ਮੱਖੂ ,11 ਜੂਨ ( ਬਖਸ਼ੀਸ਼ ਸਿੰਘ ਸਭਰਾ )ਜਦੋਂ ਦੀ ਭਾਜਪਾ ਪੱਛਮੀ ਬੰਗਾਲ ਵਿੱਚ ਚੋਣ ਜਿੱਤੀ ਹੈ ਤਾਂ ਉਸਦਾ ਹੰਕਾਰ ਸਤਵੇਂ ਅਸਮਾਨ ਤੇ ਪਹੁੰਚ ਗਿਆ ਹੈ।ਜਿਸ ਕਾਰਨ ਹੁਣ ਭਾਜਪਾ ਵੱਲੋਂ ਇਹ ਨਾਅਰਾ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਕਿ ਪੱਛਮੀ ਬੰਗਾਲ ਤਾਂ ਅਸੀਂ ਜਿੱਤ ਲਿਆ ਹੁਣ ਪੰਜਾਬ ਜਿੱਤਣ ਦੀ ਵਾਰੀ ਹੈ। ਭਾਜਪਾ ਵੱਲੋਂ ਪੰਜਾਬ ਵਿੱਚ ਜਿੱਤ ਪ੍ਰਾਪਤ ਕਰਨ ਲਈ ਨਿੱਤ ਨਵੇਂ ਐਲਾਨ ਕੀਤੇ ਜਾ ਰਹੇ ਹਨ। ਪਹਿਲਾ ਭਾਜਪਾ ਵੱਲੋਂ ਪੰਜਾਬ ਵਿੱਚ ਸਰਦਾਰ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਪ੍ਰਧਾਨ ਬਣਾਇਆ ਗਿਆ ਸੀ। ਹੁਣ ਮਹਾਰਾਸ਼ਟਰ ਦੇ ਮੰਤਰੀ ਵੱਲੋ ਛੇ ਜੂਨ ਨੂੰ ਮਹਿਤਾ ਚੌਂਕ ਵਿੱਚ ਪਹੁੰਚਕੇ ਨੀਲਾ ਤਾਰਾ ਸਾਕੇ ਦੌਰਾਨ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਅਸਲ ਵਿੱਚ ਮਹਾਰਾਸ਼ਟਰ ਦੇ ਮੰਤਰੀ ਨੇ ਦਮਦਮੀ ਟਕਸਾਲ ਦੇ ਮੁੱਖ ਡੇਰੇ ਪਹੁੰਚਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹੁਣ ਟਕਸਾਲ ਸਿੱਖਾ ਦਾ ਪ੍ਰਚਾਰ ਕੇੰਦਰ ਨਹੀ ਰਹੀ ਹੈ। ਸਗੋ ਇਹ ਆਰ ਐਸ ਐਸ ਦਾ ਪ੍ਰਚਾਰ ਕੇਂਦਰ ਬਣ ਗਈ ਹੈ। ਇੱਥੇ ਹੀ ਬਸ ਜਿਸ ਦਮਦਮੀ ਟਕਸਾਲ ਦੇ ਡੇਰੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਗੂੰਜਦੇ ਹੁੰਦੇ ਸੀ। ਉਸ ਡੇਰੇ ਵਿੱਚ ਪਹਿਲੀ ਵਾਰ ਭਾਜਪਾ ਨੇਤਾ ਵੱਲੋਂ ਜੈ ਹਿੰਦ ਦਾ ਨਾਅਰਾ ਲਗਾਇਆ ਗਿਆ। ਹੈਰਾਨੀ ਦੀ ਗੱਲ ਹੈ ਕਿ ਜਿਸ ਡੇਰੇ ਦੀ ਸਟੇਜ ਤੇ ਮਹਾਰਾਸ਼ਟਰ ਦਾ ਮੰਤਰੀ ਬੈਠਾ ਸੀ।ਉਸ ਸਟੇਜ ਤੇ ਹੀ ਦਿੱਲੀ ਗੁਰਦੁਆਰਾ ,ਸ਼ਰੌਮਣੀ ਕਮੇਟੀ ਦੇ ਪ੍ਰਧਾਨਾਂ ਤੋਂ ਇਲਾਵਾ ਹੋਰ ਡੇਰਿਆਂ ਦੇ ਮੁੱਖੀ ਵੀ ਹਾਜਰ ਸਨ। ਪਰ ਕਿਸੇ ਦੀ ਹਿੰਮਤ ਨਹੀ ਪਈ ਕਿ ਉਹ ਭਾਜਪਾ ਦੇ ਮੰਤਰੀ ਦਾ ਵਿਰੋਧ ਕਰੇ। ਪਰ ਆਉ ਅੱਜ ਦੇ ਵਿਸ਼ੇ ਵੱਲ ਆਈਏ ਕਿ ਕੀ ਵਾਕਿਆ ਹੀ ਭਾਜਪਾ ਪੰਜਾਬ ਵਿੱਚ ਚੋਣ ਜਿੱਤ ਸਕੇਗੀ। ਜਿਸ ਨੂੰ ਸਮਝਣ ਲਈ ਸਾਨੂੰ ਪੱਛਮੀ ਬੰਗਾਲ ਪਰ ਅਤੇ ਪੰਜਾਬ ਦੀ ਭੂਗੋਲਿਕ ਸਥਿਤੀ ਅਤੇ ਹੋਰ ਪਹਿਲੂਆਂ ਤੇ ਗੱਲ ਕਰਨੀ ਪਵੇਗੀ।।ਜਿੱਥੇ ਪੱਛਮੀ ਬੰਗਾਲ ਵਿੱਚ ਹਿੰਦੂ ਬਹੁਗਿਣਤੀ ਹੈ।ਉੱਥੇ ਪੰਜਾਬ ਸਿੱਖ ਬਹੁਗਿਣਤੀ ਵਾਲਾ ਸੂਬਾ ਹੈ। ਭਾਂਵੇ ਪਿੱਛਲੇ ਅਠੱਤਰ ਸਾਲਾਂ ਵਿੱਚ ਦੂਜੇ ਰਾਜਾਂ ਦੇ ਪ੍ਰਵਾਸੀ ਮਜ਼ਦੂਰ ਅਤੇ ਹੋਰ ਲੋਕ ਵੱਡੀ ਗਿਣਤੀ ਵਿੱਚ ਪੰਜਾਬ ਆਕੇ ਵਸ ਗਏ ਹਨ। ਜਿਸ ਕਾਰਨ ਸਿੱਖਾਂ ਦੀ ਗਿਣਤੀ 67 ਤੋਂ ਘੱਟ ਕੇ 54 ਪ੍ਰਤੀਸ਼ਤ ਰਹਿ ਗਈ ਹੈ।ਪਰ ਪੰਜਾਬ ਵਿੱਚ ਅਜੇ ਵੀ ਸਿੱਖ ਬਹੁ-ਗਿਣਤੀ ਚ ਹਨ।ਇਸ ਤੋਂ ਇਲਾਵਾ ਪੱਛਮੀ ਬੰਗਾਲ ਦੇ ਲੋਕਾਂ ਨੇ ਪਿੱਛਲੇ ਅਠੱਤਰ ਸਾਲਾਂ ਵਿੱਚ ਸਿੱਧੇ ਤੌਰਤੇ ਭਾਜਪਾ ਦਾ ਰਾਜ ਨਹੀ ਵੇਖਿਆ ਹੈ। ਜਿਸ ਕਾਰਨ ਪੱਛਮੀ ਬੰਗਾਲ ਦੇ ਲੋਕ ਭਾਜਪਾ ਦੀਆਂ ਮਾਰੂ ਨੀਤੀਆਂ ਤੋਂ ਜਾਣੂ ਨਹੀ ਹਨ। ਜਦ ਕਿ ਪੰਜਾਬ ਵਿੱਚ ਭਾਜਪਾ ਨੇ ਅਕਾਲੀਦਲ ਨਾਲ ਰਲਕੇ 20 ਸਾਲ ਦੇ ਲਗਭਗ ਰਾਜ ਕੀਤਾ ਹੈ।ਇਹਨਾ ਵੀਹਾਂ ਸਾਲਾਂ ਵਿੱਚ ਜਿਸਤਰਾਂ ਅਕਾਲੀਦਲ ਅਤੇ ਭਾਜਪਾ ਲੀਡਰਾਂ ਨੇ ਸਿੱਖਾਂ ਨੂੰ ਲੁੱਟਿਆ ਅਤੇ ਕੁੱਟਿਆ ਉਸ ਤੋਂ ਸਾਰੀ ਸਿੱਖ ਕੌਮ ਜਾਣੂ ਹੈ। ਇਸ ਤੋਂ ਇਲਾਵਾ ਜਦੋਂ ਵੀ ਪੰਜਾਬ ਵਿੱਚ ਸਿੱਖ ਆਪਣੇ ਅਤੇ ਪੰਜਾਬ ਦੇ ਹੱਕਾਂ ਲਈ ਮੋਰਚਾ ਜਾਂ ਕੋਈ ਰੈਲੀ ਵਗੈਰਾ ਕੱਢਦੇ ਹਨ। ਉਦੋਂ ਹੀ ਹਿੰਦੂ ਕੱਟੜਵਾਦੀ ਸਿੱਖਾਂ ਨੂੰ ਬਦਨਾਮ ਕਰਨ ਲਈ ਉਹਨਾ ਨੂੰ ਅੱਤਵਾਦੀ,ਵੱਖਵਾਦੀ ਅਤੇ ਖਾਲਿਸਤਾਨੀ ਕਹਿਕੇ ਭੰਡਣ ਲੱਗ ਪੈਂਦੇ ਹਨ। ਇੱਥੋਂ ਤੱਕ ਕੇ ਭਾਂਵੇ ਉਹ ਪਾਣੀਆਂ ਦੀ ਵੰਡ,ਪੰਜਾਬੀ ਸੂਬਾ ਬਣਾਉਣ, ਚੰਡੀਗੜ੍ਹ ਜਾ ਕੋਈ ਹੋਰ ਮਸਲਾ ਹੋਵੇ। ਪਰ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਹਿੰਦੂ ਕੱਟੜਵਾਦੀਆਂ ਨੇ ਇਹ ਕਦੀ ਨਹੀ ਸੋਚਿਆ ਕਿ ਜੇਕਰ ਪੰਜਾਬ ਵਿੱਚ ਜਿਆਦਾ ਪਾਣੀ ਹੋਵੇਗਾ।