
50 ਵਿੱਚੋਂ 42 ਵੋਟਾਂ ਨਾਲ ਬਣੇ ਮੇਅਰ
ਸਾਬਕਾ ਮੇਅਰ ਬਲਜੀਤ ਸਿੰਘ ਚਾਨੀ ਨੂੰ ਹਰਾਕੇ ਪਹਿਲੀ ਵਾਰ ਕੌਂਸਲਰ ਬਣੇ ਤੇ ਹੁਣ ਮੇਅਰ ਵੀ ਬਣ ਗਏ
ਤਰੁਣਪ੍ਰੀਤ ਸਿੰਘ ਸੌਂਦ ਸੈਰ ਸਪਾਟਾ ਮੰਤਰੀ ਵਿਸ਼ੇਸ਼ ਤੌਰ ਤੇ ਪਹੁੰਚੇ
ਮੋਗਾ,11 ਜੂਨ ( ਲਛਮਣ ਜੀਤ ਸਿੰਘ ਪੁਰਬਾ/ਹਰਦੀਪ ਸਿੰਘ )
ਅੱਜ ਪੰਜਾਬ ਦੇ ਚਾਰ ਹਲਕਿਆ ਦੇ ਵਿੱਚ ਨਗਰ ਨਿਗਮ ਮੇਅਰ ਦੀ ਚੋਣ ਹੋਈ ਜਿਸ ਵਿੱਚ ਮੋਗਾ ਦੇ ਆਮ ਆਦਮੀ ਪਾਰਟੀ ਦੇ ਵਿਨੇਪਾਲ ਕੌਰ ਜੋ ਕਿ ਅੱਠ ਨੰਬਰ ਵਾਰਡ ਦੇ ਐਮਸੀ ਦੀਆ ਚੋਣਾਂ ਵਿੱਚੋਂ ਜਿੱਤੇ ਸਨ ਉਹਨਾਂ ਨੂੰ ਅੱਜ ਨਗਰ ਨਿਗਮ ਮੇਅਰ ਤੌਰ ਤੇ ਚੁਣਿਆ ਗਿਆ ਜਿਸ ਵਿੱਚ 50 ਕੌਂਸਲਰਾਂ ਵਿੱਚੋਂ 42 ਕੌਂਸਲਰਾਂ ਨੇ ਆਪਣੀਆਂ ਵੋਟਾਂ ਪਾ ਕੇ ਇਹਨਾਂ ਨੂੰ ਨਗਰ ਨਿਗਮ ਦਾ ਮੇਅਰ ਚੁਣਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸੈਰ ਸਪਾਟਾ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ , ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ, ਧਰਮਕੋਟ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ,ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰੀ ਮੌਜੂਦ ਸਨ।
"ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਤਰੁਣਪ੍ਰੀਤ ਸੌਂਧ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਨੂੰ ਅੱਗੇ ਲੈ ਕੇ ਆਉਂਦੀ ਹੈ ਜਿਨਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਹ ਏਡੇ ਵੱਡੇ ਅਹੁਦੇ ਤੇ ਬਿਰਾਜਮਾਨ ਹੋਣਗੇ। ਇਹ ਸਭ ਆਮ ਆਦਮੀ ਪਾਰਟੀ ਦੀ ਬਦੌਲਤ ਹੀ ਸੰਭਵ ਹੋਇਆ ਹੈ।ਉਹਨਾਂ ਕਿਹਾ ਕਿ ਵਿਨੇਪਾਲ ਕੌਰ ਨੂੰ ਅਸੀਂ ਵਧਾਈ ਦਿੰਦੇ ਹਾਂ ਅਤੇ ਭਰੋਸਾ ਕਰਦੇ ਹਾਂ ਕਿ ਉਹ ਆਪਣੇ ਅਹੁਦੇ ਤੇ ਬੈਠ ਕੇ ਮੋਗਾ ਸ਼ਹਿਰ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦੇਣਗੇ।
