ਤਰਨ ਤਾਰਨ,9 ਸਤੰਬਰ (ਅਮਿਤ ਮਰਵਾਹਾ)
ਸਿਹਤ ਸੇਵਾਵਾਂ ਅਤੇ ਸਮਾਜ ਸੇਵਾ ਨੂੰ ਸਮਰਪਿਤ ਪ੍ਰਮੁੱਖ ਸੰਸਥਾ ਸਾਥ ਵੱਲੋਂ ਆਪਣੀਆਂ ਲੋਕ ਭਲਾਈ ਗਤੀਵਿਧੀਆਂ ਨੂੰ ਜਾਰੀ ਰੱਖਦਿਆਂ 15ਵਾਂ ਖੂਨਦਾਨ ਕੈਂਪ 10 ਸਤੰਬਰ ਨੂੰ ਅੰਮ੍ਰਿਤਸਰ ਰੋਡ, ਤਰਨ ਤਾਰਨ ਸਥਿਤ ਦਿ ਵਿਜਡਮ ਵਿਖੇ ਲਗਾਇਆ ਜਾ ਰਿਹਾ ਹੈ। ਕੈਂਪ ਦੌਰਾਨ ਘੱਟੋ-ਘੱਟ 70 ਖੂਨਦਾਨੀਆਂ ਦੀਆਂ ਸੇਵਾਵਾਂ ਲੈਣ ਦਾ ਟੀਚਾ ਰੱਖਿਆ ਗਿਆ ਹੈ।

ਕੈਂਪ ਦੀਆਂ ਤਿਆਰੀਆਂ ਸਬੰਧੀ ਸੰਸਥਾ ਵੱਲੋਂ ਇੱਕ ਵਿਸ਼ੇਸ਼ ਜਨਰਲ ਹਾਊਸ ਮੀਟਿੰਗ ਸਰਦਾਰ ਰਮਣੀਕ ਸਿੰਘ ਖੇੜਾ ਅਤੇ ਸਰਦਾਰ ਦਲਜੀਤ ਸਿੰਘ ਅਰੋੜਾ ਦੀ ਅਗਵਾਈ ਹੇਠ ਕਰਵਾਈ ਗਈ। ਮੀਟਿੰਗ ਦੌਰਾਨ ਖੂਨਦਾਨੀਆਂ ਦੀ ਰਜਿਸਟਰੇਸ਼ਨ, ਸਰਟੀਫਿਕੇਟ, ਰਿਫਰੈਸ਼ਮੈਂਟ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਸਬੰਧੀ ਜ਼ਿੰਮੇਵਾਰੀਆਂ ਮੈਂਬਰਾਂ ਨੂੰ ਸੌਂਪੀਆਂ ਗਈਆਂ, ਤਾਂ ਜੋ ਕੈਂਪ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਰਮਣੀਕ ਸਿੰਘ ਖੇੜਾ, ਕੋਆਰਡੀਨੇਟਰ ਅਤੇ ਦਲਜੀਤ ਸਿੰਘ ਅਰੋੜਾ, ਸੂਬਾ ਪ੍ਰਧਾਨ ਨੇ ਦੱਸਿਆ ਕਿ ਸਾਥ ਸੰਸਥਾ ਵੱਲੋਂ ਸਾਲ ਦੇ 365 ਦਿਨ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਖੂਨਦਾਨ ਕੈਂਪ ਵੀ ਇਸੇ ਲੋਕ ਭਲਾਈ ਦੀ ਲੜੀ ਦਾ ਮਹੱਤਵਪੂਰਨ ਹਿੱਸਾ ਹੈ।

ਉਨ੍ਹਾਂ ਕਿਹਾ ਕਿ ਖੂਨਦਾਨ ਇੱਕ ਮਹਾਨ ਸੇਵਾ ਹੈ, ਜਿਸ ਨਾਲ ਕਿਸੇ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਬਚਾਉਣ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ। ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 10 ਸਤੰਬਰ ਨੂੰ ਹੋਣ ਵਾਲੇ ਖੂਨਦਾਨ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਆਪਣਾ ਯੋਗਦਾਨ ਪਾਉਣ।

ਮੀਟਿੰਗ ਵਿੱਚ ਰਮਣੀਕ ਸਿੰਘ ਖੇੜਾ, ਕੋਆਰਡੀਨੇਟਰ, ਦਲਜੀਤ ਸਿੰਘ ਅਰੋੜਾ, ਸੂਬਾ ਪ੍ਰਧਾਨ, ਸੁਖਵੰਤ ਸਿੰਘ ਧਾਮੀ, ਚਰਨਜੀਤ ਸਿੰਘ ਗੁਲਾਟੀ, ਨਵਦੀਪ ਸਿੰਘ, ਬਾਬਾ ਸਤਬੀਰ ਸਿੰਘ ਜੀ ਲਾਡਾ, ਨਰਿੰਦਰ ਸਿੰਘ, ਸਾਬਕਾ ਬੈਂਕ ਮੈਨੇਜਰ, ਜਗਮੋਹਨ ਸਿੰਘ ਗੁਲਾਟੀ ਸਮੇਤ ਵੱਡੀ ਗਿਣਤੀ ਵਿੱਚ ਸੰਸਥਾ ਦੇ ਮੈਂਬਰ ਅਤੇ ਸਮਾਜ ਸੇਵੀ ਹਾਜ਼ਰ ਸਨ।