ਜਥੇਦਾਰ ਜਗਦੇਵ ਸਿੰਘ ਤਲਵੰਡੀ ਸਿੱਖ ਸਿਆਸਤ ਦੇ ਨਿਧੜਕ, ਨਿਡਰ ਅਤੇ ਸਪੱਸ਼ਟਵਾਦੀ ਆਗੂ ਸਨ। ਉਹ ਇਕ-ਚਿੱਤ, ਸਿੱਧ-ਪੱਧਰੇ, ਅੱਖੜ, ਅਸੂਲੀ ਅਤੇ ਅਡੋਲ ਸੁਭਾਅ ਲਈ ਜਾਣੇ ਜਾਂਦੇ ਸਨ। ਜੋ ਸਹੀ ਸਮਝਦੇ, ਉਹ ਬੇਝਿਜਕ ਕਹਿੰਦੇ ਅਤੇ ਜਿਸ ਗੱਲ ’ਤੇ ਡਟਦੇ, ਉਸ ਤੋਂ ਪਿੱਛੇ ਹਟਣਾ ਉਨ੍ਹਾਂ ਦੀ ਫ਼ਿਤਰਤ ਨਹੀਂ ਸੀ। ਉਨ੍ਹਾਂ ਦਾ ਦੁਰਸਤ-ਮਿਜ਼ਾਜ਼ ਅਤੇ ਅੜੀਅਲ ਵਤੀਰਾ ਕਦੇ ਤਾਕਤ ਬਣਿਆ ਤੇ ਕਦੇ ਮਨਫ਼ੀ ਪੱਖ ਵੀ ਰਿਹਾ, ਪਰ ਇਹੀ ਬੇਬਾਕੀ ਉਨ੍ਹਾਂ ਦੀ ਸ਼ਖ਼ਸੀਅਤ ਦੀ ਵਿਲੱਖਣ ਪਛਾਣ ਬਣ ਗਈ।
ਜਥੇਦਾਰ ਤਲਵੰਡੀ ਦਾ ਜਨਮ 20 ਜੂਨ 1921 ਨੂੰ ਚੱਕ ਨੰਬਰ 65, ਲਾਇਲਪੁਰ (ਹੁਣ ਪਾਕਿਸਤਾਨ) ਵਿਖੇ ਪਿਤਾ ਜਥੇਦਾਰ ਛਾਂਗਾ ਸਿੰਘ ਦੇ ਘਰ ਹੋਇਆ। 19 ਸਤੰਬਰ 2014 ਨੂੰ ਉਨ੍ਹਾਂ ਦੇ ਤੁਰ ਜਾਣ ਨਾਲ ਸਿੱਖ ਸਿਆਸਤ ਦੀ ਇੱਕ ਨਿਧੜਕ ਆਵਾਜ਼ ਖਾਮੋਸ਼ ਹੋ ਗਈ। ਅਸੂਲਾਂ ’ਤੇ ਅਡੋਲ ਰਹਿਣ ਵਾਲੇ ਇਸ ‘ਲੋਹ-ਪੁਰਸ਼’ ਦੀ ਯਾਦ ਅੱਜ ਵੀ ਪੰਥਕ ਚੇਤਨਾ ਵਿੱਚ ਜਿਉਂਦੀ ਹੈ।
ਉਹ ਸਰੀਰਕ ਰੂਪ ਵਿੱਚ ਸਾਡੇ ਵਿਚਕਾਰ ਨਹੀਂ ਰਹੇ, ਪਰ ਉਨ੍ਹਾਂ ਦੀ ਪੰਥਕ ਪ੍ਰਤੀਬੱਧਤਾ, ਸੋਚ, ਸੰਘਰਸ਼ ਅਤੇ ਛੱਡੀ ਹੋਈ ਪੈੜ ਆਉਣ ਵਾਲੀਆਂ ਪੀੜ੍ਹੀਆਂ ਲਈ ਅੱਜ ਵੀ ਪ੍ਰੇਰਣਾਦਾਇਕ ਹੈ। ਅੱਜ ਜਦੋਂ ਉਨ੍ਹਾਂ ਦੀ ਬਰਸੀ ’ਤੇ ਉਨ੍ਹਾਂ ਦੀ ਯਾਦ ਨੂੰ ਸਿਜਦਾ ਕਰਦੇ ਹਾਂ ਤਾਂ ਅੱਖਾਂ ਸਾਹਮਣੇ ਉਨ੍ਹਾਂ ਦੀ ਲੰਮੀ ਸੰਘਰਸ਼ਮਈ ਜੀਵਨ-ਯਾਤਰਾ ਤੁਰ ਜਾਂਦੀ ਹੈ।
