ਮੋਗਾ ,3 ਜੁਲਾਈ (ਲਛਮਣਜੀਤ ਸਿੰਘ ਪੁਰਬਾ) ਜ਼ਿਲ੍ਹੇ ਦੇ ਕਸਬਾ ਧਰਮਕੋਟ ਅਧੀਨ ਪੈਂਦੇ ਪਿੰਡ ਲੋਹਗੜ੍ਹ ਦੇ ਇਲਾਕੇ ਵਿੱਚ ਇੱਕ ਮੋਟਰ 'ਤੇ ਬੁੱਧਵਾਰ ਰਾਤ ਆਪਸੀ ਰੰਜਿਸ਼ ਦੇ ਚਲਦਿਆਂ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਗੋਲੀ ਨੌਜਵਾਨ ਦੇ ਸੱਜੇ ਪੱਟ ਵਿੱਚ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਜ਼ਖ਼ਮੀ ਨੌਜਵਾਨ ਨੂੰ ਤੁਰੰਤ ਇਲਾਜ ਲਈ ਕੋਟ ਈਸੇ ਖਾਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਧਰਮਕੋਟ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਜ਼ਖ਼ਮੀ ਨੌਜਵਾਨ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।
ਪੀੜਤ ਸੁਖਵਿੰਦਰ ਸਿੰਘ ਨੇ 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਭਤੀਜੇ ਸੁਖਜੀਤ ਸਿੰਘ ਨਾਲ ਕੁਝ ਨੌਜਵਾਨਾਂ ਨੇ ਧਰਮਕੋਟ ਵਿੱਚ ਕੁੱਟਮਾਰ ਕੀਤੀ ਸੀ। ਭਤੀਜੇ ਨੇ ਫੋਨ ਕਰਕੇ ਉਨ੍ਹਾਂ ਨੂੰ ਮੌਕੇ 'ਤੇ ਬੁਲਾਇਆ। ਜਦੋਂ ਉਹ ਆਪਣੇ ਸਾਥੀਆਂ ਨਾਲ ਉੱਥੇ ਪਹੁੰਚੇ ਤਾਂ ਕੁਝ ਨੌਜਵਾਨਾਂ ਨੇ ਗੱਲਬਾਤ ਕਰਨ ਦੇ ਬਹਾਨੇ ਉਨ੍ਹਾਂ ਨੂੰ ਮੋਟਰ 'ਤੇ ਬੁਲਾਇਆ। ਜਿਵੇਂ ਹੀ ਉਹ ਉੱਥੇ ਪਹੁੰਚੇ ਤਾਂ ਹਮਲਾਵਰਾਂ ਨੇ ਅਚਾਨਕ ਫਾਇਰਿੰਗ ਕਰ ਦਿੱਤੀ।
ਪੀੜਤ ਨੇ ਦੱਸਿਆ ਕਿ ਹਮਲਾਵਰਾਂ ਨੇ ਦੋ ਤੋਂ ਤਿੰਨ ਫਾਇਰ ਕੀਤੇ, ਜਿਨ੍ਹਾਂ ਵਿੱਚੋਂ ਇੱਕ ਗੋਲੀ ਉਸ ਦੇ ਸੱਜੇ ਪੱਟ ਵਿੱਚ ਲੱਗੀ। ਗੋਲੀ ਅਜੇ ਵੀ ਸਰੀਰ ਵਿੱਚ ਫਸੀ ਹੋਈ ਹੈ ਅਤੇ ਡਾਕਟਰਾਂ ਵੱਲੋਂ ਆਪ੍ਰੇਸ਼ਨ ਕੀਤਾ ਜਾਣਾ ਹੈ। ਉਸ ਨੇ ਕਿਹਾ ਕਿ ਉਸ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਸੀ ਅਤੇ ਨਾ ਹੀ ਉਹ ਹਮਲਾਵਰਾਂ ਨੂੰ ਪਹਿਲਾਂ ਤੋਂ ਜਾਣਦਾ ਸੀ। ਉਸ ਮੁਤਾਬਕ ਇਹ ਸਾਰਾ ਵਿਵਾਦ ਉਸ ਦੇ ਭਤੀਜੇ ਨਾਲ ਹੋਈ ਕੁੱਟਮਾਰ ਤੋਂ ਬਾਅਦ ਸ਼ੁਰੂ ਹੋਇਆ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਲਛਮਣ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰੇੜਵਾ ਦਾ ਰਹਿਣ ਵਾਲਾ ਸੁਖਵਿੰਦਰ ਸਿੰਘ ਕੋਟ ਈਸੇ ਖਾਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਹੈ। ਪੁਲਿਸ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀ ਦੇ ਬਿਆਨ ਦਰਜ ਕੀਤੇ, ਜਿਸ ਦੇ ਆਧਾਰ 'ਤੇ ਐਫਆਈਆਰ ਨੰਬਰ 177 ਮਿਤੀ 2 ਜੁਲਾਈ 2026/Arm Act ਅਤੇ BNS 109,190,191,192 ਵੱਖ ਧਾਾਵਾਂ ਤਹਿਤ ਦਰਜ ਕੀਤੀ ਗਈ।
ਐਸਐਚਓ ਧਰਮਕੋਟ ਨੇ ਦੱਸਿਆ ਕਿ ਜ਼ਖ਼ਮੀ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਅਰਜਨ ਸਿੰਘ ਸਮੇਤ ਕਰੀਬ ਸੱਤ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘਟਨਾ ਤੋਂ ਪਹਿਲਾਂ ਦੋਵਾਂ ਧਿਰਾਂ ਵਿਚਾਲੇ ਕੁੱਟਮਾਰ ਹੋਈ ਸੀ ਅਤੇ ਉਸੇ ਵਿਵਾਦ ਨੂੰ ਲੈ ਕੇ ਬਾਅਦ ਵਿੱਚ ਗੱਲਬਾਤ ਕਰਨ ਦੇ ਬਹਾਨੇ ਬੁਲਾ ਕੇ ਗੋਲੀ ਚਲਾਈ ਗਈ। ਘਟਨਾ ਦੌਰਾਨ ਦੋ ਫਾਇਰ ਕੀਤੇ ਗਏ, ਜਿਨ੍ਹਾਂ ਵਿੱਚੋਂ ਇੱਕ ਹਵਾਈ ਫਾਇਰ ਸੀ, ਜਦਕਿ ਦੂਜੀ ਗੋਲੀ ਪੀੜਤ ਦੇ ਸੱਜੇ ਪੱਟ ਵਿੱਚ ਲੱਗੀ।
ਐਸਐਚਓ ਲਛਮਣ ਸਿੰਘ ਨੇ ਕਿਹਾ ਕਿ ਵਰਤਿਆ ਗਿਆ ਹਥਿਆਰ ਲਾਇਸੈਂਸੀ ਸੀ ਜਾਂ ਗੈਰ-ਕਾਨੂੰਨੀ, ਇਸ ਬਾਰੇ ਗ੍ਰਿਫ਼ਤਾਰੀਆਂ ਅਤੇ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।