​ਜੀਰਾ, 20 ਸਤੰਬਰ ( ਤੀਰਥ ਸਨੇਰ੍ਹ ): ਮੱਖੂ ਅਧੀਨ ਆਉਂਦੇ ਖੇਤਰ ਵਿੱਚ ਗੁੰਡਾਗਰਦੀ ਅਤੇ ਅਪਰਾਧਿਕ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲੇ ਵਿੱਚ ਪਿੰਡ ਦੀਨੇਕੇ ਦੇ ਇੱਕ 23 ਸਾਲਾ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ-ਦਿਹਾੜੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਸਨਸਨੀਖੇਜ਼ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਦਵਿੰਦਰ ਸਿੰਘ (23) ਪੁੱਤਰ ਰਸਾਲ ਸਿੰਘ, ਵਾਸੀ ਪਿੰਡ ਦੀਨੇਕੇ (ਬਲਾਕ ਮੱਖੂ) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਦਵਿੰਦਰ ਸਿੰਘ ਜਦੋਂ ਬਲਾਕ ਮੱਖੂ ਦੇ ਹੀ ਨਜ਼ਦੀਕੀ ਪਿੰਡ ਪੱਧਰੀ ਕੋਲੋਂ ਲੰਘ ਰਿਹਾ ਸੀ, ਤਾਂ ਅਚਾਨਕ ਅਣਪਛਾਤੇ ਹਮਲਾਵਰਾਂ ਨੇ ਉਸ 'ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਦਵਿੰਦਰ ਸਿੰਘ ਦੀ ਵੱਖੀ ਅਤੇ ਹੱਥ ਵਿੱਚ ਲੱਗੀਆਂ, ਜਿਸ ਕਾਰਨ ਉਹ ਖੂਨ ਨਾਲ ਲੱਥਪੱਥ ਹੋ ਕੇ ਮੌਕੇ 'ਤੇ ਹੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਕੇ ਡਿੱਗ ਪਿਆ।
ਇਕ ਰਾਹਗੀਰ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਘਟਨਾ ਵਾਪਰਨ ਤੋਂ ਤੁਰੰਤ ਬਾਅਦ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਜ਼ਖ਼ਮੀ ਦਵਿੰਦਰ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਜਲਦ ਤੋਂ ਜਲਦ ਨੇੜਲੇ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਜਾ ਰਿਹਾ ਸੀ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਨੌਜਵਾਨ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਡਾਕਟਰਾਂ ਨੇ ਹਸਪਤਾਲ ਪਹੁੰਚਣ 'ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
​ਦਿਨ-ਦਿਹਾੜੇ ਵਾਪਰੀ ਇਸ ਖੂਨੀ ਵਾਰਦਾਤ ਨੇ ਇਲਾਕੇ ਵਿੱਚ ਸੁਰੱਖਿਆ ਵਿਵਸਥਾ 'ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। 23 ਸਾਲਾ ਜਵਾਨ ਪੁੱਤ ਦੀ ਅਚਾਨਕ ਹੋਈ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ! ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਣਪਛਾਤੇ ਹਮਲਾਵਰਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।