ਜੋਗਿੰਦਰ ਸਿੰਘ ਮਾਨ
ਮਾਨਸਾ, 16 ਜੂਨ:
ਮਾਨਸਾ ਵਿਖੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਭਾਰਤੀ ਫੌਜ ਦੇ ਅਗਨੀਵੀਰ ਜਵਾਨ ਬਲਵੀਰ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਜਵਾਨ ਪਿੰਡ ਮੰਡੇਰਨਾ ਦਾ ਰਹਿਣ ਵਾਲਾ ਸੀ ਅਤੇ ਦੋ ਦਿਨ ਪਹਿਲਾਂ ਹੀ ਛੁੱਟੀ 'ਤੇ ਆਪਣੇ ਘਰ ਆਇਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਫਰੀਦਕੋਟ ਵਿਖੇ ਤੈਨਾਤ ਸੀ।
ਜਾਣਕਾਰੀ ਮੁਤਾਬਕ ਬਲਵੀਰ ਸਿੰਘ ਕਿਸੇ ਨਿੱਜੀ ਕੰਮ ਸਬੰਧੀ ਮਾਨਸਾ ਆਇਆ ਹੋਇਆ ਸੀ। ਇਸ ਦੌਰਾਨ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਨੇੜੇ ਉਸ ਦਾ ਮੋਟਰਸਾਈਕਲ ਸੜਕ ਦੇ ਡਿਵਾਈਡਰ ਨਾਲ ਟਕਰਾ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਦੇ ਚਾਚਾ ਨੇ ਦੱਸਿਆ ਕਿ ਬਲਵੀਰ ਸਿੰਘ ਸਾਲ 2021 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ। ਉਹ ਅਣਵਿਆਹਿਆ ਸੀ ਅਤੇ ਆਪਣੇ ਮਾਤਾ-ਪਿਤਾ ਤੇ ਭੈਣ-ਭਰਾਵਾਂ ਦਾ ਸਹਾਰਾ ਸੀ।
ਅਗਨੀਵੀਰ ਜਵਾਨ ਦੇ ਅੰਤਿਮ ਸੰਸਕਾਰ ਨੂੰ ਸਰਕਾਰੀ ਸਨਮਾਨਾਂ ਨਾਲ ਕਰਨ ਲਈ ਭਾਰਤੀ ਫੌਜ ਦੀ ਟੁਕੜੀ ਮਾਨਸਾ ਸਿਵਲ ਹਸਪਤਾਲ ਪਹੁੰਚੀ। ਪੋਸਟਮਾਰਟਮ ਉਪਰੰਤ ਸਾਬਕਾ ਫੌਜੀਆਂ ਅਤੇ ਫੌਜੀ ਅਧਿਕਾਰੀਆਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਪਿੰਡ ਮੰਡੇਰਨਾ ਲਈ ਰਵਾਨਾ ਕਰ ਦਿੱਤਾ ਗਿਆ, ਜਿੱਥੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।
ਥਾਣਾ ਸਿਟੀ-2 ਦੇ ਇੰਚਾਰਜ ਗੁਰਤੇਜ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮ੍ਰਿਤਕ ਦੇ ਪਿਤਾ ਰੂਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।