ਉਥੇ ਹੀ ਜਾਣਕਾਰੀ ਦਿੰਦੇ ਹੋਏ ਮੋਗਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਲੋਕਾਂ ਦੇ ਨਾਲ ਖੜੀ ਹੈ ਅਤੇ ਅੱਜ ਵਿਨੇਪਾਲ ਕੌਰ ਨੂੰ ਨਗਰ ਨਿਗਮ ਦਾ ਮੇਅਰ ਚੁਣਿਆ ਗਿਆ ਹੈ। ਅਸੀਂ ਸਾਰੇ ਉਹਨਾਂ ਨੂੰ ਵਧਾਈ ਦਿੰਦੇ ਹਾਂ ਅਤੇ ਨਾਲ ਹੀ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਵੀ ਭਰੋਸਾ ਦਵਾਉਂਦੇ ਹਾਂ ਕਿ ਸ਼ਹਿਰ ਵਿੱਚ ਕਿਸੇ ਦੇ ਵੀ ਕੰਮ ਨਹੀਂ ਰੁਕਣਗੇ ਅਤੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ।
ਧਰਮਕੋਟ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਬੀਬੀ ਵਿਨੇਪਾਲ ਕੌਰ ਦੌਧਰੀਆਂ ਨੂੰ ਮੋਗਾ ਨਗਰ ਨਿਗਮ ਦੇ ਮੇਅਰ ਬਣਨ ਦੀ ਵਧਾਈ ਅਤੇ ਭਵਿੱਖ ਲਈ ਸ਼ੁਭਕਾਮਨਾਵਾਂਦਿੰਦਿਆਂ ਆਖਿਆ ਕਿ ਆਸ ਕਰਦਾ ਹਾਂ ਕਿ ਉਹ ਆਪਣੀ ਇਸ ਨਵੀਂ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਉਣਗੇ ਅਤੇ ਨਗਰ ਨਿਗਮ ਮੋਗਾ ਦੀ ਬਿਹਤਰੀ ਲਈ ਕੰਮ ਕਰਨਗੇ।
ਇਸ ਮੌਕੇ ਤੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਨਵ ਨਿਯੁਕਤ ਮੇਅਰ ਵਿਨੇਪਾਲ ਕੌਰ ਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਵੱਲੋਂ ਮੈਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ ਮੈਂ ਇਸ ਨੂੰ ਦਿਲ ਤੋਂ ਨਿਭਾਵਾਂਗੀ । ਬੀਬੀ ਵਿਨੈਪਾਲ ਕੌਰ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਸਮੂਹ ਕੌਂਸਲਰਾਂ ਤੇ ਸ਼ਹਿਰ ਨਿਵਾਸੀਆਂ ਦਾ ਸਹਿਯੋਗ ਲੈਕੇ ਕੰਮ ਕਰਨਗੇ। ਉਨ੍ਹਾਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਵਿਧਾਇਕਾਂ ਡਾਕਟਰ ਅਮਨਦੀਪ ਕੌਰ ਅਰੋੜਾ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀਆਂ ਆਸਾਂ ਅਤੇ ਉਮੀਦਾਂ ਉੱਤੇ ਖਰੇ ਉਤਰਨਗੇ।
ਮੋਗਾ ਦੇ ਵਾਰਡ ਨੰਬਰ ਅੱਠ ਤੋਂ ਕੌਂਸਲਰ ਬੀਬੀ ਵਿਨੈਪਾਲ ਕੌਰ ਨੂੰ ਅੱਜ ਸਰਬਸੰਮਤੀ ਨਾਲ ਮੋਗਾ ਦਾ ਨਵਾਂ ਮੇਅਰ ਚੁਣ ਲਿਆ ਗਿਆ। ਉਹ ਮੋਗਾ ਦੇ ਦੂਜੇ ਮਹਿਲਾ ਅਤੇ ਪੰਜਵੇਂ ਮੇਅਰ ਬਣੇ ਹਨ। ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਖੇ ਪਹਿਲਾਂ ਨਵੇਂ ਚੁਣੇ ਗਏ ਕੌਂਸਲਰਾਂ ਦਾ ਸੁੰਹ ਚੁਕ ਸਮਾਰੋਹ ਹੋਇਆ। ਇਸ ਮੌਕੇ ਤੇ ਪੰਜਾਬ ਸਰਕਾਰ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ।
