ਮੋਗਾ, 16 ਜੂਨ ( ਜਸ਼ਨ )ਭਾਰਤੀ ਜਨਤਾ ਪਾਰਟੀ ਜਿਲਾ ਮੋਗਾ ਦੇ ਜਨਰਲ ਸਕੱਤਰ ਮੁਖਤਿਆਰ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਧੱਲੇਕੇ ਬਾਰੇ ਪੁਲਿਸ ਨਾਲ ਪੈਸਿਆਂ ਦੇ ਲੈਣ ਦੇਣ ਦੇ ਸੰਬੰਧ 'ਚ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਨੂੰ ਲੈ ਕੇ ਹਾਈ ਕਮਾਂਡ ਦੇ ਆਦੇਸ਼ਾਂ ਮੁਤਾਬਿਕ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਵੱਲੋਂ ਕਮਲਜੀਤ ਕੌਰ ਤੋਂ ਅੱਜ ਜ਼ਿਲ੍ਹਾ ਪ੍ਰਧਾਨਗੀ ਤੋਂ ਅਸਤੀਫਾ ਲੈ ਲਿਆ ਗਿਆ ਅਤੇ ਇਸ ਵੀਡੀਓ ਦੀ ਸਚਾਈ ਦੀ ਪੜਚੋਲ ਕਰਨ ਲਈ ਜ਼ਿਲ੍ਹਾ ਜਨਰਲ ਸਕੱਤਰ ਸ਼੍ਰੀ ਰਾਜਪਾਲ ਠਾਕੁਰ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਜਿਹੜੀ ਜਾਂਚ ਕਰਕੇ ਇੱਕ ਹਫਤੇ 'ਚ ਆਪਣੀ ਰਿਪੋਰਟ ਜਿਲਾ ਪ੍ਰਧਾਨ ਡਾ. ਹਰਜੋਤ ਕਮਲ ਹੋਰਾਂ ਨੂੰ ਸੌਂਪੇਗੀ।
ਜ਼ਿਕਰਯੋਗ ਹੈ ਕਿ ਮੋਗਾ ਦੇ ਲੋਕਲ ਯੂ ਟਿਊਬ ਚੈਨਲ "ਗਗਨ ਦਮਾਮਾ ਬਾਜਿਓ" ਵਲੋਂ ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਅਤੇ ਪੁਲਸ ਕੇਸ ਦਾ ਸਾਹਮਣਾ ਕਰ ਰਹੇ ਨੌਜਵਾਨ ਦੀ ਮਾਤਾ ਦੀ ਆਪਸੀ ਵਾਰਤਾਲਾਪ ਨੂੰ ਪ੍ਰਮੁੱਖਤਾ ਨਾਲ ਸੋਸ਼ਲ ਮੀਡੀਆ ਤੇ ਪ੍ਰਸਾਰਿਤ ਕੀਤਾ ਗਿਆ ਸੀ ਅਤੇ ਚੈਨਲ ਦੇ ਨਿਰਮਾਤਾ ਮੋਹਿੰਦਰ ਪਾਲ ਲੂੰਬਾ ਵਲੋਂ ਬਾਅਦ ਵਿਚ ਲੜਕੇ ਦੀ ਮਾਤਾ ਨਾਲ ਗੱਲਬਾਤ ਦੌਰਾਨ ਪੈਸਿਆਂ ਦੇ ਲੈਣ ਦੇਣ ਦੀ ਗੱਲ ਸਾਫ ਹੋ ਗਈ ਸੀ ਪਰ ਪੁਲਿਸ ਕੇਸ ਰਫ਼ਾ ਦਫ਼ਾ ਕਰਨ ਲਈ ਪੈਸੇ ਕਿਸ ਨੂੰ ਦਿੱਤੇ ਜਾਂ ਫਿਰ ਦਿੱਤੇ ਵੀ ਨੇ ਕਿ ਨਹੀਂ ,ਇਹ ਸਭ ਜਾਂਚ ਦਾ ਵਿਸ਼ਾ ਸੀ ਇਸ ਕਰਕੇ ਜਿਲਾ ਪ੍ਰਧਾਨ ਡਾ. ਹਰਜੋਤ ਕਮਲ ਨੇ ਭਾਰਤੀ ਜਨਤਾ ਪਾਰਟੀ ਨੂੰ ਫਜ਼ੀਹਤ ਤੋਂ ਬਚਾਉਣ ਲਈ ਕਮਲਜੀਤ ਕੌਰ ਧੱਲੇਕੇ ਤੋਂ ਅਸਤੀਫਾ ਲੈਣ ਉਪਰੰਤ ਸਚਾਈ ਦੀ ਪੜਚੋਲ ਵਾਸਤੇ ਕਮੇਟੀ ਬਣਾ ਦਿੱਤੀ ਹੈ। ਸਮੁੱਚਾ ਘਟਨਾਕਰਮ ਜਾਂਚ ਦਾ ਵਿਸ਼ਾ ਹੈ ਕਿ ਵੀਡੀਓ ਵਿਚ ਆਵਾਜ਼ ਵਾਕਿਆ ਹੀ ਕਮਲਜੀਤ ਕੌਰ ਦੀ ਹੈ ਜਾਂ A I ਰਾਹੀਂ ਵਾਰਤਾਲਾਪ ਤਿਆਰ ਕੀਤੀ ਗਈ ਹੈ । ਅਜੋਕੇ ਟੈਕਨਾਲੋਜੀ ਦੇ ਯੁੱਗ ਵਿਚ ਕੁਝ ਵੀ ਸੰਭਵ ਹੈ ਇਸ ਲਈ ਕਮੇਟੀ ਦੀ ਰਿਪੋਰਟ ਤੋਂ ਪਹਿਲਾਂ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਪਰ ਨਿਰਪੱਖ ਪੜਤਾਲ ਲਈ ਅਸਤੀਫਾ ਲਿਆ ਗਿਆ ਸਮਝਿਆ ਜਾ ਰਿਹਾ ਹੈ।