ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅਤੇ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ (ਹਲਕਾ ਇੰਚਾਰਜ ਵਿਧਾਨ ਸਭਾ ਹਲਕਾ ਮੋਗਾ ਕਾਂਗਰਸ)

ਮੋਗਾ, 1 ਜੁਲਾਈ (ਜਸ਼ਨ ) ਇਨਸਾਨੀਅਤ ਦੀ ਸੇਵਾ ਨੂੰ ਆਪਣਾ ਧਰਮ ਬਣਾਉਣ ਵਾਲੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅਤੇ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ (ਹਲਕਾ ਇੰਚਾਰਜ ਵਿਧਾਨ ਸਭਾ ਹਲਕਾ ਮੋਗਾ ਕਾਂਗਰਸ) ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਮਾਜ ਸੇਵਾ ਸਿਰਫ਼ ਵਾਅਦਿਆਂ ਨਾਲ ਨਹੀਂ, ਸਗੋਂ ਅਮਲੀ ਕਾਰਜਾਂ ਨਾਲ ਹੁੰਦੀ ਹੈ। ਸੂਬੇ ਵਿਚ ਪਿਛਲੇ ਸਮੇਂ ਦੌਰਾਨ ਆਏ ਹੜ੍ਹਾਂ ਕਾਰਨ ਜਿਨ੍ਹਾਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਕੱਚੇ ਮਕਾਨ ਅਤੇ ਟਾਇਲ-ਬੱਤੇ ਵਾਲੀਆਂ ਛੱਤਾਂ ਨੁਕਸਾਨੀਆਂ ਗਈਆਂ ਸਨ, ਉਨ੍ਹਾਂ ਲਈ ਸੂਦ ਭੈਣ-ਭਰਾ ਵੱਲੋਂ ਸ਼ੁਰੂ ਕੀਤੀ ਗਈ ‘ਛੱਤ ਤੁਹਾਡੀ-ਜ਼ਿੰਮੇਵਾਰੀ ਸਾਡੀ’ ਮੁਹਿੰਮ ਅੱਜ ਸੈਂਕੜਿਆਂ ਪਰਿਵਾਰਾਂ ਲਈ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਬਣ ਚੁੱਕੀ ਹੈ। ਇਸ ਮੁਹਿੰਮ ਤਹਿਤ ਮੋਗਾ ਜ਼ਿਲੇ ਤੋਂ ਇਲਾਵਾ ਫਿਰੋਜ਼ਪੁਰ ਅਤੇ ਹੋਰ ਪ੍ਰਭਾਵਿਤ ਇਲਾਕਿਆਂ ਦੇ ਬੇਘਰ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੂੰ ਪੱਕੀਆਂ ਛੱਤਾਂ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਗਿਆ ਸੀ। ਇਸ ਯੋਜਨਾ ਅਧੀਨ ਕੁੱਲ 257 ਪਰਿਵਾਰਾਂ ਲਈ ਮਕਾਨ ਤਿਆਰ ਕਰਨ ਦਾ ਸੰਕਲਪ ਲਿਆ ਗਿਆ, ਜਿਸ ਵਿੱਚੋਂ ਹੁਣ ਤੱਕ 180 ਪਰਿਵਾਰਾਂ ਦੇ ਘਰ ਮੁਕੰਮਲ ਕਰ ਕੇ ਉਨ੍ਹਾਂ ਨੂੰ ਸੁਰੱਖਿਅਤ ਆਸ਼ਿਆਨਾ ਦਿੱਤਾ ਜਾ ਚੁੱਕਾ ਹੈ। ਬਾਕੀ ਰਹਿੰਦੇ ਪਰਿਵਾਰਾਂ ਦੇ ਘਰਾਂ ਦਾ ਕੰਮ ਵੀ ਤੇਜ਼ੀ ਨਾਲ ਜਾਰੀ ਹੈ। ਮੋਗਾ ਪਹੁੰਚੇ ਸੋਨੂੰ ਸੂਦ ਅਤੇ ਮਾਲਵਿਕਾ ਸੂਦ ਨਾਲ ਮੁਲਾਕਾਤ ਕਰਨ ਲਈ ਉਹ ਪਰਿਵਾਰ ਵੀ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ, ਜਿਨ੍ਹਾਂ ਨੂੰ ਇਸ ਮੁਹਿੰਮ ਤਹਿਤ ਨਵੀਆਂ ਛੱਤਾਂ ਮਿਲੀਆਂ ਹਨ।