ਉਸ ਨਾਲ ਫਸਲਾਂ ਜਿਆਦਾ ਹੋਣਗੀਆਂ। ਜਿਸ ਨਾਲ ਸਿੱਖਾਂ,ਹਿੰਦੂਆਂ ਅਤੇ ਪੰਜਾਬ ਵਿੱਚ ਹੋਰ ਰਹਿਣ ਵਾਲੇ ਲੋਕਾਂ ਨੂੰ ਵੀ ਲਾਭ ਹੋਵੇਗਾ।ਜੇਕਰ ਪੰਜਾਬੀ ਸੂਬਾ ਬਣਿਆ ਤਾਂ ਉਸਦਾ ਲਾਭ ਹਿੰਦੂਆਂ ਨੂੰ ਵੀ ਉਨਾ ਹੀ ਹੋਇਆ ਹੈ।ਜਿੰਨਾ ਸਿੱਖਾਂ ਨੂੰ ਹੋਇਆ ਹੈ। ਜੇਕਰ ਹਿੰਦੂ ਕੱਟੜਵਾਦੀ 1961 ਦੀ ਮਰਦਮ ਸ਼ੁਮਾਰੀ ਵਿੱਚ ਆਪਣੀ ਮਾਤਾ ਭਾਸ਼ਾ ਪੰਜਾਬੀ ਲਿਖਵਾਉਂਦੇ ਤਾਂ ਅੱਜ ਪੰਜਾਬ ਦੀਆਂ ਹੱਦਾਂ ਸਿਰਫ ਮੁਹਾਲੀ ਤੱਕ ਨਾ ਹੁੰਦੀਆਂ ਅਤੇ ਨਾ ਹੀ ਚੰਡੀਗੜ੍ਹ ਪੰਜਾਬ ਤੋਂ ਖੋਹਿਆ ਜਾਂਦਾ।ਇੱਥੇ ਹੀ ਬਸ ਨਹੀ ਜਦੋਂ ਪੰਜਾਬ ਵਿੱਚ ਪੰਜਾਬੀ ,ਖੇਤੀਬਾੜੀ ਅਤੇ ਗੁਰੂ ਨਾਨਕ ਯੂਨੀਵਰਸਿਟੀਆਂ ਬਣਨ ਲੱਗੀਆਂ ਤਾਂ ਉਦੋਂ ਵੀ ਜਨਸੰਘ ਜਿਹੜੀ ਅੱਜਕਲ ਭਾਜਪਾ ਦੇ ਨਾਮ ਨਾਲ ਜਾਣੀ ਜਾਲਦੀ ਹੈ। ਇਸਦੇ ਲੀਡਰਾਂ ਵੱਲੋਂ ਇਹਨਾਂ ਤਿੰਨਾਂ ਯੂਨੀਵਰਸਿਟੀਆਂ ਬਣਨ ਦਾ ਰੱਜਕੇ ਵਿਰੋਧ ਕੀਤਾ। ਇੱਥੋਂ ਤੱਕ ਹਿੰਦੂ ਵਿਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਵੱਲੋਂ ਆਪਣੀਆਂ ਵਿਦਿਅਕ ਸੰਸਥਾਵਾਂ ਇਹਨਾ ਯੂਨੀਵਰਸਿਟੀਆਂ ਨਾਲ ਜੋੜਨ ਤੋਂ ਹੀ ਇਨਕਾਰ ਕਰ ਦਿੱਤਾ। ਸਰਦਾਰ ਮਨੋਹਰ ਸਿੰਘ ਗਿੱਲ ਜਿਹੜੇ ਉਦੋਂ ਡਿਪਟੀ ਸਕੱਤਰ ਸਿੱਖਿਆ ਹੁੰਦੇ ਸੀ ।ਉਹਨਾ ਨੇ ਬੜੀ ਮੁਸ਼ਕਿਲ ਨਾਲ ਹਿੰਦੂ ਪ੍ਰਬੰਧਕਾ ਨੂੰ ਮਨਾਕੇ ਹਿੰਦੂ ਅਦਾਰਿਆਂ ਨੂੰ ਇਹਨਾ ਯੂਨੀਵਰਸਿਟੀਆਂ ਨਾਲ ਜੋੜਿਆ ਸੀ। ਦੇਸ਼ ਨੂੰ ਆਜ਼ਾਦ ਹੋਇਆ ਕੋਈ ਅਠੱਤਰ ਸਾਲ ਹੋ ਗਏ ਹਨ। ਇਹਨਾ ਅਠੱਤਰ ਸਾਲਾਂ ਵਿੱਚ ਪਹਿਲਾ ਅੱਠ ਸਾਲ ਵਾਜਪਾਈ ਅਤੇ ਹੁਣ ਬਾਰਾਂ ਸਾਲ ਮੋਦੀ ਨੂੰ ਰਾਜ ਕਰਦਿਆਂ ਹੋ ਗਏ ਹਨ। ਪਰ ਇਹਨਾ ਭਾਜਪਾ ਦੇ ਵੀਹ ਸਾਲਾਂ ਰਾਜ ਵਿੱਚ ਸਿੱਖਾਂ ਤੇ ਤਸ਼ੱਦਦ ਤਾਂ ਜਰੂਰ ਹੋਇਆ ਅਤੇ ਹੋ ਰਿਹਾ ਹੈ।ਪਰ ਸਿੱਖਾਂ ਨੂੰ ਕੋਈ ਰਾਹਤ ਨਹੀ ਮਿਲੀ ਹੈ। ਸਿਰਫ 2019 ਵਿੱਚ ਗੁਰੂ ਨਾਨਕ ਸਾਹਿਬ ਦੇ ਦੇ ਸਾਢੇ ਪੰਜ ਸੌ ਸਾਲਾ ਸ਼ਤਾਬਦੀ ਤੇ ਕਰਤਾਰਪੁਰ ਸਾਹਿਬ ਲਾਘਾ ਜਰੂਰ ਖੋਲਿਆ ਗਿਆ ਸੀ। ਉਹ ਵੀ ਪਿਛਲੇ ਇੱਕ ਸਾਲ ਤੋਂ ਬੰਦ ਪਿਆ ਹੈ।ਜਿਹੜਾ ਮੋਦੀ ਸਾਹਿਬ ਨੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ। ਬਾਅਦ ਵਿੱਚ ਮੋਦੀ ਸਰਕਾਰ ਉਸਤੋਂ ਵੀ ਮੁਕਰ ਗਈ ਹੈ। ਸਗੋਂ ਪਿੱਛਲੇ ਤਿੰਨ ਸਾਲ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਐਨ ਐਸ ਏ ਲਗਾਕੇ ਡਿਬੜੂਗੜ ਅਤੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ।ਜਿਸ ਕਾਰਨ ਉਹ 2027 ਵਿੱਚ ਆਪਣੀ ਸਰਕਾਰ ਬਣਾਉਣ ਦੇ ਸੁਪਨੇ ਲੈ ਰਹੀ ਹੈ। ਦੇਖਿਆ ਜਾਵੇ ਤਾਂ ਭਾਜਪਾ ਦੇ ਵੀਹ ਸਾਲਾਂ ਦੇ ਰਾਜ ਵਿੱਚ ਜੋਂ ਕਾਂਗਰਸ ਸਿੱਖਾਂ ਨਾਲ ਵਧੀਕੀਆਂ ਕਰ ਰਹੀ ਸੀ। ਉਹ ਲਗਾਤਾਰ ਜਾਰੀ ਹਨ। ਜੇਕਰ ਇਹ ਕਹਿ ਲਿਆ ਜਾਵੇ ਕਿ ਭਾਜਪਾ ਦੇ ਰਾਜ ਵਿੱਚ ਪੰਜਾਬ ਅਤੇ ਸਿੱਖਾਂ ਤੇ ਵਧੀਕੀਆਂ ਦੀ ਰਫਤਾਰ ਹੋਰ ਤੇਜ ਹੋਈ ਹੈ ਤਾਂ ਸ਼ਾਇਦ ਵਿੱਚ ਕੋਈ ਝੂਠ ਨਹੀ ਹੈ।ਭਾਜਪਾ ਦੇ ਵੀਹ ਸਾਲਾਂ ਦੇ ਰਾਜ ਵਿੱਚ ਜਿਸਤਰਾਂ ਪੰਜਾਬ ਦਾ ਪਾਣੀ ਖੋਹਕੇ ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ।ਉਹ ਸੱਭ ਦੇ ਸਾਹਮਣੇ ਹੈ। ਇੱਥੋਂ ਤੱਕ ਕੇ ਪੰਜਾਬ ਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਜਿਹੜਾ ਸਿੰਚਾਈ ਮੈਂਬਰ ਦਾ ਪੱਕਾ ਅਹੁਦਾ ਸੀ। ਉਹ ਵੀ ਖ਼ਤਮ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਿਹੜੇ ਸਿੱਖ ਨੌਜਵਾਨ ਪੰਜਾਬ ਅਤੇ ਸਿੱਖ ਹੱਕਾਂ ਲਈ ਲੜਦੇ ਜੇਲ੍ਹਾਂ ਵਿੱਚ ਬੰਦ ਕੀਤੇ ਗਏ ਸੀ। ਉਹ ਅੱਜ ਪੈਂਤੀ ਪੈਂਤੀ ਸਾਲ ਸਜਾ ਕੱਟਣ ਦੇ ਬਾਵਜੂਦ ਵੀ ਜੇਲ੍ਹਾਂ ਵਿੱਚ ਬੰਦ ਹਨ। ਜਦੋਂ ਕਿ 2019 ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸਾਢੇ ਪੰਜ ਸੌ ਸਾਲਾ ਜਨਮ ਸ਼ਤਾਬਦੀ ਮਨਾਈ ਗਈ ਸੀ। ਉਦੋਂ ਪ੍ਰਧਾਨ ਮੰਤਰੀ ਮੋਦੀ ਨੇ ਆਪ ਐਲਾਨ ਕੀਤਾ ਸੀ ਕਿ ਸਿੱਖ ਬੰਦੀ ਸਿੰਘਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਪਰ ਬਾਅਦ ਵਿੱਚ ਪ੍ਰਧਾਨ ਮੰਤਰੀ ਐਲਾਨ ਕਰਕੇ ਹੀ ਮੁਕਰ ਗਏ। ਇਸ ਤੋਂ ਵੱਧ ਸ਼ਰਮ ਵਾਲੀ ਕਿਹੜੀ ਗੱਲ ਹੋ ਸਕਦੀ ਹੈ। ਹੁਣ ਦੇਸ਼ ਦਾ ਗ੍ਰਹਿ ਮੰਤਰੀ ਕਹਿ ਰਿਹਾ ਹੈ ਕਿ ਪਹਿਲਾ ਉਹ ਆਪਣੀ ਗਲਤੀ ਮੰਨਣ ਫਿਰ ਰਿਹਾਅ ਕੀਤਾ ਜਾਵੇਗਾ। ਪਹਿਲੇ ਬੰਦੀ ਸਿੰਘਾਂ ਤੋਂ ਇਲਾਵਾ ਪਿੱਛਲੇ ਤਿੰਨ ਸਾਲ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਪੰਜਾਹ ਸਾਥੀ ਡਿਬੜੂਗੜ ਅਤੇ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਹਨ। ਸਾਰੇ ਦੇਸ਼ ਵਿੱਚ ਕਿਸੇ ਆਦਮੀ ਨੂੰ ਇੱਕ ਸਾਲ ਲਈ ਐਨ ਐਸ ਏ ਅਧੀਨ ਬੰਦ ਕੀਤਾ ਜਾ ਸਕਦਾ ਹੈ।ਪਰ ਸਿੱਖਾਂ ਵਾਸਤੇ ਕੋਈ ਹੱਦ ਨਹੀ ਹੈ। ਹੱਦ ਹੋ ਗਈ ਜੰਮੂ-ਕਸ਼ਮੀਰ ਦੇ ਐਮ ਪੀ ਇੰਜੀਨੀਅਰ ਰਾਸ਼ਿਦ ਜਿਹੜਾ ਯੂਆਪਾ ਅਧੀਨ ਦਿੱਲੀ ਜੇਲ੍ਹ ਵਿੱਚ ਬੰਦ ਹੈ।ਉਹ ਤਾਂ ਲੋਕ ਸਭਾ ਵਿੱਚ ਹਿੱਸਾ ਲੈ ਸਕਦਾ ਹੈ।ਪਰ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਪੰਜਾਬ ਵਿੱਚ ਸੱਭ ਤੋਂ ਵੱਧ ਵੋਟਾਂ ਲੈਕੇ ਐਮ ਪੀ ਬਣੇ ਹਨ। ਉਹ ਲੋਕ ਸਭਾ ਦੇ ਸ਼ੈਸ਼ਨ ਵਿੱਚ ਹਿੱਸਾ ਨਹੀ ਲੈ ਸਕਦੇ। ਗੱਲ ਕਾਹਦੀ ਕਿ ਕਿ ਜਦੋਂ ਦੀ ਮੋਦੀ ਦੀ ਸਰਕਾਰ ਬਣੀ ਹੈ ਸਿੱਖਾਂ ਤੇ ਤਸ਼ੱਦਦ ਘਟਣ ਦੀ ਬਜਾਏ ਵੱਧਦਾ ਹੀ ਜਾਂਦਾ ਹੈ।