ਇਸ ਤੋਂ ਇਲਾਵਾ ਜ਼ਿਲ੍ਹੇ ਨਾਲ ਸਬੰਧਤ ਪਾਰਟੀ ਦੇ ਸਾਰੇ ਵਿਧਾਇਕਾਂ ਸਮੇਤ ਸੀਨੀਅਰ ‘ਆਪ’ ਆਗੂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸੌਂਹ ਚੁਕ ਸਮਾਗਮ ਤੋਂ ਬਾਅਦ ਮੀਟਿੰਗ ਹਾਲ ਵਿਚ ਮੇਅਰ ਚੁਣਨ ਦੀ ਪ੍ਰਕਿਰਿਆ ਸ਼ੁਰੂ ਹੋਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਾਜ਼ਰ 42 ਕੌਂਸਲਰਾਂ ਨੇ ਸਰਬਸੰਮਤੀ ਨਾਲ ਬੀਬੀ ਵਿਨੈਪਾਲ ਕੌਰ ਨੂੰ ਮੇਅਰ ਚੁਣ ਲਿਆ। ਮੋਗਾ ਵਾਰਡ ਨੰਬਰ 8 ਪੱਛੜੇ ਵਰਗ ਲਈ ਰਾਖਵਾਂ ਵਾਰਡ ਸੀ ਅਤੇ ਮੇਅਰ ਦਾ ਅਹੁਦਾ ਰਾਖਵਾਂ ਹੋਣ ਕਾਰਨ ਉਨ੍ਹਾਂ ਦੇ ਨਾਮ ਉਪਰ ਆਮ ਆਦਮੀ ਪਾਰਟੀ ਨੇ ਮੋਹਰ ਲਗਾ ਦਿੱਤੀ। ਬੀਬੀ ਵਿਨੈਪਾਲ ਕੌਰ ਬੇਹੱਦ ਸੂਝਵਾਨ ਅਤੇ ਪੜ੍ਹੇ ਲਿਖੇ ਹਨ ਅਤੇ ਸਾਧਾਰਨ ਪਰਿਵਾਰ ਨਾਲ ਸਬੰਧਤ ਹਨ।
ਉਹ ਪਹਿਲੀ ਵਾਰ ਕੌਂਸਲਰ ਬਣੇ ਹਨ ਅਤੇ ਉਨ੍ਹਾਂ ਨੇ ਸਾਬਕਾ ਮੇਅਰ ਬਲਜੀਤ ਸਿੰਘ ਚਾਨੀ ਨੂੰ ਹਰਾਕੇ ਚੋਣ ਜਿੱਤੀ ਹੈ। ਬੀਬੀ ਵਿਨੈਪਾਲ ਕੌਰ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਦੇ ਵੀ ਕਰੀਬੀ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਤੇ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੀਆਂ ਲੋਕ ਪੱਖੀ ਨੀਤੀਆਂ ਨੂੰ ਸੂਬੇ ਅੰਦਰ ਬੂਰ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਆਸਤ ਜਿਸ ਉੱਤੇ ਲੰਬੇ ਸਮੇਂ ਤੋਂ ਭਾਈ ਭਤੀਜਾਵਾਦ ਅਤੇ ਸਰਮਾਏਦਾਰੀ ਨਿਜ਼ਾਮ ਭਾਰੂ ਸੀ ਹੁਣ ਆਮ ਘਰਾਂ ਦੇ ਨੌਜਵਾਨਾਂ ਦੇ ਹੱਥਾਂ ਵਿੱਚ ਹੈ। ਉਨ੍ਹਾਂ ਦਾਅਵਾ ਕਰਦੇ ਹੋਏ ਕਿਹਾ ਕਿ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਫਿਰ ਤੋਂ ਸੂਬੇ ਦੀ ਵਾਗਡੋਰ ਸੰਭਾਲਕੇ ਸ਼ੁਰੂ ਕੀਤੀ ਲੋਕ ਸੇਵਾ ਅਤੇ ਵਿਕਾਸ ਦਾ ਮਿਸ਼ਨ ਅੱਗੇ ਵਧਾਏਗੀ।
ਇਸ ਮੌਕੇ ਉੱਤੇ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਵੀ ਇਸ ਚੋਣ ਲਈ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਦੱਸਿਆ ਕਿ ਅਗਲੇ ਹਫਤੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਦੀ ਵੀ ਚੋਣ ਕਰ ਦਿੱਤੀ ਜਾਵੇਗੀ।
ਅਰੋੜਾ ਨੇ ਦੱਸਿਆ ਕਿ ਮੋਗਾ ਨਿਗਮ ਦੇ 50 ਵਾਰਡਾਂ ਵਿੱਚੋਂ 27 ਵਾਰਡਾਂ ਉੱਤੇ ਮਹਿਲਾ ਕੌਂਸਲਰ ਚੁਣੇ ਗਏ ਹਨ।




