ਮੋਗਾ, 17 ਅਗਸਤ ( ਜਸ਼ਨ ) : ਰੋਟਰੀ ਕਲੱਬ ਮੋਗਾ ਸਿਟੀ ਵੱਲੋਂ ਪ੍ਰਧਾਨ ਰਾਜੀਵ ਬੇਦੀ, ਚੇਅਰਮੈਨ ਵਿਜੇ ਮਦਾਨ, ਕੈਸ਼ੀਅਰ ਵਿਨੋਦ ਗਰਗ ਅਤੇ ਸਕੱਤਰ ਗੁਰਜੀਤ ਸਿੰਘ ਦੀ ਅਗਵਾਈ ਹੇਠ ਹਵੇਲੀ ਵਿਖੇ ਤੀਆਂ ਦਾ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਰੋਟਰੀ ਕਲੱਬ ਨਾਲ ਜੁੜੇ ਪਰਿਵਾਰਾਂ ਦੀਆਂ ਮਹਿਲਾਵਾਂ ਅਤੇ ਮੁਟਿਆਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਦੀ ਖੂਬਸੂਰਤ ਝਲਕ ਪੇਸ਼ ਕੀਤੀ।

ਸਮਾਗਮ ਦਾ ਸ਼ੁਭ ਆਰੰਭ ਰੋਟਰੀ ਦੇ ਅਸਿਸਟੈਂਟ ਗਵਰਨਰ ਰਮੇਸ਼ ਸਿੰਗਲਾ ਦੀ ਪਤਨੀ ਕਿਰਨ ਸਿੰਗਲਾ ਵੱਲੋਂ ਜੋਤੀ ਪ੍ਰਜਵਲਿਤ ਕਰਕੇ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਸੀ.ਏ. ਸੰਦੀਪ ਗਰਗ ਦੀ ਮਾਤਾ ਕਮਲੇਸ਼ ਗਰਗ ਵੱਲੋਂ ਕਰਵਾਈ ਗਈ। ਇਸ ਮੌਕੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਰੁਚੀ ਬੇਦੀ ਅਤੇ ਸੁਗੰਧਾ ਮਿੱਤਲ ਨੇ ਸਾਂਝੇ ਤੌਰ ’ਤੇ ਕੀਤਾ।

ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਰਾਜੀਵ ਬੇਦੀ, ਚੇਅਰਮੈਨ ਵਿਜੇ ਮਦਾਨ, ਕੈਸ਼ੀਅਰ ਵਿਨੋਦ ਗਰਗ, ਸਕੱਤਰ ਗੁਰਜੀਤ ਸਿੰਘ ਤੋਂ ਇਲਾਵਾ ਸੰਜੇ ਗਰਗ, ਮੋਹਿਤ ਸਿੰਗਲਾ, ਪ੍ਰਵੇਸ਼ ਗੋਇਲ, ਸੰਦੀਪ ਗਰਗ, ਰਾਜੀਵ ਸਿੰਗਲਾ, ਨਰਿੰਦਰ ਅਰੋੜਾ, ਪ੍ਰੇਮ ਜਿੰਦਲ, ਸੰਜੀਵ ਗੁਪਤਾ, ਤਰਸੇਮ ਲਾਲ, ਰਾਜੇਸ਼ ਗੁਪਤਾ, ਕੇਵਲ ਬਾਂਸਲ, ਜਸਪਾਲ ਬੱਬੀ, ਗੌਰਵ ਮਿੱਤਲ, ਹਰਪ੍ਰੀਤ ਹੈਰੀ, ਰਾਕੇਸ਼ ਧਮੀਜਾ, ਵਿਨੀਤ ਗੁਪਤਾ, ਰਾਕੇਸ਼ ਜਿੰਦਲ, ਵਿਜਯੰਤ ਗੁਪਤਾ, ਪ੍ਰਦੀਪ ਜਿੰਦਲ, ਰੋਹਿਤ ਬਾਂਸਲ ਅਤੇ ਸੁਸ਼ੀਲ ਗਰਗ ਸਮੇਤ ਕਲੱਬ ਦੇ ਹੋਰ ਮੈਂਬਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਸਮਾਗਮ ਦੌਰਾਨ ਮਹਿਲਾਵਾਂ ਅਤੇ ਮੁਟਿਆਰਾਂ ਨੇ ਪੰਜਾਬੀ ਬੋਲੀਆਂ ਦੀ ਥਾਪ ’ਤੇ ਗਿੱਧਾ ਪਾ ਕੇ ਖੂਬ ਧਮਾਲ ਮਚਾਈ। ਟੱਪਿਆਂ ਅਤੇ ਬੋਲੀਆਂ ਨਾਲ ਹਵੇਲੀ ਦਾ ਮਾਹੌਲ ਪੂਰੀ ਤਰ੍ਹਾਂ ਪੰਜਾਬੀ ਰੰਗ ਵਿੱਚ ਰੰਗਿਆ ਗਿਆ। ਮਹਿਲਾਵਾਂ ਨੇ ਰਵਾਇਤੀ ਤੀਆਂ ਦੇ ਗੀਤਾਂ ਅਤੇ ਲੋਕ ਨਾਚ ਰਾਹੀਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਮਹਿਲਾਵਾਂ ਲਈ ਵੱਖ-ਵੱਖ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ਦਾ ਸਭ ਨੇ ਭਰਪੂਰ ਆਨੰਦ ਮਾਣਿਆ। ਸਮਾਗਮ ਦੌਰਾਨ ਰਤਨਾ ਗਰਗ ਦੇ ਸਿਰ ਤੀਜ ਕੁਈਨ ਦਾ ਤਾਜ ਸਜਾਇਆ ਗਿਆ, ਜਿਸ ਉਪਰੰਤ ਕਲੱਬ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੁਚੀ ਬੇਦੀ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਤੀਆਂ ਪੰਜਾਬ ਦੀ ਅਮੀਰ ਲੋਕ-ਸੱਭਿਆਚਾਰਕ ਵਿਰਾਸਤ ਅਤੇ ਮਹਿਲਾਵਾਂ ਦੀਆਂ ਖੁਸ਼ੀਆਂ ਨਾਲ ਜੁੜਿਆ ਮਹੱਤਵਪੂਰਨ ਤਿਉਹਾਰ ਹੈ। ਸਾਉਣ ਦੇ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਇਹ ਤਿਉਹਾਰ ਕੁਦਰਤ, ਉਮੰਗ, ਆਪਸੀ ਪਿਆਰ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਤੀਆਂ ਮੌਕੇ ਮਹਿਲਾਵਾਂ ਇਕੱਠੀਆਂ ਹੋ ਕੇ ਗਿੱਧਾ, ਬੋਲੀਆਂ ਅਤੇ ਲੋਕ ਗੀਤਾਂ ਰਾਹੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੀਆਂ ਹਨ, ਜਿਸ ਨਾਲ ਨਵੀਂ ਪੀੜ੍ਹੀ ਨੂੰ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਵਿੱਚ ਮਦਦ ਮਿਲਦੀ ਹੈ। ਚੇਅਰਮੈਨ ਵਿਜੇ ਮਦਾਨ ਨੇ ਕਿਹਾ ਕਿ ਤੀਆਂ ਪੰਜਾਬ ਦੀ ਲੋਕ-ਸੱਭਿਆਚਾਰਕ ਵਿਰਾਸਤ ਦਾ ਅਨਿੱਖੜਵਾਂ ਹਿੱਸਾ ਹਨ। ਗਿੱਧਾ, ਬੋਲੀਆਂ ਅਤੇ ਲੋਕ ਗੀਤ ਸਾਡੀ ਅਮੀਰ ਵਿਰਾਸਤ ਦੀ ਪਹਿਚਾਣ ਹਨ। ਅਜਿਹੇ ਸਮਾਗਮਾਂ ਰਾਹੀਂ ਜਿੱਥੇ ਮਹਿਲਾਵਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਦਾ ਹੈ, ਉੱਥੇ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਵੀ ਆਪਣੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨਾਲ ਜੁੜਨ ਦੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਨੇ ਸਮਾਗਮ ਵਿੱਚ ਉਤਸ਼ਾਹ ਨਾਲ ਭਾਗ ਲੈਣ ਵਾਲੀਆਂ ਸਾਰੀਆਂ ਮਹਿਲਾਵਾਂ ਅਤੇ ਰੋਟਰੀ ਪਰਿਵਾਰਾਂ ਦਾ ਧੰਨਵਾਦ ਕੀਤਾ।
ਪ੍ਰਧਾਨ ਰਾਜੀਵ ਬੇਦੀ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਮੋਗਾ ਸਿਟੀ ਹਮੇਸ਼ਾ ਸਮਾਜਿਕ ਗਤੀਵਿਧੀਆਂ ਦੇ ਨਾਲ-ਨਾਲ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਸੱਭਿਆਚਾਰ ਤੇ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਤੀਆਂ ਵਰਗੇ ਤਿਉਹਾਰ ਸਾਡੀ ਵਿਰਾਸਤ ਦੀ ਪਹਿਚਾਣ ਹਨ ਅਤੇ ਇਨ੍ਹਾਂ ਨੂੰ ਮਿਲ-ਜੁਲ ਕੇ ਮਨਾਉਣ ਨਾਲ ਪਰਿਵਾਰਾਂ ਵਿੱਚ ਆਪਸੀ ਪਿਆਰ ਅਤੇ ਭਾਈਚਾਰਾ ਹੋਰ ਮਜ਼ਬੂਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਮਾਗਮ ਦਾ ਮਕਸਦ ਮਹਿਲਾਵਾਂ ਨੂੰ ਮਨੋਰੰਜਨ ਦਾ ਮੌਕਾ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੋੜਨਾ ਵੀ ਹੈ।
ਸਮਾਗਮ ਦੇ ਅੰਤ ਵਿੱਚ ਸਾਰਿਆਂ ਨੇ ਮਿਲ ਕੇ ਤੀਆਂ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਪੰਜਾਬੀ ਸੱਭਿਆਚਾਰ ਨੂੰ ਜੀਵੰਤ ਰੱਖਣ ਦਾ ਸੰਕਲਪ ਲਿਆ।