ਪਿੰਡ ਦੀ ਸਰਪੰਚੀ ਤੋਂ ਪੰਥਕ ਸਿਆਸਤ ਦੇ ਉੱਚੇ ਮੰਚਾਂ ਤੱਕ ਦਾ ਸਫ਼ਰ, ਜੇਲ੍ਹਾਂ ਦੀਆਂ ਕਾਲੀਆਂ ਕੰਧਾਂ ਤੋਂ ਲੋਕ ਸਭਾ ਤੱਕ ਦਾ ਪੈਂਡਾ ਅਤੇ ਔਖੇ ਤੋਂ ਔਖੇ ਸਮੇਂ ਵਿੱਚ ਵੀ ਆਪਣੇ ਵਿਸ਼ਵਾਸਾਂ ’ਤੇ ਡਟੇ ਰਹਿਣ ਦੀ ਦ੍ਰਿੜਤਾ ਸਦਕਾ ਕੌਮ ਨੇ ਉਨ੍ਹਾਂ ਨੂੰ ‘ਲੋਹ ਪੁਰਸ਼’ ਦੇ ਖ਼ਿਤਾਬ ਨਾਲ ਨਿਵਾਜਿਆ।
ਸਿੱਖ ਸਿਆਸਤ ਅੰਦਰ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ ਅਤੇ ਜਗਦੇਵ ਸਿੰਘ ਤਲਵੰਡੀ ਦੀ ਤਿੱਕੜੀ ਸਾਂਝ ਤੂਤ ਦੇ ਮੋਸੇ ਵਰਗੀ ਸੀ। ਸ. ਤਲਵੰਡੀ 1944 ਤੋਂ 1950 ਤੱਕ ਲੁਧਿਆਣਾ ਤੋਂ ਛੇਵੀਂ ਲੋਕ ਸਭਾ ਦੇ ਮੈਂਬਰ ਚੁਣੇ ਗਏ। ਉਨ੍ਹਾਂ ਦਾ ਸੰਸਦੀ ਸਫ਼ਰ ਉਸ ਦੌਰ ਦੀ ਪੰਥਕ ਸਿਆਸਤ ਨਾਲ ਜੁੜਿਆ ਰਿਹਾ, ਜਦੋਂ ਪੰਜਾਬੀ ਸੂਬੇ, ਸੂਬਿਆਂ ਦੇ ਵਧੇਰੇ ਅਧਿਕਾਰ ਅਤੇ ਪੰਥਕ ਮਸਲੇ ਸਿਆਸਤ ਦੇ ਕੇਂਦਰ ਵਿੱਚ ਸਨ।
1967 ਦੀ ਲੁਧਿਆਣਾ ਤੋਂ ਇੰਡੀਆ ਅਕਾਲੀ ਕਾਨਫਰੰਸ ਅਤੇ ਆਨੰਦਪੁਰ ਸਾਹਿਬ ਮਤੇ ਨਾਲ ਉਨ੍ਹਾਂ ਦੀ ਸਰਗਰਮ ਭੂਮਿਕਾ ਨੇ ਉਨ੍ਹਾਂ ਦੀ ਪੰਥਕ-ਸਿਆਸੀ ਪਛਾਣ ਨੂੰ ਹੋਰ ਪੱਕਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜੇਲ੍ਹ ਯਾਤਰਾ ਵੀ ਕੀਤੀ।
ਜਗਦੇਵ ਸਿੰਘ ਤਲਵੰਡੀ ਦਾ ਸਿਆਸੀ ਸਫ਼ਰ ਪੰਜਾਬ ਦੀ ਸਿਆਸਤ ਅਤੇ ਪੰਥਕ ਜੀਵਨ ਦੇ ਕਈ ਮਹੱਤਵਪੂਰਨ ਪੜਾਵਾਂ ਵਿਚੋਂ ਲੰਘਿਆ। 1969 ਵਿੱਚ ਪਹਿਲੀ ਵਾਰ ਐੱਸ.ਜੀ.ਪੀ.ਸੀ. ਮੈਂਬਰ ਬਣਨ ਤੋਂ ਬਾਅਦ ਉਹ ਰਾਏਕੋਟ ਤੋਂ ਦੋ ਵਾਰ ਵਿਧਾਇਕ ਰਹੇ ਅਤੇ ਪੰਜਾਬ ਸਰਕਾਰ ਵਿੱਚ ਮੰਤਰੀ ਦੀ ਜ਼ਿੰਮੇਵਾਰੀ ਵੀ ਸੰਭਾਲੀ। 1977 ਵਿੱਚ ਲੁਧਿਆਣਾ ਤੋਂ ਲੋਕ ਸਭਾ ਅਤੇ 1980 ਵਿੱਚ ਰਾਜ ਸਭਾ ਲਈ ਚੁਣੇ ਗਏ।
ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਦਿਆਂ ਉਹ 1978 ਅਤੇ 1988 ਵਿੱਚ ਪਾਰਟੀ ਦੇ ਪ੍ਰਧਾਨ ਬਣੇ। ਪੰਥਕ ਸਿਆਸਤ ਵਿੱਚ ਉਨ੍ਹਾਂ ਦੀ ਲੰਮੀ ਸਰਗਰਮੀ ਦਾ ਇੱਕ ਅਹਿਮ ਪੜਾਅ 30 ਨਵੰਬਰ 2000 ਨੂੰ ਆਇਆ, ਜਦੋਂ ਉਹ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਚੁਣੇ ਗਏ ਅਤੇ 28 ਨਵੰਬਰ 2001 ਤੱਕ ਇਸ ਅਹੁਦੇ ’ਤੇ ਰਹੇ।
ਇਸ ਤਰ੍ਹਾਂ ਵਿਧਾਨ ਸਭਾ, ਪੰਜਾਬ ਸਰਕਾਰ, ਲੋਕ ਸਭਾ, ਰਾਜ ਸਭਾ, ਅਕਾਲੀ ਦਲ ਅਤੇ ਐੱਸ.ਜੀ.ਪੀ.ਸੀ.—ਤਲਵੰਡੀ ਦਾ ਜਨਤਕ ਜੀਵਨ ਪੰਜਾਬ ਦੀ ਸਿਆਸਤ ਅਤੇ ਪੰਥਕ ਯਾਤਰਾ ਦੇ ਕਈ ਅਹਿਮ ਮੋੜਾਂ ਦਾ ਗਵਾਹ ਬਣਿਆ।
ਜਥੇਦਾਰ ਤਲਵੰਡੀ ਦੀ ਯਾਦ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਅਸੀਂ ਉਨ੍ਹਾਂ ਤੋਂ ਕੀ ਸਿੱਖਿਆ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਕਿੰਨਾ ਸੰਭਾਲ ਸਕੇ ਹਾਂ। ਉਨ੍ਹਾਂ ਲਈ ਪੰਥ ਸਿਰਫ਼ ਇੱਕ ਸ਼ਬਦ ਨਹੀਂ ਸੀ, ਸਗੋਂ ਜੀਵਨ ਦੀ ਧੜਕਣ ਸੀ। ਅਸੂਲ ਸਿਰਫ਼ ਭਾਸ਼ਣਾਂ ਦਾ ਹਿੱਸਾ ਨਹੀਂ ਸਨ, ਸਗੋਂ ਜੀਵਨ ਜਿਊਣ ਦੀ ਰੀਤ ਸਨ।
ਇਸੇ ਲਈ ਉਨ੍ਹਾਂ ਦੀ ਯਾਦ ਅੱਜ ਵੀ ਸਿਰਫ਼ ਸ਼ਰਧਾਂਜਲੀ ਦੇ ਫੁੱਲਾਂ ਦੀ ਮੁਥਾਜ਼ ਨਹੀਂ, ਸਗੋਂ ਉਨ੍ਹਾਂ ਅਸੂਲਾਂ ਨੂੰ ਮੁੜ ਯਾਦ ਕਰਨ ਦੀ ਮੰਗ ਕਰਦੀ ਹੈ, ਜਿਨ੍ਹਾਂ ਲਈ ਉਨ੍ਹਾਂ ਨੇ ਆਪਣਾ ਜੀਵਨ ਲਾ ਦਿੱਤਾ।
