ਮੋਗਾ 29 ਸਤੰਬਰ (ਜਸ਼ਨ ) : ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਨੇ ਸਿਰਫ ਸੱਤਾ ਹਥਿਆਉਣ ਲਈ ਭਗਤ ਸਿੰਘ ਨੂੰ ਅਪਣਾਇਆ ਜਦਕਿ ਲੋੜ ਉਸਦੀ ਵਿਚਾਰਧਾਰਾ ਨੂੰ ਅਪਨਾਉਣ ਦੀ ਸੀ। ਸ਼ਹੀਦਾਂ ਦੀਆਂ ਸਮਾਧੀਆਂ ਤੇ ਖੜ੍ਹ ਕੇ ਹੱਥਾਂ ਵਿੱਚ ਸ਼ਹੀਦਾਂ ਦੀ ਧਰਤੀ ਦੀ ਮਿੱਟੀ ਲੈ ਕੇ, ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਵੱਡੀਆਂ ਵੱਡੀਆਂ ਕਸਮਾਂ ਖਾ ਕੇ ਲੋਕਾਂ ਨੂੰ ਵਾਰ ਵਾਰ ਮੂਰਖ ਬਣਾਇਆ ਗਿਆ ਤੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਸੱਤਾ ਹਾਸਲ ਕੀਤੀ ਗਈ ਪਰ ਸੂਬੇ ਜਾਂ ਦੇਸ਼ ਦੇ ਹਾਲਾਤ ਨਹੀਂ ਬਦਲੇ। ਸਭ ਲਈ ਰੁਜ਼ਗਾਰ, ਨਿਆਂ ਅਤੇ ਬਰਾਬਰੀ ਲਈ ਕਿਸੇ ਰਾਜਨੀਤਿਕ ਪਾਰਟੀ ਨੇ ਕੰਮ ਨਹੀਂ ਕੀਤਾ। ਇਸ ਕਿਹਾ ਜਾ ਸਕਦਾ ਹੈ ਕਿ ਸਾਡਾ ਦੇਸ਼ ਅਜ਼ਾਦ ਨਹੀਂ ਹੋਇਆ, ਸਿਰਫ ਸੱਤਾ ਬਦਲੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਹੀਦ ਭਗਤ ਸਿੰਘ ਦੇ ਭਾਣਜੇ ਜਗਮੋਹਨ ਸਿੰਘ ਨੇ ਸਿਵਲ ਸੁਸਾਇਟੀ ਮੋਗਾ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਨੇਚਰ ਪਾਰਕ ਮੋਗਾ ਵਿਖੇ ਕਰਵਾਏ ਗਏ ਸੈਮੀਨਾਰ/ਨਾਟਕ ਮੇਲੇ ਵਿੱਚ ਭੇਜੇ ਆਪਣੇ ਆਡੀਓ ਸੰਦੇਸ਼ ਦੌਰਾਨ ਕੀਤਾ। ਇਸ ਮੌਕੇ ਈ ਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ, ਪੰਜਾਬੀ ਦੇ ਉਘੇ ਲੇਖਕ ਬਲਦੇਵ ਸਿੰਘ ਸੜਕਨਾਮਾ, ਗੁਰਮੇਲ ਸਿੰਘ ਬੌਡੇ, ਸੈਨੇਟ ਮੈੰਬਰ ਪ੍ਰੋ. ਵਰੁਨ ਗੋਇਲ, ਪ੍ਰੋ. ਸਿਮਰਨਜੀਤ ਕੌਰ, ਸੋਸ਼ਲ ਐਕਟਿਵਿਸਟ ਪ੍ਰੀਤੀ ਤਿਆਗੀ, ਜੱਸ ਢਿੱਲੋਂ, ਅਜੇ ਗੋਰਾ ਸੂਦ ਅਤੇ ਡਾ ਕੁਲਦੀਪ ਸਿੰਘ ਗਿੱਲ ਨੇ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਨਾਮ ਅੱਜ ਦਾ ਭਾਰਤ ਵਿਸ਼ੇ ਤੇ ਬੋਲਦਿਆਂ ਉਨ੍ਹਾਂ ਦੀ ਸੋਚ ਅਤੇ ਵਿਚਾਰਧਾਰਾ ਨੂੰ ਅਪਨਾਉਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇ ਦੇਸ਼ ਅਤੇ ਸੂਬੇ ਦਾ ਸਿਹਤਮੰਦ ਵਿਕਾਸ ਕਰਨਾ ਹੈ ਤਾਂ ਭਗਤ ਸਿੰਘ ਦੇ ਨਾਲ ਨਾਲ ਉਸਦੀ ਵਿਚਾਰਧਾਰਾ ਨੂੰ ਵੀ ਅਪਨਾਉਣਾ ਪਵੇਗਾ। ਇਸ ਮੌਕੇ ਕਾਂਗਰਸੀ ਆਗੂ ਵਿਨੋਦ ਬਾਂਸਲ, ਲਾਭ ਸਿੰਘ ਆਹਲੂਵਾਲੀਆ, ਸਾਥੀ ਵਿਜੇ ਕੁਮਾਰ, ਧਰਮਪਾਲ ਸਿੰਘ ਡੀ ਪੀ, ਪਰਮਪਾਲ ਸਿੰਘ ਤਖਤੂਪੁਰਾ, ਅਕਾਲੀ ਦਲ ਆਗੂ ਸੰਜੀਤ ਸਿੰਘ ਸੰਨੀ ਗਿੱਲ ਨੇ ਆਪਣੇ ਸੰਬੋਧਨ ਦੌਰਾਨ ਮੰਨਿਆ ਕਿ ਅੱਜ ਦੇਸ਼ ਦੇ ਹਾਲਾਤ ਜਿਆਦਾ ਚੰਗੇ ਨਹੀਂ ਤੇ ਇਸਦੇ ਪਿੱਛੇ ਵੱਡਾ ਕਾਰਨ ਇਹੀ ਹੈ ਕਿ ਰਾਜਨੀਤੀ ਨੇ ਊਚ ਨੀਚਤਾ, ਸਮਾਜਿਕ ਨਾਂ ਬਰਾਬਰੀ, ਧਾਰਮਿਕ ਕੱਟੜਤਾ ਨੂੰ ਖਤਮ ਕਰਨ ਦੀ ਬਜਾਏ ਆਪਣੇ ਰਾਜਨੀਤਕ ਲਾਭ ਲਈ ਵਰਤਿਆ ਹੈ, ਜੇਕਰ ਦੇਸ਼ ਅਜ਼ਾਦ ਹੋਣ ਤੋਂ ਬਾਅਦ ਇਸ ਨੂੰ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਅੱਗੇ ਤੋਰਿਆ ਜਾਂਦਾ ਤਾਂ ਅੱਜ ਸਾਡਾ ਦੇਸ਼ ਵੀ ਵਿਕਸਤ ਦੇਸ਼ਾਂ ਦੀ ਮੂਹਰਲੀ ਕਤਾਰ ਵਿੱਚ ਖੜਾ ਹੋਣਾ ਸੀ। ਇਸ ਮੌਕੇ ਪਾਦਰੀ ਤਨਵੀਰ ਉਲ ਹੱਕ ਨੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਹਰ ਪੱਖੋਂ ਬੈਲੇੰਸ ਦੱਸਦਿਆਂ ਇਸ ਨੂੰ ਅਪਣਾਏ ਜਾਣ ਤੇ ਜ਼ੋਰ ਦਿੱਤਾ। ਇਸ ਮੌਕੇ ਗੁਰੂ ਨਾਨਕ ਕਾਲਜ ਮੋਗਾ, ਐਸ ਡੀ ਕਾਲਜ ਫਾਰ ਵੋਮੈਨ ਅਤੇ ਗੁਰੂ ਨਾਨਕ ਪਬਲਿਕ ਸਕੂਲ ਦੁਸਾਂਝ ਦੇ ਵਿਦਿਆਰਥੀਆਂ ਨੇ ਗੀਤ, ਕਵਿਤਾਵਾਂ ਅਤੇ ਭਾਸ਼ਣ ਰਾਹੀਂ ਭਗਤ ਸਿੰਘ ਬਾਰੇ ਜਾਣਕਾਰੀ ਦਿੱਤੀ। ਰੰਗਮੰਚ ਕਲਾਕਾਰ ਬਲਜੀਤ ਮੋਗਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਨਾਟਕ 'ਨਾਦਾਨ ਪਰਿੰਦੇ' ਦਾ ਸਫਲ ਮੰਚਨ ਕੀਤਾ। ਇਸ ਮੌਕੇ ਸਿਵਲ ਸੁਸਾਇਟੀ ਮੈਂਬਰ ਮਹਿੰਦਰ ਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਮਨਿੰਦਰ ਸਿੰਘ ਬੇਦੀ, ਅਮਰਦੀਪ ਅਨੇਜਾ, ਸੋਨੀਆ ਅਨੇਜਾ, ਪ੍ਰਿਤਪਾਲ ਸਿੰਘ ਲੱਕੀ ਗਿੱਲ, ਦਿਆਲ ਸਿੰਘ, ਵੀ ਪੀ ਸੇਠੀ, ਕੰਵਲਜੀਤ ਸਿੰਘ ਮਹੇਸਰੀ, ਅਕਬਰ ਖਾਂ, ਦਲਜੀਤ ਸਿੰਘ ਭੁੱਲਰ, ਪ੍ਰੋ ਰਾਣਾ ਸੂਦ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਹਾਜਰ ਸਨ।