ਪਰਿਵਾਰਾਂ ਨੇ 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਭਾਵੁਕ ਹੋ ਕੇ ਦੱਸਿਆ ਕਿ ਉਨ੍ਹਾਂ ਕੋਲ ਧੰਨਵਾਦ ਕਰਨ ਲਈ ਸ਼ਬਦ ਵੀ ਘੱਟ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਸਾਲਾਂ ਤੱਕ ਉਹ ਕੱਚੇ ਮਕਾਨਾਂ, ਤਰਪਾਲਾਂ ਅਤੇ ਕਾਨਿਆਂ ਹੇਠ ਰਹਿਣ ਲਈ ਮਜਬੂਰ ਸਨ। ਕਈ ਲੋਕ ਆਏ, ਵਾਅਦੇ ਕਰਕੇ ਚਲੇ ਗਏ, ਪਰ ਉਨ੍ਹਾਂ ਦੀ ਮੁਸ਼ਕਿਲ ਕਿਸੇ ਨੇ ਦੂਰ ਨਹੀਂ ਕੀਤੀ। ਅਜਿਹੇ ਸਮੇਂ ਵਿਚ ਸੋਨੂੰ ਸੂਦ ਅਤੇ ਮਾਲਵਿਕਾ ਸੂਦ ਨੇ ਨਾ ਸਿਰਫ਼ ਉਨ੍ਹਾਂ ਦਾ ਦਰਦ ਸਮਝਿਆ, ਸਗੋਂ ਪੱਕੀ ਛੱਤ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਵਿਚ ਨਵੀਂ ਉਮੀਦ ਜਗਾਈ। ਲਾਭਪਾਤਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਅੱਜ ਇੱਜ਼ਤ ਅਤੇ ਸੁਰੱਖਿਆ ਨਾਲ ਆਪਣੇ ਘਰਾਂ ਵਿਚ ਰਹਿ ਰਹੇ ਹਨ। ਉਨ੍ਹਾਂ ਨੇ ਸੂਦ ਪਰਿਵਾਰ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਵੀ ਉਨ੍ਹਾਂ ਨੂੰ ਸੂਦ ਪਰਿਵਾਰ ਦੀ ਲੋੜ ਪਵੇਗੀ, ਉਹ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ। ਇਸ ਮੌਕੇ ਸੋਨੂੰ ਸੂਦ ਅਤੇ ਮਾਲਵਿਕਾ ਸੂਦ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਦਾ ਕੰਮ ਵੀ ਜਲਦੀ ਪੂਰਾ ਕਰ ਦਿੱਤਾ ਜਾਵੇਗਾ। ਸੋਨੂੰ ਸੂਦ ਅਤੇ ਮਾਲਵਿਕਾ ਸੂਦ ਨੇ ਅੱਗੇ ਆਖਿਆ ਕਿ ਉਨ੍ਹਾਂ ਵਲੋਂ ਬਹੁਤ ਜਲਦ ਸਿਖਲਾਈ ਕੇਂਦਰ, ਰੀਹੈਬਟੇਸ਼ਨ ਸੈਂਟਰ ਮੋਗਾ ਵਿਚ ਅਤੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਰ ਪਰਿਵਾਰ ਨੂੰ ਸੁਰੱਖਿਅਤ ਛੱਤ ਮਿਲਣਾ ਉਸ ਦਾ ਬੁਨਿਆਦੀ ਹੱਕ ਹੈ ਅਤੇ ਸਮਾਜ ਦੇ ਸਮਰੱਥ ਲੋਕਾਂ ਨੂੰ ਅਜਿਹੇ ਮਨੁੱਖੀ ਕਾਰਜਾਂ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।