2020 ਵਿੱਚ ਮੋਦੀ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਬਣਾਏ ਗਏ ਸੀ। ਜਿਹਨਾ ਨੂੰ ਖ਼ਤਮ ਕਰਵਾਉਣ ਲਈ ਪੰਜਾਬ ਦੇ ਕਿਸਾਨਾਂ ਨੇ ਦੂਜੇ ਰਾਜਾਂ ਨਾਲ ਰਲਕੇ ਦਿੱਲੀ ਦੀ ਹੱਦ ਤੇ ਸਵਾ ਸਾਲ ਅੰਦੋਲਨ ਕੀਤਾ। ਇਸ ਸਵਾ ਸਾਲ ਦੇ ਮੋਫਚੇ ਦੌਰਾਨ ਜੋ ਤਸ਼ੱਦਦ ਸਿੱਖ ਕਿਸਾਨਾਂ ਤੇ ਕੇਂਦਰ,ਹਰਿਆਣਾ, ਉਤਰ ਪ੍ਰਦੇਸ਼, ਉਤਰਾਖੰਡ ਦੀ ਸਰਕਾਰ ਨੇ ਕੀਤਾ।ਉਸਦੀ ਮਿਸਾਲ ਮਿਲਣੀ ਔਖੀ ਹੈ। ਹਾਰਕੇ ਕੇਂਦਰ ਸਰਕਾਰ ਨੂੰ ਤਿੰਨ ਕਾਨੂੰਨ ਵਾਪਸ ਲੈਕੇ ਕਿਸਾਨਾਂ ਨਾਲ ਸਮਝੌਤਾ ਕਰਨ ਪਿਆ। ਪਰ ਜਦੋਂ ਕੇਂਦਰ ਸਰਕਾਰ ਨੇ ਸੜਮਝੌਤਾ ਲਾਗੂ ਨਾ ਕੀਤਾ ਤਾਂ ਉਸਤੋ ਬਾਅਦ ਡੱਲੇਵਾਲ, ਪੰਨੂੰ,ਪੰਧੇਰ ਧੜੇ ਨੇ ਦੂਜੇ ਕਿਸਾਨਾਂ ਨਾਲ ਰਲਕੇ ਫਿਰ ਮੋਦੀ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ।ਪਰ ਇਸ ਵਾਰ ਕਿਸਾਨਾਂ ਨੂੰ ਹਰਿਆਣਾ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਨਾਲ ਇੱਕ ਨੌਜਵਾਨ ਕਿਸਾਨ ਸ਼ਹੀਦ ਹੋ ਗਿਆ ਅਤੇ ਕਈ ਜ਼ਖਮੀ ਹੋ ਗਏ। ਇੱਕ ਸਿੱਖ ਨੌਜਵਾਨ ਨੂੰ ਹਰਿਆਣਾ ਪੁਲੀਸ ਬੋਰੀ ਵਿੱਚ ਬੰਦ ਕਰਕੇ ਲੈ ਗਈ। ਜਿਸਤੇ ਬੇਹੱਦ ਤਸ਼ੱਦਦ ਕਰਨ ਤੋਂ ਉਹਨੂੰ ਸ਼ੜਕ ਕਿਨਾਰੇ ਸੁੱਟ ਦਿੱਤਾ ਗਿਆ। ਉਸ ਤੋਂ ਬਾਅਦ ਪੰਜਾਬ ਤੋਂ ਪੰਜਾਬ ਯੂਨੀਵਰਸਿਟੀ ਖੋਹਣ ਲਈ ਨੋਟੀਫਿਕੇਸ਼ਨ ਵੀ ਕਰ ਦਿੱਤਾ ਗਿਆ। ਜਦੋਂ ਵਿਦਿਆਰਥੀ ਯੂਨੀਅਨ ਅਤੇ ਪੰਜਾਬ ਦੇ ਲੋਕਾਂ ਨੇ ਵਿਰੋਧ ਕੀਤਾ ਤਾਂ ਯੂਨੀਵਰਸਿਟੀ ਵਾਲਾ ਨੋਟੀਫਿਕੇਸ਼ਨ ਤਾਂ ਰੱਦ ਕਰ ਦਿੱਤਾ। ਹੁਣ ਚੰਡੀਗੜ੍ਹ ਨੂੰ ਪੱਕੇ ਤੌਰ ਤੇ ਕੇਂਦਰੀ ਸ਼ਾਸਤ ਬਣਾੳਣ ਲਈ ਕਾਨੂੰਨ ਵਿੱਚ ਸੋਧ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅਜੇ ਪੰਜਾਬ ਦੇ ਲੋਕ ਇਸਦਾ ਵਿਰੋਧ ਕਰ ਹੀ ਰਹੇ ਸੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋ ਪੰਜਾਬ ਦੇ ਸਿੰਚਾਈ ਮੈਂਬਰ ਦਾ ਅਹੁਦਾ ਖੋਹਣ ਲਈ ਵਿਸਾਖੀ ਵਾਲੇ ਦਿਨ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।ਵੈਸੇ ਤਾਂ ਆਜ਼ਾਦੀ ਤੋਂ ਬਾਅਦ ਹੀ ਜਨਸੰਘ ਜਿਹੜੀ ਅੱਜਕਲ ਕਾਰਨ ਭਾਜਪਾ ਜਨਤਾ ਪਾਰਟੀ ਬਣ ਚੁੱਕੀ ਹੈ।ਇਸਦੇ ਮੈਂਬਰਾਂ ਨੇ ਸਿੱਖ ਵਿਰੁੱਧ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। 1983 ਵਿੱਚ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ।ਉਸ ਵੇਲੇ ਭਰਤੀ ਜਨਤਾ ਪਾਰਟੀ ਦੇ ਲੀਡਰ ਅਤੇ ਸਾਬਕਾ ਐਮ ਐਲ ਏ ਵੱਲੋਂ ਅੰਮ੍ਰਿਤਸਰ ਵਿੱਚ ਜਲੂਸ ਕੱਢਿਆ ਗਿਆ। ਜਿਸ ਵਿੱਚ ਸਿੱਖਾਂ ਵਿਰੁੱਧ ਨਾਅਰੇ ਲਗਾਏ ਜਾ ਰਹੇ ਸੀ। ਕੰਘਾ ਕੜਾ ਕੱਛ ਕਿਰਪਾਨ ਭੇਜ ਦਿਆਂਗੇ ਪਾਕਿਸਤਾਨ। ਸਿਗਰਟ ਬੀੜੀ ਪੀਵਾਂਗੇ ਸ਼ਾਨ ਨਾਲ ਜੀਵਾਂਗੇ। ਇਸ ਤੋਂ ਇਲਾਵਾ ਖੰਨੇ ਵੱਲੋਂ ਰੇਲਵੇ ਸਟੇਸ਼ਨ ਅੰਮ੍ਰਿਤਸਰ ਵਿੱਚ ਲੱਗੇ ਦਰਬਾਰ ਸਾਹਿਬ ਦੇ ਮਾਡਲ ਨੂੰ ਤੋੜ ਦਿੱਤਾ ਗਿਆ। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਜਿਸ ਵਿੱਚ ਹਜ਼ਾਰਾਂ ਸਿੱਖ ਨੌਜਵਾਨ, ਬਜੁਰਗ, ਔਰਤਾਂ ਅਤੇ ਬੱਚੇ ਸ਼ਹੀਦ ਕੀਤੇ ਜਾ ਰਹੇ ਸੀ।ਉਸ ਵੇਲੇ ਲਕਸ਼ਮੀ ਕਾਂਤ ਚਾਵਲਾ ਅਤੇ ਹੋਰ ਕੱਟੜਵਾਦੀ ਹਿੰਦੂਆਂ ਵੱਲੋਂ ਲੱਡੂ ਵੰਡੇ ਜਾ ਰਹੇ ਸੀ।ਵਾਜਪਾਈ ਵੱਲੋਂ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਇੰਦਰਾ ਨੂੰ ਦੁਰਗਾ ਮਾਤਾ ਦਾ ਖਿਤਾਬ ਦਿੱਤਾ ਗਿਆ। ਭਾਜਪਾ ਲੀਡਰ ਅਡਵਾਨੀ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਤੇ ਹਮਲਾ ਉਹਨਾ ਦੀ ਪਾਰਟੀ ਨੇ ਕਰਵਾਇਆ ਸੀ। ਦਰਿਆਵਾਂ ਨੂੰ ਜੋੜਨ ਵਾਲਾ ਬਿੱਲ ਵੀ ਲੋਕ ਸਭਾ ਵਿੱਚ ਪਾਸ ਹੋਇਆ ਪਿਆ ਹੈ।