ਮੋਗਾ, 10 ਜੂਨ (ਗੁਰਜੰਟ ਸਿੰਘ ) ਜ਼ਿਲਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੋਗਾ ਦੇ ਪਿੰਡ ਕਪੂਰੇ ਦੇ ਕੋਲ ਬੱਧਨੀ ਕਲਾਂ ਨਿਵਾਸੀ ਅਰਸਦੀਪ ਸਿੰਘ ਉਰਫ ਅਰਸ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਪੁਲਸ ਵਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਅਣਪਛਾਤੇ ਨੌਜਵਾਨਾਂ ਵਲੋਂ ਬੱਧਨੀ ਕਲਾਂ ਨਿਵਾਸੀ ਅਰਸਦੀਪ ਸਿੰਘ ਉਰਫ ਅਰਸ ਦੇ ਖ਼ਿਲਾਫ਼ ਵੱਖ ਵੱਖ ਥਾਣਿਆਂ ਵਿਚ ਮਾਮਲੇ ਦਰਜ ਸਨ ਅਤੇ ਉਹ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਘਰ ਵਿਚ ਨਹੀਂ ਸੀ ਰਹਿ ਰਿਹਾ ਅਤੇ ਪੁਲਸ ਵਲੋਂ ਉਸ ਨੂੰ ਭਗੌੜਾ ਵੀ ਘੋਸ਼ਿਤ ਕੀਤਾ ਗਿਆ ਸੀ। ਮਹਿਣਾ ਪੁਲਸ ਨੇ ਉਸਦੀ ਮਾਤਾ ਅਮਰਜੀਤ ਕੌਰ ਦੇ ਬਿਆਨਾਂ ’ਤੇ ਅਣਪਛਾਤੇ ਹਮਲਾਵਰਾਂ ਦੇ ਖ਼ਿਲਾਫ ਹੱਤਿਆ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਾਲ ਕ੍ਰਿਸ਼ਨ ਸਿੰਗਲਾ ਐਸਪੀਡੀ, ਗੁਰਪ੍ਰੀਤ ਸਿੰਘ ਡੀਐਸਪੀ ਡੀ, ਡੀਐਸਪੀ ਧਰਮਕੋਟ ਸੁਖਵਿੰਦਰ ਸਿੰਘ ਬਰਾੜ, ਸੀਆਈਏ ਇੰਚਾਰਜ ਇੰਸਪੈਕਟਰ ਦਿਲਜੀਤ ਸਿੰਘ ਅਤੇ ਥਾਣਾ ਮਹਿਣਾ ਦੇ ਮੁੱਖ ਅਫਸਰ ਇੰਸਪੈਕਟਰ ਗੁਰਸੇਵਕ ਸਿੰਘ ਦੀ ਅਗਵਾਈ ਵਿਚ ਵੱਖ ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸਨ ਤਾਂ ਕਿ ਅਣਪਛਾਤੇ ਹਮਲਾਵਰਾਂ ਦਾ ਕੋਈ ਸੁਰਾਗ ਮਿਲ ਸਕੇ। ਇਸ ਸਬੰਧ ਵਿਚ ਅਗਲੇਰੀ ਜਾਣਕਾਰੀ ਦਿੰਦਿਆਂ ਡੀਐਸਪੀ ਧਰਮਕੋਟ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜਾਂਚ ਟੀਮਾਂ ਵਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੈਜ਼ ਅਤੇ ਵਿਗਿਆਨਕ, ਤਕਨੀਕੀ ਤਰੀਕਿਆਂ ਨਾਲ ਇਸ ਹੱਤਿਆ ਮਾਮਲੇ ਦਾ ਸੁਰਾਗ ਲਗਾਉਂਦਿਆਂ ਜਗਜੀਤ ਸਿੰਘ ਉਰਫ ਜੱਗੀ ਨਿਵਾਸੀ ਪਿੰਡ ਝੰਡੇਵਾਲਾ ਅਤੇ ਹਰਕੋਮਲਪ੍ਰੀਤ ਸਿੰਘ ਉਰਫ ਬਿੱਲਾ ਨਿਵਾਸੀ ਬੱਧਨੀ ਖੁਰਦ ਹਾਲ ਪਿੰਡ ਖਾਈ ਨੂੰ ਨਾਮਜ਼ਦ ਕਰ ਕੇ ਕਾਬੂ ਕੀਤਾ ਗਿਆ, ਜਿਨ੍ਹਾਂ ਦੀ ਪੁੱਛਗਿੱਛ ਦੇ ਬਾਅਦ ਉਕਤ ਮਾਮਲੇ ਵਿਚ ਜਗਸੀਰ ਸਿੰਘ ਉਰਫ ਲੱਭਾ ਨਿਵਾਸੀ ਪਿੰਡ ਕੁੱਸਾ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਵਾਰਦਾਤ ਸਮੇਂ ਵਰਤਿਆ ਗਿਆ ਬਿਨਾਂ ਨੰਬਰੀ ਮੋਟਰ ਸਾਈਕਲ ਅਤੇ ਇਕ ਪਿਸਟਲ ਪੁਆਇੰਟ 30 ਬੋਰ ਵਿਦੇਸ਼ੀ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਕਥਿਤ ਮੁਲਜਮਾਂ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂਕਿ ਹੱਤਿਆ ਦੇ ਕਾਰਨਂ ਦਾ ਪਤਾ ਲੱਗ ਸਕੇ। ਜਲਦੀ ਹੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਖ਼ਬਰਾਂ
ਗੋਲੀਆਂ ਮਾਰ ਕੇ ਨੌਜਵਾਨ ਦੀ ਕੀਤੀ ਹੱਤਿਆ ਮਾਮਲੇ ’ਚ, 3 ਕਾਬੂ,ਵਾਰਦਾਤ ਸਮੇਂ ਵਰਤਿਆ ਮੋਟਰ ਸਾਈਕਲ ਅਤੇ ਅਸਲਾ ਬਰਾਮਦ, 2 ਦਿਨ ਦਾ ਪੁਲਸ ਰਿਮਾਂਡ
11 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



