ਮਾਂ
ਉੱਠ ਸਵੇਰੇ ਸਭ ਤੋਂ ਪਹਿਲਾਂ,
ਮੂੰਹੋਂ ਨਿਕਲੇ ਮਾਂ।
ਠੰਡ ਕਾਲਜੇ ਪੈ ਜਾਂਦੀ ਏ,
ਲਵਾਂ ਜਾਂ ਉਸ ਦਾ ਨਾਂ।
ਮਾਂ ਦੇ ਫ਼ਜ਼ਲ ਮੈਂ ਉਂਗਲਾਂ ਉੱਤੇ ,
ਦੱਸੋ ਕਿੰਝ ਗਿਣਾਂ?
ਮਾਂ ਨੇ ਜਿਹੜੇ ਲਾਡ ਲਡਾਏ,
ਮੈਂਨੂੰ ਭੁੱਲਣ ਨਾਂਹ।
ਕਿਵੇਂ ਬਾਗ਼ ਦੀ ਰਾਖੀ ਕਰਦੀ,
ਕਿੰਝ ਸੰਭਾਲੇ ਥਾਂ ।
ਬਿਨ ਮਾਵਾਂ ਦੇ ਬੱਚਿਆਂ ਹੱਥੋਂ,
ਟੁੱਕ ਖੋਹ ਲੈਂਦੇ ਕਾਂ ।
ਦਿਲ ਮੇਰੇ ਦੀਆਂ ਬੁੱਝ ਲੈਂਦੀ ਸੈਂ
ਫੜ ਲੈਂਦੀ ਸੈਂ ਬਾਂਹ ।
ਕਿਵੇਂ ਸਕੈਨ ਤੂੰ ਕਰ ਲੈਂਦੀ ਸੈਂ,
ਚਿਹਰੇ ਦੀ ਚੁੱਪ ਚਾਂ ?
ਹੁਣ ਮੈਂ ਜਦ ਵੀ ਲਿਖਣ ਬੈਠਾਂ,
ਇੱਕੋ ਗੱਲ ਲਿਖਾਂ ।
ਮਾਵਾਂ ਦੇ ਬਿਨ ਵਿਹੜੇ ਸੱਖਣੇ,
ਕਰਦੇ ਨੇ ਭਾਂ ਭਾਂ ।
ਜਦ ਵੀ ਤੱਪਦੇ ਮੌਸਮ ਵਿਚ,
ਯਾਦ ਕਰਾਂ ਮੈਂ ਮਾਂ ।
ਬਿਨਾਂ ਬਿਰਖ ਦੇ ਮੇਰੇ ਸਿਰ ਤੇ,
ਹੋ ਜਾਂਦੀ ਏ ਛਾਂ ।
ਤੇਰੇ ਹੁੰਦਿਆਂ ਖ਼ੌਫ਼ ਬਿਨਾਂ ਮੈਂ,
ਚੁੰਗੀਆਂ ਭਰਦੀ ਸਾਂ ।
ਤੇਰੇ ਬਿਨ ਹੁਣ ਗਲੀਆਂ ਸੁੰਨੀਆਂ,
ਖੁਦ ਤੋਂ ਰੋਜ਼ ਡਰਾਂ ।
ਤੇਰਾ ਜਾਣਾ ਮੇਰੀਏ ਮਾਏ,
ਦਿਲ ਤੇ ਕਿਵੇਂ ਜ਼ਰਾਂ?
ਅੱਜ ਵੀ ਤੈਨੂੰ ਯਾਦ ਹੈ ਕਰਦਾ,
ਸਾਰਾ ਪਿੰਡ ਗਰਾਂ ।
ਜ਼ੁਲਮ ਦੇ ਸਾਹਵੇਂ ਅੜਨ ਦੀ ਗੁੜ੍ਹਤੀ,
ਤੂੰ ਦਿੱਤੀ ਸੀ ਮਾਂ ।
ਤਾਂਹੀਓਂ ਸੱਚੀ ਗੱਲ ਬੋਲਣੋਂ,
ਕਦੇ ਮੈਂ ਡਰਦੀ ਨਾਂਹ।
ਹੁਣ ਆਖ਼ਿਰ ਵਿਚ ਮੈਂ ਰੱਬ ਅੱਗੇ
ਇੱਕੋ ਅਰਜ਼ ਕਰਾਂ ।
ਗਿੱਲ ਦੀ ਮਮਤਾ ਦੇ ਵਿਚ ਵਸ ਜੇ
ਗਿੱਲ ਦੀ ਪਿਆਰੀ ਮਾਂ ।

ਡਾ ਹਰਬੰਸ ਕੌਰ ਗਿੱਲ
9646449871




