ਮੋਗਾ, 5 ਜੁਲਾਈ (ਜਸ਼ਨ ): ਮੋਗਾ ਦੇ ਜਗਦੇਵ ਸਿੰਘ ਗਿੱਲ ਨਗਰ ਵਾਸੀ ਇੱਕ ਵਿਆਹੁਤਾ ਵੱਲੋਂ ਆਪਣੇ ਪਤੀ ਅਤੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਪੁਲਸ ਨੇ ਮ੍ਰਿਤਕਾ ਦੇ ਪਿਤਾ ਹਰਜਿੰਦਰਪਾਲ ਸਿੰਘ ਵਾਸੀ ਝਾਂਡੇ, ਸਦਰ ਲੁਧਿਆਣਾ ਦੀ ਸ਼ਿਕਾਇਤ ’ਤੇ ਮ੍ਰਿਤਕਾ ਦੇ ਪਤੀ ਗੁਰਦੇਵ ਸਿੰਘ ਉਰਫ਼ ਵਿੱਕੀ ਅਤੇ ਸੱਸ ਮਲਕੀਤ ਕੌਰ ਵਾਸੀ ਜਗਦੇਵ ਸਿੰਘ ਗਿੱਲ ਨਗਰ (ਫੋਕਲ ਪੁਆਇੰਟ), ਮੋਗਾ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਨੁਮਾਇੰਦੇ ਨੂੰ ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਦਾ ਵਿਆਹ 8 ਸਤੰਬਰ 2024 ਨੂੰ ਗੁਰਦੇਵ ਸਿੰਘ ਉਰਫ਼ ਵਿਕੀ ਨਾਲ ਧਾਰਮਿਕ ਰਸਮਾਂ ਅਨੁਸਾਰ ਕੀਤਾ ਸੀ। ਉਸ ਦੀ ਧੀ ਨੇ ਆਈਲੈਟਸ ਕੀਤੀ ਹੋਈ ਸੀ, ਜਦਕਿ ਗੁਰਦੇਵ ਸਿੰਘ ਉਸ ਸਮੇਂ ਸਾਊਦੀ ਅਰਬ ਗਿਆ ਹੋਇਆ ਸੀ। ਲੜਕੇ ਵਾਲਿਆਂ ਨੇ ਭਰੋਸਾ ਦਿੱਤਾ ਸੀ ਕਿ ਵਿਆਹ ਤੋਂ ਬਾਅਦ ਦੋਵਾਂ ਨੂੰ ਵਿਦੇਸ਼ ਭੇਜ ਦਿੱਤਾ ਜਾਵੇਗਾ। ਸ਼ਿਕਾਇਤਕਰਤਾ ਅਨੁਸਾਰ ਵਿਆਹ ਤੋਂ ਕੁਝ ਸਮੇਂ ਬਾਅਦ ਗੁਰਦੇਵ ਸਿੰਘ ਉਰਫ਼ ਵਿਕੀ ਅਤੇ ਉਸ ਦੀ ਮਾਤਾ ਮਲਕੀਤ ਕੌਰ ਉਸ ਦੀ ਧੀ ਨੂੰ ਪੇਕੇ ਘਰੋਂ 10 ਲੱਖ ਰੁਪਏ ਲਿਆਉਣ ਲਈ ਤੰਗ-ਪਰੇਸ਼ਾਨ ਕਰਨ ਲੱਗ ਪਏ। ਧੀ ਨੇ ਕਈ ਵਾਰ ਇਸ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ ਉਨ੍ਹਾਂ ਨੂੰ 3 ਲੱਖ ਰੁਪਏ ਦਿੱਤੇ, ਪਰ ਇਸ ਦੇ ਬਾਵਜੂਦ ਵੀ ਤੰਗ-ਪਰੇਸ਼ਾਨ ਕਰਨਾ ਬੰਦ ਨਾ ਕੀਤਾ। ਇਸ ਮਾਮਲੇ ਨੂੰ ਲੈ ਕੇ ਰਿਸ਼ਤੇਦਾਰਾਂ ਅਤੇ ਪੰਚਾਇਤ ਰਾਹੀਂ ਵੀ ਸਮਝੌਤੇ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਹੱਲ ਨਾ ਨਿਕਲਿਆ। ਲਗਾਤਾਰ ਤੰਗ-ਪ੍ਰੇਸ਼ਾਨੀ ਕਾਰਨ ਉਸ ਦੀ ਧੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਈ। ਉਨ੍ਹਾਂ ਦੱਸਿਆ ਕਿ 30 ਜੂਨ ਦੀ ਦੇਰ ਸ਼ਾਮ ਉਸ ਦੀ ਧੀ ਨੇ ਤੰਗ ਆ ਕੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ। ਉਸ ਨੂੰ ਇਲਾਜ ਲਈ ਡੀ.ਐੱਮ.ਸੀ. ਲੁਧਿਆਣਾ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਪਰਿਵਾਰ ਹਸਪਤਾਲ ਪਹੁੰਚਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਮੌਤ ਜ਼ਹਿਰੀਲੀ ਦਵਾਈ ਖਾਣ ਕਾਰਨ ਹੋਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਪਤੀ ਅਤੇ ਸੱਸ ਵੱਲੋਂ ਵਿਦੇਸ਼ ਭੇਜਣ ਦੇ ਨਾਂ ’ਤੇ ਪੇਕੇ ਘਰੋਂ ਪੈਸੇ ਲਿਆਉਣ ਲਈ ਲਗਾਤਾਰ ਤੰਗ-ਪਰੇਸ਼ਾਨ ਕੀਤੇ ਜਾਣ ਕਾਰਨ ਉਸ ਦੀ ਧੀ ਨੇ ਇਹ ਕਦਮ ਚੁੱਕਿਆ। ਇਸ ਸਬੰਧੀ ਫੋਕਲ ਪੁਆਇੰਟ ਪੁਲਸ ਚੌਕੀ ਦੇ ਇੰਚਾਰਜ ਮੋਹਕਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਸਤਨਾਮ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਅੱਜ ਮ੍ਰਿਤਕਾ ਦੇ ਸ਼ਵ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।