ਪਰਿਵਾਰ ਨੇ ਪਹਿਲਾਂ ਦੋਸ਼ੀ ਦੇ ਪਰਿਵਾਰ ਨਾਲ ਕੀਤੀ ਸੀ ਗੱਲਬਾਤ, ਹੁਣ ਪਿਤਾ ਦੀ ਮੰਗ— ਧੀ ਦੀ ਦੇਹ ਭਾਰਤ ਲਿਆ ਕੇ ਦੋਸ਼ੀ ਨੂੰ ਮਿਲੇ ਸਖ਼ਤ ਸਜ਼ਾ

ਕੈਨੇਡਾ,31 ਜੁਲਾਈ (ਜਗਮੰਦਰ ਸਰਾਂ )ਕੈਨੇਡਾ ਦੇ ਟੋਰਾਂਟੋ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਅੰਮ੍ਰਿਤਸਰ ਦੀ ਰਹਿਣ ਵਾਲੀ 26 ਸਾਲਾ ਨਵਨੀਤ ਕੌਰ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨਵਨੀਤ ਕੌਰ ਕੈਨੇਡਾ ਦੇ CIBC ਬੈਂਕ ਵਿੱਚ ਨੌਕਰੀ ਕਰਦੀ ਸੀ ਅਤੇ ਘਟਨਾ ਸਮੇਂ ਸਵੇਰੇ ਕਰੀਬ ਸਾਢੇ ਸੱਤ ਵਜੇ ਬੱਸ ਸਟਾਪ 'ਤੇ ਬੈਂਕ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ। ਪਰਿਵਾਰ ਦਾ ਦੋਸ਼ ਹੈ ਕਿ ਕੋਟਕਪੂਰਾ ਨਾਲ ਸਬੰਧਤ ਸ਼ਰਨਜੀਤ ਨਾਮਕ ਨੌਜਵਾਨ ਨੇ ਇਕ ਤਰਫ਼ਾ ਪਿਆਰ ਦੇ ਚਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਦੋਸ਼ੀ ਨੂੰ ਕੁਝ ਹੀ ਘੰਟਿਆਂ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।
ਨਵਨੀਤ ਦੇ ਪਿਤਾ ਹਰਪਾਲ ਸਿੰਘ, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੇਵਾ ਨਿਭਾ ਰਹੇ ਹਨ, ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਸਾਲ 2021 ਵਿੱਚ ਸਟੱਡੀ ਵੀਜ਼ੇ 'ਤੇ ਕੈਨੇਡਾ ਭੇਜਿਆ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨਵਨੀਤ ਨੂੰ CIBC ਬੈਂਕ ਵਿੱਚ ਪੱਕੀ ਨੌਕਰੀ ਮਿਲ ਗਈ ਸੀ। ਉਨ੍ਹਾਂ ਮੁਤਾਬਕ ਪਿਛਲੇ ਪੰਜ ਸਾਲਾਂ ਤੋਂ ਸ਼ਰਨਜੀਤ ਉਸ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ।
ਕੁਝ ਸਮਾਂ ਪਹਿਲਾਂ ਜਦੋਂ ਨਵਨੀਤ ਭਾਰਤ ਆਈ ਤਾਂ ਉਸ ਨੇ ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਪਰਿਵਾਰ ਨੇ ਮਹਾਲੀ ਵਿੱਚ ਦੋਸ਼ੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ, ਜਿੱਥੇ ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਅੱਗੇ ਤੋਂ ਨਵਨੀਤ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਇਸ ਭਰੋਸੇ ਤੋਂ ਬਾਅਦ ਨਵਨੀਤ 29 ਜੂਨ ਨੂੰ ਮੁੜ ਕੈਨੇਡਾ ਪਰਤ ਗਈ।
ਪਰਿਵਾਰ ਦਾ ਕਹਿਣਾ ਹੈ ਕਿ ਕੈਨੇਡਾ ਪਹੁੰਚ ਕੇ ਨਵਨੀਤ ਨੇ ਆਪਣਾ ਰਹਿਣ ਦਾ ਟਿਕਾਣਾ ਅਤੇ ਫੋਨ ਨੰਬਰ ਵੀ ਬਦਲ ਲਿਆ ਸੀ। ਇਸ ਦੇ ਬਾਵਜੂਦ ਦੋਸ਼ੀ ਉਸ ਦਾ ਨਵਾਂ ਪਤਾ ਲੱਭਣ ਵਿੱਚ ਕਾਮਯਾਬ ਹੋ ਗਿਆ ਅਤੇ ਲਗਾਤਾਰ ਉਸ ਦੀ ਰੇਕੀ ਕਰਦਾ ਰਿਹਾ। ਪਹਿਲਾਂ ਵੀ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਦੋਸ਼ੀ ਨੂੰ ਨਵਨੀਤ ਦੇ ਬੈਂਕ ਅਤੇ ਰਹਿਣ ਵਾਲੀ ਥਾਂ ਦੇ ਨੇੜੇ ਨਾ ਜਾਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ, ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਘਟਨਾ ਵਾਲੇ ਦਿਨ ਨਵਨੀਤ ਆਪਣੇ ਭਰਾ ਨਾਲ ਵੀਡੀਓ ਕਾਲ 'ਤੇ ਗੱਲ ਕਰਦੀ ਹੋਈ ਘਰੋਂ ਨਿਕਲੀ ਸੀ। ਜਦੋਂ ਉਹ ਬੱਸ ਸਟਾਪ 'ਤੇ ਪਹੁੰਚੀ ਤਾਂ ਉਸ ਨੇ ਭਰਾ ਨੂੰ ਕਿਹਾ, "ਸ਼ਰਨ ਆ ਗਿਆ... ਇਹ ਇੱਥੇ ਕੀ ਕਰ ਰਿਹਾ ਹੈ?" ਇਸ ਤੋਂ ਕੁਝ ਪਲਾਂ ਬਾਅਦ ਫੋਨ ਬੰਦ ਹੋ ਗਿਆ। ਕਰੀਬ ਦੋ ਘੰਟਿਆਂ ਬਾਅਦ ਪਰਿਵਾਰ ਨੂੰ ਪਤਾ ਲੱਗਾ ਕਿ ਨਵਨੀਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਦੁੱਖ ਵਿੱਚ ਡੁੱਬੇ ਪਰਿਵਾਰ ਨੇ ਕੈਨੇਡਾ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਇਹ ਵੀ ਜਾਂਚ ਕੀਤੀ ਜਾਵੇ ਕਿ ਉਸ ਕੋਲ ਹਥਿਆਰ ਕਿੱਥੋਂ ਆਇਆ। ਇਸ ਦੇ ਨਾਲ ਹੀ ਪਰਿਵਾਰ ਆਪਣੀ ਧੀ ਦੀ ਦੇਹ ਭਾਰਤ ਲਿਆਉਣ ਲਈ ਯਤਨ ਕਰ ਰਿਹਾ ਹੈ ਅਤੇ ਉਮੀਦ ਹੈ ਕਿ ਆਉਣ ਵਾਲੇ ਚਾਰ ਤੋਂ ਪੰਜ ਦਿਨਾਂ ਵਿੱਚ ਦੇਹ ਭਾਰਤ ਪਹੁੰਚ ਜਾਵੇਗੀ।