਰ ਬਦਲਣ ਨਾਲ ਲੋਕਾਂ ਨੂੰ ਉਮੀਦ ਸੀ ਕਿ ਇਹ ਕਮਿਊਨਿਟੀ ਹਾਲ ਜਲਦੀ ਚਾਲੂ ਕੀਤਾ ਜਾਵੇਗਾ, ਪਰ ਅਜੇ ਤੱਕ ਇਹ ਉਮੀਦ ਪੂਰੀ ਨਹੀਂ ਹੋ ਸਕੀ। ਨਵੀਂ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਇਹ ਹਾਲ ਚੱਲਣ ਯੋਗ ਨਹੀਂ ਬਣ ਸਕਿਆ, ਜਿਸ ਕਾਰਨ ਲੋਕਾਂ ਵਿਚ ਨਾਰਾਜ਼ਗੀ ਵਧਦੀ ਜਾ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਕਮਿਊਨਿਟੀ ਹਾਲ ਨੂੰ ਚਾਲੂ ਹੀ ਨਹੀਂ ਕਰਨਾ ਸੀ ਤਾਂ ਫਿਰ ਇਸ ’ਤੇ ਇੰਨਾ ਵੱਡਾ ਖਰਚਾ ਕਰਨ ਦਾ ਕੀ ਮਤਲਬ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰੀ ਪ੍ਰਾਜੈਕਟਾਂ ਦੀ ਸਿਰਫ਼ ਇਮਾਰਤਾਂ ਬਣਾਈਆਂ ਜਾਂਦੀਆਂ ਹਨ, ਪਰ ਉਨ੍ਹਾਂ ਦੀ ਦੇਖਭਾਲ ਅਤੇ ਚਾਲੂ ਕਰਨ ਲਈ ਲੋੜੀਂਦੇ ਕਦਮ ਨਹੀਂ ਚੁੱਕੇ ਜਾਂਦੇ। ਇਲਾਕੇ ਦੇ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਲਈ ਇਹ ਕਮਿਊਨਿਟੀ ਹਾਲ ਇੱਕ ਵੱਡੀ ਸਹੂਲਤ ਸਾਬਤ ਹੋ ਸਕਦਾ ਸੀ। ਮਹਿੰਗੇ ਪੈਲੇਸਾਂ ਵਿਚ ਸਮਾਗਮ ਕਰਵਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਅਤੇ ਕਈਆਂ ਦੇ ਘਰਾਂ ਵਿਚ ਵੀ ਇੰਨੀ ਜਗ੍ਹਾ ਨਹੀਂ ਹੁੰਦੀ ਕਿ ਵੱਡੇ ਸਮਾਗਮ ਕਰ ਸਕਣ। ਅਜਿਹੇ ਵਿਚ ਇਹ ਹਾਲ ਉਨ੍ਹਾਂ ਲਈ ਇਕ ਸਸਤਾ ਅਤੇ ਵਧੀਆ ਵਿਕਲਪ ਬਣ ਸਕਦਾ ਸੀ, ਪਰ ਮੌਜੂਦਾ ਹਾਲਾਤ ਵਿਚ ਇਹ ਸਿਰਫ਼ ਇੱਕ ਖਾਲੀ ਬਿਲਡਿੰਗ ਹੀ ਬਣ ਕੇ ਰਹਿ ਗਿਆ ਹੈ।
ਇਸ ਤੋਂ ਇਲਾਵਾ ਇਕ ਹੋਰ ਵਿਵਾਦ ਵੀ ਸਾਹਮਣੇ ਆ ਰਿਹਾ ਹੈ। ਜਾਣਕਾਰੀ ਮਿਲੀ ਹੈ ਕਿ ਕਮਿਊਨਿਟੀ ਹਾਲ ਨੂੰ ਚਲਾਉਣ ਲਈ ਇੱਕ ਕਮੇਟੀ ਕਥਿਤ ਤੌਰ ’ਤੇ ਚੁੱਪ-ਚਾਪ ਤਿਆਰ ਕੀਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕਮੇਟੀ ਵਿਚ ਵਾਰਡ ਨੰਬਰ 4 ਅਤੇ 5 ਦੇ ਦਲਿਤ ਵਰਗ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਸ ਕਾਰਨ ਉਨ੍ਹਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਾਰਡ ਦੇ ਲੋਕਾਂ ਦਾ ਦਾਅਵਾ ਹੈ ਕਿ ਜਿਸ ਜਗ੍ਹਾ ’ਤੇ ਕਮਿਊਨਿਟੀ ਹਾਲ ਬਣਿਆ ਹੈ, ਉਹ ਪਹਿਲਾਂ ਉਨ੍ਹਾਂ ਦੇ ਹੱਕ ਵਿਚ ਸੀ, ਇਸ ਲਈ ਕਮੇਟੀ ਵਿੱਚ ਉਨ੍ਹਾਂ ਦੀ ਭਾਗੀਦਾਰੀ ਬਣਦੀ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਨਾਮ ਪਹਿਲਾਂ ਦਰਜ ਵੀ ਕੀਤੇ ਗਏ ਸਨ, ਪਰ ਬਾਅਦ ਵਿਚ ਸੱਤਾਧਾਰੀ ਪਾਰਟੀ ਦੇ ਕੁਝ ਆਗੂਆਂ ਦੀ ਨਾਰਾਜ਼ਗੀ ਕਾਰਨ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਵਾਰਡ ਦੇ ਨੌਜਵਾਨਾਂ ਨੇ ਦੋਸ਼ ਲਗਾਇਆ ਕਿ ਪਹਿਲਾਂ ਕਮੇਟੀ ਬਣਾਉਣ ਦੀ ਗੱਲ ਖੁੱਲ੍ਹੇ ਤੌਰ ’ਤੇ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਵੀ ਪ੍ਰਤਿਨਿਧਿਤਾ ਮਿਲੇਗੀ, ਪਰ ਬਾਅਦ ਵਿਚ ਇਹ ਪ੍ਰਕਿਰਿਆ ਰੋਕ ਦਿੱਤੀ ਗਈ ਅਤੇ ਚੁੱਪ-ਚੁਪੀਤੇ ਕਮੇਟੀ ਬਣਾ ਲਈ ਗਈ।
ਇਸ ਸਬੰਧੀ ਜਦੋਂ ਕਮਿਊਨਿਟੀ ਹਾਲ ਦੇ ਪ੍ਰਧਾਨ ਜਗਜੀਤ ਸਿੰਘ ਸੀਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਗਰ ਕੌਂਸਲ ਪ੍ਰਧਾਨ ਨੂੰ ਲਿਖਤੀ ਰੂਪ ਵਿਚ ਕਮਿਊਨਿਟੀ ਹਾਲ ਲਈ ਲੋੜੀਂਦਾ ਸਮਾਨ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਬਿਨਾਂ ਸਮਾਨ ਦੇ ਕਮਿਊਨਿਟੀ ਹਾਲ ਚਲਾਉਣਾ ਸੰਭਵ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਕੋਈ ਵੀ ਸਮਾਨ ਉਪਲਬੱਧ ਨਹੀਂ ਕਰਵਾਇਆ ਗਿਆ, ਜਿਸ ਕਾਰਨ ਕਮਿਊਨਿਟੀ ਹਾਲ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ। ਇਸ ਮਾਮਲੇ ਨੇ ਸਥਾਨਕ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਹੀ ਇਸ ਕਮਿਊਨਿਟੀ ਹਾਲ ਨੂੰ ਚਾਲੂ ਨਾ ਕੀਤਾ ਗਿਆ ਤਾਂ ਇਹ ਮਸਲਾ ਆਉਣ ਵਾਲੀਆਂ ਚੋਣਾਂ ਵਿਚ ਵੱਡਾ ਚਰਚਾ ਦਾ ਵਿਸ਼ਾ ਬਣ ਸਕਦਾ ਹੈ। ਫਿਲਹਾਲ ਲੋਕ ਉਡੀਕ ਕਰ ਰਹੇ ਹਨ ਕਿ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਾ ਹੈ ਜਾਂ ਨਹੀਂ, ਪਰ ਇੱਕ ਗੱਲ ਤਾਂ ਸਾਫ਼ ਹੈ ਕਿ ਜਦ ਤੱਕ ਇਹ ਕਮਿਊਨਿਟੀ ਹਾਲ ਚਾਲੂ ਨਹੀਂ ਹੁੰਦਾ, ਤਦ ਤੱਕ ਇਹ ਸਿਰਫ਼ ਇੱਕ ਖਾਲੀ ਇਮਾਰਤ ਹੀ ਰਹੇਗਾ ਅਤੇ ਲੋਕਾਂ ਦੀਆਂ ਉਮੀਦਾਂ ਅਧੂਰੀਆਂ ਹੀ ਰਹਿਣਗੀਆਂ।