ਜਥੇਦਾਰ ਜਗਦੇਵ ਸਿੰਘ ਤਲਵੰਡੀ ਵੀ ਉਨ੍ਹਾਂ ਹੀ ਨਾਵਾਂ ਵਿੱਚੋਂ ਇੱਕ ਹਨ। ਉਨ੍ਹਾਂ ਦੀ ਯਾਦ ਅੱਜ ਵੀ ਪੰਥਕ ਚੇਤਨਾ ਵਿੱਚ ਇੱਕ ਅਡੋਲ ਦੀਵੇ ਵਾਂਗ ਜਗਦੀ ਹੈ, ਜੋ ਹਨੇਰੇ ਸਮਿਆਂ ਵਿੱਚ ਅਸੂਲਾਂ ਦੀ ਰੌਸ਼ਨੀ, ਸੰਘਰਸ਼ ਦੀ ਤਪਸ਼ ਅਤੇ ਸਿਦਕ ਦੀ ਲੋਅ ਦਾ ਅਹਿਸਾਸ ਕਰਵਾਉਂਦੀ ਹੈ।
ਅੱਜ ਉਨ੍ਹਾਂ ਦੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕਰਨਾ ਕੇਵਲ ਅਤੀਤ ਨੂੰ ਯਾਦ ਕਰਨਾ ਨਹੀਂ, ਸਗੋਂ ਉਸ ਵਿਰਾਸਤ ਨੂੰ ਸੰਭਾਲਣ ਦਾ ਪ੍ਰਣ ਕਰਨਾ ਹੈ, ਜਿਸ ਵਿੱਚ ਪੰਥ ਪ੍ਰਤੀ ਸਮਰਪਣ, ਪੰਜਾਬ ਪ੍ਰਤੀ ਦਰਦ ਅਤੇ ਅਸੂਲਾਂ ਪ੍ਰਤੀ ਅਡੋਲਤਾ ਵੱਸਦੀ ਹੈ।
ਜਥੇਦਾਰ ਤਲਵੰਡੀ ਚਲੇ ਗਏ, ਪਰ ਉਨ੍ਹਾਂ ਦੇ ਪੈਰਾਂ ਦੀ ਧੂੜ ਅਜੇ ਵੀ ਉਸ ਰਾਹ ’ਤੇ ਪਈ ਹੈ, ਜਿਸ ਰਾਹ ਨੂੰ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਲਹੂ-ਪਸੀਨੇ ਨਾਲ ਸਿੰਜਿਆ ਸੀ।
ਜਥੇਦਾਰ ਤਲਵੰਡੀ ਦੀ ਯਾਦ, ਸੰਘਰਸ਼ ਅਤੇ ਪੰਥਕ ਪ੍ਰਤੀਬੱਧਤਾ ਦੀ ਗਾਥਾ ਬਣ ਗਈ ਹੈ। ਕੌਮ ਨੂੰ ਗੰਭੀਰ ਚੁਣੌਤੀਆਂ ਦੇ ਵੇਲੇ ਲੋਹ-ਪੁਰਸ਼ ਵਰਗੇ ਜੋਸ਼ੀਲੇ, ਅੱਖੜ, ਅਸੂਲੀ ਅਤੇ ਅਡੋਲ ਸੁਭਾਅ ਵਾਲੇ ਆਗੂਆਂ ਦੀ ਲੋੜ ਮਹਿਸੂਸ ਹੁੰਦੀ ਰਹੇਗੀ। ਸਮਾਂ ਜਦੋਂ ਵੀ ਮੰਗ ਕਰੇਗਾ, ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਚੇਤੇ ਕੀਤੇ ਜਾਂਦੇ ਰਹਿਣਗੇ।
— ਕੁਲਦੀਪ ਸਿੰਘ ਲੋਹਟ 9876492410