ਨਿਊਯਾਰਕ,ਅਮੈਰਿਕਾ (ਰਾਜੂ ਸ਼ਹਿਬਾਜ਼ਪੁਰਾ)- ਨਿਊਯਾਰਕ ਸਿਟੀ ਦੇ ਮੇਅਰ ਜੋਹਰਾਨ ਕਵਾਮੇ ਮਮਦਾਨੀ ਨੇ 9/11 ਅੱਤਵਾਦੀ ਹਮਲਿਆਂ ਤੋਂ ਬਾਅਦ ਹਵਾ ਦੀ ਗੁਣਵੱਤਾ, ਸਿਹਤ ਖ਼ਤਰਿਆਂ ਅਤੇ ਸ਼ਹਿਰ ਵੱਲੋਂ ਕੀਤੀ ਕਾਰਵਾਈ ਨਾਲ ਸਬੰਧਤ 1 ਲੱਖ 70 ਹਜ਼ਾਰ ਤੋਂ ਵੱਧ ਪੰਨਿਆਂ ਦੇ ਰਿਕਾਰਡ ਜਨਤਕ ਕਰ ਦਿੱਤੇ ਹਨ। ਹਮਲਿਆਂ ਦੀ 25ਵੀਂ ਬਰਸੀ ਤੋਂ ਪਹਿਲਾਂ ਜਾਰੀ ਕੀਤੇ ਗਏ ਇਨ੍ਹਾਂ ਦਸਤਾਵੇਜ਼ਾਂ ਲਈ ਸ਼ਹਿਰ ਦਾ ਪਹਿਲਾ ਵਿਸ਼ੇਸ਼ ਆਨਲਾਈਨ ਪੋਰਟਲ ਵੀ ਸ਼ੁਰੂ ਕੀਤਾ ਗਿਆ ਹੈ।
ਮਮਦਾਨੀ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਕਿ 9/11 ਦੌਰਾਨ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ, ਬਚੇ ਹੋਏ ਲੋਕਾਂ ਅਤੇ ਪਹਿਲੇ ਮਦਦਗਾਰਾਂ ਨੂੰ ਪਾਰਦਰਸ਼ਤਾ ਅਤੇ ਜਵਾਬਦੇਹੀ ਦੇਣਾ ਸ਼ਹਿਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਨਿਊਯਾਰਕ ਵਾਸੀਆਂ ਨੂੰ ਉਨ੍ਹਾਂ ਸਰਕਾਰੀ ਰਿਕਾਰਡਾਂ ਤੱਕ ਪਹੁੰਚ ਲਈ ਕਈ ਸਾਲ ਸੰਘਰਸ਼ ਕਰਨਾ ਪਿਆ, ਜਿਹੜੇ ਸ਼ੁਰੂ ਤੋਂ ਹੀ ਲੋਕਾਂ ਲਈ ਉਪਲਬਧ ਹੋਣੇ ਚਾਹੀਦੇ ਸਨ।
ਮੇਅਰ ਨੇ ਕਿਹਾ ਕਿ 9/11 ਦੀ ਪੀੜਾ ਧੂੰਆਂ ਅਤੇ ਧੂੜ ਬੈਠਣ ਨਾਲ ਖ਼ਤਮ ਨਹੀਂ ਹੋਈ। ਗਰਾਊਂਡ ਜ਼ੀਰੋ ਨੇੜੇ ਰਹਿਣ, ਪੜ੍ਹਨ ਅਤੇ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਮਲਬਾ ਹਟਾਉਣ ਅਤੇ ਪੀੜਤਾਂ ਦੀ ਭਾਲ ਕਰਨ ਵਾਲੇ ਹਜ਼ਾਰਾਂ ਕਰਮਚਾਰੀ ਲੰਬੇ ਸਮੇਂ ਤੱਕ ਗੰਭੀਰ ਬਿਮਾਰੀਆਂ ਨਾਲ ਜੂਝਦੇ ਰਹੇ। ਉਨ੍ਹਾਂ ਮੁਤਾਬਕ 9/11 ਨਾਲ ਜੁੜੀਆਂ ਬਿਮਾਰੀਆਂ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਹੁਣ ਹਮਲੇ ਵਾਲੇ ਦਿਨ ਮਾਰੇ ਗਏ ਲੋਕਾਂ ਨਾਲੋਂ ਵੀ ਵੱਧ ਹੋ ਚੁੱਕੀ ਹੈ।
ਮਮਦਾਨੀ ਨੇ ਦੋਸ਼ ਲਾਇਆ ਕਿ ਜਿਨ੍ਹਾਂ ਸਰਕਾਰੀ ਆਗੂਆਂ ਉੱਤੇ ਲੋਕਾਂ ਨੇ ਭਰੋਸਾ ਕੀਤਾ, ਉਨ੍ਹਾਂ ਵੱਲੋਂ ਜ਼ਹਿਰੀਲੀ ਹਵਾ ਦੇ ਖ਼ਤਰਿਆਂ ਬਾਰੇ ਪੂਰੀ ਸੱਚਾਈ ਸਾਹਮਣੇ ਨਹੀਂ ਰੱਖੀ ਗਈ। ਉਨ੍ਹਾਂ ਕਿਹਾ ਕਿ ਨਵੇਂ ਦਸਤਾਵੇਜ਼ ਇਹ ਜਾਣਨ ਵਿੱਚ ਮਦਦ ਕਰਨਗੇ ਕਿ ਸ਼ਹਿਰ ਨੂੰ ਗਰਾਊਂਡ ਜ਼ੀਰੋ ਦੀ ਜ਼ਹਿਰੀਲੀ ਹਵਾ ਬਾਰੇ ਕਦੋਂ ਜਾਣਕਾਰੀ ਮਿਲੀ ਅਤੇ ਉਸ ਤੋਂ ਬਾਅਦ ਕਿਹੜੇ ਕਦਮ ਚੁੱਕੇ ਗਏ।
ਪਹਿਲੇ ਪੜਾਅ ਵਿੱਚ ਜਾਰੀ ਰਿਕਾਰਡਾਂ ਵਿੱਚ ਚਰਚਿਤ ‘ਹਾਰਡਿੰਗ ਮੈਮੋ’, ਵਾਤਾਵਰਣ ਸੁਰੱਖਿਆ ਵਿਭਾਗ ਨਾਲ ਸਬੰਧਤ 68 ਡੱਬਿਆਂ ਦੀਆਂ ਫਾਈਲਾਂ ਅਤੇ ਵਰਲਡ ਟਰੇਡ ਸੈਂਟਰ-7 ਬਾਰੇ ਦਸਤਾਵੇਜ਼ ਸ਼ਾਮਲ ਹਨ। ਮਮਦਾਨੀ ਦੇ ਬਿਆਨ ਮੁਤਾਬਕ ਇਨ੍ਹਾਂ ਰਿਕਾਰਡਾਂ ਵਿੱਚ ਐਸਬੈਸਟਸ, ਕੈਂਸਰ ਪੈਦਾ ਕਰਨ ਵਾਲੇ ਪਦਾਰਥਾਂ ਅਤੇ ਸ਼ਹਿਰ ਦੀ ਸੰਭਾਵਿਤ ਕਾਨੂੰਨੀ ਜ਼ਿੰਮੇਵਾਰੀ ਨਾਲ ਜੁੜੀ ਜਾਣਕਾਰੀ ਵੀ ਮੌਜੂਦ ਹੈ।