ਜਿਸ ਦਿਨ ਰਾਜ ਸਭਾ ਵਿੱਚ ਭਾਜਪਾ ਦੀ ਬਹੁ ਸੰਮਤੀ ਹੋ ਗਈ। ਉਸ ਦਿਨ ਉਹ ਵੀ ਪਾਸ ਹੋ ਜਾਣਾ ਹੈ। ਗੱਲ ਕਾਹਦੀ ਕਿ ਆਜ਼ਾਦੀ ਤੋਂ ਲੈਕੇ ਹੁਣ ਤੱਕ ਪਹਿਲਾ ਜਨਸੰਘ ਅਤੇ ਹੁਣ ਭਾਜਪਾ ਵੱਲੋਂ ਸਿੱਖਾਂ ਅਤੇ ਪੰਜਾਬ ਨਾਲ ਕੀਤੀਆਂ ਜਿਆਦਤੀਆਂ ਦੀ ਇੰਨੀ ਵੱਡੀ ਲੜੀ ਹੈ ਕਿ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ। ਲੇਖਕ ਨੂੰ ਇਹ ਲਿਖਣ ਵਿੱਚ ਕੋਈ ਝਿਜਕ ਨਹੀ ਹੈ ਕਿ ਜਿੱਥੇ ਪੰਜਾਬ ਅਤੇ ਸਿੱਖਾਂ ਨਾਲ ਕੀਤੀਆਂ ਵਧੀਕੀਆਂ ਲਈ ਕਾਂਗਰਸ, ਭਾਜਪਾ ਅਤੇ ਹੁਣ ਆਪ ਸਰਕਾਰ ਜਿੰਮੇਵਾਰ ਹੈ।ਉੱਥੇ ਸਿੱਖ ਕੌਮ ਤੇ ਹੋਏ ਤਸ਼ੱਦਦ ਲਈ ਸਾਡੇ ਕੁਰਸੀ ਦੇ ਭੁੱਖੇ ਸਿੱਖ ਲੀਡਰ ਵੀ ਜਿੰਮੇਵਾਰ ਹਨ। ਸਿੱਖ ਕੌਮ ਤੇ ਤਸ਼ੱਦਦ ਕਰਨ ਲਈ ਜਿਹੜਾ ਹਥੌੜਾ ਸਰਕਾਰਾਂ ਵੱਲੋਂ ਵਰਤਿਆ ਜਾਂਦਾ ਰਿਹਾ ਹੈ।ਉਸਦਾ ਦਸਤਾਂ ਹਮੇਸ਼ਾਂ ਸਾਡੇ ਕੁਰਸੀ ਦੇ ਭੁੱਖੇ ਸਿੱਖ ਹੀ ਬਣਦੇ ਰਹੇ ਹਨ। ਪਹਿਲਾ ਸਾਡੇ ਸਿੱਖ ਲੀਡਰ ਆਪਣੀ ਕੁਰਸੀ ਦੀ ਭੁੱਖ ਪੂਰੀ ਕਰਨ ਲਈ ਕਾਂਗਰਸ ਅਤੇ ਆਪ ਪਾਰਟੀ ਵਿੱਚ ਗਏ ਸੀ। ਅੱਜਕਲ ਭਾਜਪਾ ਵਿੱਚ ਜਾ ਰਹੇ ਹਨ। ਜੇਕਰ ਭਾਜਪਾ ਪੰਜਾਬ ਵਿੱਚ ਜਿੱਤ ਜਾਂਦੀ ਹੈ ਤਾ ਭਾਜਪਾ ਦਾ ਇੱਕਲੀ ਸਰਕਾਰ ਤੇ ਕਾਬਜ ਨਹੀ ਹੋਵੇਗੀ। ਸਗੋਂ ਜਿਸਤਰਾਂ ਪਟਨਾ ਸਾਹਿਬ, ਹਜੂਰ ਸਾਹਿਬ, ਦਿੱਲੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਭਾਜਪਾ ਨੇ ਕਬਜਾ ਕਰ ਲਿਆ ਹੈ। ਇਸਤਰਾਂ ਸ਼ਰੌਮਣੀ ਕਮੇਟੀ ਤੇ ਵੀ ਭਾਜਪਾ ਦਾ ਕਬਜ਼ਾ ਹੋਵੇਗਾ ਅਤੇ ਤਖਤਾਂ ਤੇ ਜਥੇਦਾਰ ਵੀ ਭਾਜਪਾ ਹੀ ਨਿਯੁਕਤ ਕਰੇਗੀ। ਇਸ ਵਾਸਤੇ ਹੁਣ ਇਹ ਸਿੱਖ ਕੌਮ ਨੇ ਦੇਖਣਾ ਹੈ ਕਿ ਭਾਜਪਾ ਦਾ ਬੰਗਾਲ ਅਸੀਂ ਜਿੱਤ ਲਿਆ ਹੁਣ ਪੰਜਾਬ ਦੀ ਵਾਰੀ ਹੈ ਵਾਲਾ ਨਾਅਰਾ ਸੱਚ ਸਾਬਤ ਹੋਣ ਦੇਣਾ ਹੈ ਕਿ ਨਹੀ।
ਬਖਸ਼ੀਸ਼ ਸਿੰਘ ਸਭਰਾ
94646-96083