ਮੋਗਾ 15 ਜੂਨ ( ਲਛਮਣਜੀਤ ਸਿੰਘ ਪੁਰਬਾ ) : ਮਿਉਂਸਪਲ ਕਾਰਪੋਰੇਸ਼ਨ ਮੋਗਾ ਦੇ ਮੇਅਰ ਦੀ ਚੋਣ ਹੋਈ ਨੂੰ ਕਰੀਬ ਪੰਜ ਦਿਨ ਹੋ ਚੁੱਕੇ ਹਨ ਪਰ ਮਿਉਂਸਪਲ ਕਾਰਪੋਰੇਸ਼ਨ ਮੋਗਾ ਹਾਲੇ ਤੱਕ ਚੋਣ ਮੀਟਿੰਗ ਦੀ ਪ੍ਰੋਸੀਡਿੰਗ ਨਹੀਂ ਲਿਖ ਸਕੀ। ਪ੍ਰੋਸੀਡਿੰਗ ਦੀ ਕਾਪੀ ਲੈਣ ਲਈ ਅੱਜ ਜਦ ਸਿਵਲ ਸੁਸਾਇਟੀ ਮੋਗਾ ਦੀ ਟੀਮ ਕਮਿਸ਼ਨਰ ਦਫਤਰ ਗਈ ਤਾਂ ਕਮਿਸ਼ਨਰ ਆਪਣੀ ਸੀਟ ਤੇ ਨਹੀਂ ਮਿਲੇ। ਉਨ੍ਹਾਂ ਨੂੰ ਅਣਗਿਣਤ ਫੋਨ ਲਗਾਏ ਪਰ ਉਨ੍ਹਾਂ ਇੱਕ ਵੀ ਫੋਨ ਅਟੈੰਡ ਨਹੀਂ ਕੀਤਾ। ਦਫਤਰੀ ਕਰਮਚਾਰੀ ਸਾਰੀ ਗੱਲ ਕਮਿਸ਼ਨਰ ਤੇ ਸੁੱਟ ਰਹੇ ਸਨ। ਇਸ ਗੈਰ ਜ਼ਿੰਮੇਵਾਰਾਨਾ ਵਤੀਰੇ ਨੂੰ ਦੇਖਦੇ ਹੋਏ ਸਿਵਲ ਸੁਸਾਇਟੀ ਮੈੰਬਰਾਂ ਨੇ ਚਾਰ ਘੰਟੇ ਕਮਿਸ਼ਨਰ ਦਫਤਰ ਅੱਗੇ ਧਰਨਾ ਲਗਾਇਆ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਸ਼ਾਮ ਤੱਕ ਕਾਪੀ ਨਾਂ ਮਿਲੀ ਤਾਂ ਕੱਲ੍ਹ ਤੋਂ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ।
ਇਸ ਸਬੰਧੀ ਸਿਵਲ ਸੁਸਾਇਟੀ ਮੋਗਾ ਦੇ ਚੀਫ ਐਡਵਾਈਜਰ ਅਜੇ ਗੋਰਾ ਸੂਦ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੇਅਰ ਚੋਣ ਤੋਂ ਇੱਕ ਦਿਨ ਪਹਿਲਾਂ ਸਿਵਲ ਸੁਸਾਇਟੀ ਮੋਗਾ ਨੇ ਕਮਿਸ਼ਨਰ ਨਗਰ ਨਿਗਮ ਮੋਗਾ, ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਲੋਕਲ ਬਾਡੀਜ਼ ਨੂੰ ਸ਼ਿਕਾਇਤ ਭੇਜ ਕੇ ਇਸ ਅਧਾਰ ਤੇ ਮੇਅਰ ਚੋਣ ਰੱਦ ਕਰਨ ਦੀ ਮੰਗ ਕੀਤੀ ਸੀ ਕਿ ਨੋਟੀਫਿਕੇਸ਼ਨ ਮੁਤਾਬਕ ਚੋਣ ਨਹੀਂ ਕਰਵਾਈ ਜਾ ਰਹੀ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਅਤੇ ਐਫ ਐੰਡ ਸੀ ਸੀ ਕਮੇਟੀ ਨੂੰ ਚੋਣ ਤੋਂ ਬਾਹਰ ਰੱਖਿਆ ਗਿਆ ਹੈ।
ਸਿਵਲ ਸੁਸਾਇਟੀ ਨੇ ਇਹ ਵੀ ਐਲਾਨ ਕੀਤਾ ਸੀ ਕਿ ਜੇ ਲੋੜ ਪਈ ਤਾਂ ਅਸੀਂ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਂਵਾਂਗੇ। ਕਮਿਸ਼ਨਰ ਨੇ ਸਿਵਲ ਸੁਸਾਇਟੀ ਦੀ ਬੇਨਤੀ ਤੇ ਗੌਰ ਨਹੀਂ ਕੀਤੀ, ਜਿਸ ਕਾਰਨ ਸਿਵਲ ਸੁਸਾਇਟੀ ਮੋਗਾ ਹਾਈਕੋਰਟ ਪਹੁੰਚ ਚੁੱਕੀ ਹੈ ਤੇ ਪ੍ਰੋਸੀਡਿੰਗ ਦੀ ਕਾਪੀ ਅਦਾਲਤੀ ਕਾਰਵਾਈ ਲਈ ਲੋੜੀਂਦੀ ਹੈ। ਉਨ੍ਹਾਂ ਕਿਹਾ ਕਿ ਅਫਸਰਾਂ ਅੰਦਰ ਘਬਰਾਹਟ ਹੈ ਕਿਉਂਕਿ ਸੱਤਾਧਿਰ ਉਨ੍ਹਾਂ ਤੋਂ ਗਲਤ ਕੰਮ ਕਰਵਾ ਰਹੀ ਹੈ, ਜਿਸਦਾ ਖਾਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈਣਾ ਹੈ। ਇਸ ਮੌਕੇ ਸਿਵਲ ਸੁਸਾਇਟੀ ਮੋਗਾ ਪ੍ਰਜੀਡੀਅਮ ਮੈੰਬਰ ਮਹਿੰਦਰ ਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਲੱਕੀ ਗਿੱਲ, ਸ਼ਿਵਸ਼ਰਨ ਸਿੰਘ, ਹਰਭਜਨ ਸਿੰਘ ਧਾਲੀਵਾਲ ਆਦਿ ਵੀ ਹਾਜ਼ਰ ਸਨ।