ਦਸਤਾਵੇਜ਼ ਜਾਰੀ ਕਰਨ ਦੇ ਨਾਲ ਮਮਦਾਨੀ ਪ੍ਰਸ਼ਾਸਨ ਨੇ 9/11 ਹੈਲਥ ਵਾਚ ਵੱਲੋਂ ਦਾਇਰ ਦੋ ਮੁਕੱਦਮਿਆਂ ਦਾ ਨਿਪਟਾਰਾ ਕਰਕੇ ਕਈ ਸਾਲਾਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਵੀ ਖ਼ਤਮ ਕਰ ਦਿੱਤੀ ਹੈ। ਨਵਾਂ ਸਰਕਾਰੀ ਪੋਰਟਲ ਬਣਾਉਣ ਅਤੇ ਚਲਾਉਣ ਲਈ ਸ਼ਹਿਰ ਦੇ ਬਜਟ ਵਿੱਚ 34 ਮਿਲੀਅਨ ਡਾਲਰ ਰੱਖੇ ਗਏ ਹਨ।
ਪੋਰਟਲ ਉੱਤੇ ਮੌਜੂਦ ਸਾਰੇ ਦਸਤਾਵੇਜ਼ ਮੁਫ਼ਤ ਪੜ੍ਹੇ, ਡਾਊਨਲੋਡ ਅਤੇ ਪ੍ਰਿੰਟ ਕੀਤੇ ਜਾ ਸਕਣਗੇ। ਨਿੱਜੀ ਪਛਾਣ ਅਤੇ ਇਮਾਰਤਾਂ ਦੀ ਸੁਰੱਖਿਆ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਹੀ ਹਟਾਈ ਜਾਵੇਗੀ। ਸ਼ਹਿਰ ਵੱਲੋਂ ਅਗਲੇ 12 ਮਹੀਨਿਆਂ ਦੌਰਾਨ ਹੋਰ ਰਿਕਾਰਡਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਵੀ ਜਨਤਕ ਕੀਤਾ ਜਾਵੇਗਾ।
ਮਮਦਾਨੀ ਪ੍ਰਸ਼ਾਸਨ ਸਿਟੀਵਾਈਡ ਐਡਮਿਨਿਸਟ੍ਰੇਟਿਵ ਸਰਵਿਸਿਜ਼ ਅਤੇ ਨਿਊਯਾਰਕ ਸਿਟੀ ਪਬਲਿਕ ਸਕੂਲਾਂ ਵਿੱਚ ਵਿਸ਼ੇਸ਼ ਕਰਮਚਾਰੀ ਵੀ ਨਿਯੁਕਤ ਕਰੇਗਾ। ਇਹ ਕਰਮਚਾਰੀ ਪ੍ਰਭਾਵਿਤ ਲੋਕਾਂ ਨੂੰ ਆਪਣੀ ਮੌਜੂਦਗੀ ਦੇ ਰਿਕਾਰਡ ਲੱਭਣ ਅਤੇ ਵਰਲਡ ਟਰੇਡ ਸੈਂਟਰ ਸਿਹਤ ਪ੍ਰੋਗਰਾਮ ਤੇ 9/11 ਪੀੜਤ ਮੁਆਵਜ਼ਾ ਫੰਡ ਲਈ ਅਰਜ਼ੀ ਦੇਣ ਵਿੱਚ ਸਹਾਇਤਾ ਕਰਨਗੇ।
ਮੇਅਰ ਮਮਦਾਨੀ ਨੇ ਕਿਹਾ ਕਿ 9/11 ਦੇ ਪੀੜਤਾਂ ਨੂੰ ਯਾਦ ਕਰਨਾ ਕੇਵਲ ਸ਼ਬਦਾਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਉਨ੍ਹਾਂ ਦੀ ਸਿਹਤ, ਹੱਕਾਂ ਅਤੇ ਪਰਿਵਾਰਾਂ ਦੀ ਸਹਾਇਤਾ ਲਈ ਠੋਸ ਕਦਮ ਚੁੱਕਣੇ ਵੀ ਜ਼ਰੂਰੀ ਹਨ।





