ਮੋਗਾ 23 ਅਗਸਤ ( ਗੁਰਜੰਟ ਸਿੰਘ )"ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜੋ 2027 ਵਿੱਚ ਹੋਣ ਜਾ ਰਹੀਆਂ ਹਨ ਦੌਰਾਨ ਇਸ ਵਾਰ ਪਹਿਲੀ ਵਾਰ ਇਹਨਾਂ ਚੋਣਾਂ ਦੇ ਸੰਬੰਧ ਵਿੱਚ ਅਗੇਤੀ ਰਾਜਨੀਤਿਕ ਹਿੱਲਜੁਲ ਆਰੰਭ ਹੋਈ ਹੈ। ਕਾਂਗਰਸ ਪਾਰਟੀ ਦਾ ਹਾਲੋਂ ਬੇਹਾਲ ਹੋਣਾ ਅਤੇ ਉਸ ਦਾ ਧੁਰਾ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਬਣ ਜਾਣਾ ਐਸ ਸੀ ਅਤੇ ਬੀ ਸੀ ਸਮਾਜ ਲਈ ਸ਼ੁਭ ਸਗਨ ਕਿਹਾ ਜਾ ਸਕਦਾ ਹੈ।" "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ "ਓਬੀਸੀ ਸਮਾਜ ਸੰਗਠਨ" ਮੋਗਾ ਦੇ ਕਨਵੀਨਰ ਗੁਰਪ੍ਰੀਤਮ ਸਿੰਘ ਚੀਮਾਂ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਪੰਜਾਬ ਦਾ ਹਰ ਵਰਗ ਭਾਵੇਂ ਉਹ ਜਨਰਲ ਸਮਾਜ ਨਾਲ ਸਬੰਧ ਰੱਖਦਾ ਹੋਵੇ , ਭਾਵੇਂ ਬੀਸੀ ਅਤੇ ਐਸਸੀ ਸਮਾਜ ਨਾਲ ਸਬੰਧ ਰੱਖਦਾ ਹੋਵੇ, ਉਹ ਆਉਣ ਵਾਲੇ ਸਮੇਂ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਸਰਕਾਰ ਲੋਚਦਾ ਹੈ। ਇਸੇ ਤਰ੍ਹਾਂ ਪੰਥਕ ਧਿਰਾਂ ਵਿੱਚ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ, ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਪਾਰਟੀ ਦਿਨੋ ਦਿਨ ਵੱਧ ਫੁੱਲ ਰਹੀ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਸਮਾਗਮ ਵਿੱਚ ਬਹੁਤ ਵਿੱਚ ਆਈ ਸੰਗਤ ਅਤੇ ਸਟੇਜ ਤੇ ਸੁਸ਼ੋਭਤ ਬਹੁਤਾਤ ਦੇ ਵਿੱਚ ਪੁਰਾਣੀ ਲੀਡਰਸ਼ਿਪ ਦਾ ਨਜ਼ਰ ਆਉਣਾ ਇਹ ਸੰਕੇਤ ਦਿੰਦਾ ਹੈ ਕਿ ਪੰਥਕ ਧਿਰਾਂ ਵਿੱਚ ਵੀ ਪਛੜੇ ਵਰਗ ਦੇ ਲੋਕਾਂ ਦਾ ਮਾਨ ਸਨਮਾਨ ਵੱਧ ਰਿਹਾ ਜੋ ਕਿ ਸ਼ੁਭ ਸੰਕੇਤ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਬੀਸੀ ਸਮਾਜ ਅਤੇ ਐਸਸੀ ਸਮਾਜ ਦਾ ਬੋਲ ਬਾਲਾ ਪੰਜਾਬ ਦੇ ਵਿੱਚ ਵਧ ਸਕਦਾ ਹੈ ਅਤੇ ਆਉਣ ਵਾਲੀ ਸਰਕਾਰ ਵੀ ਇਹਨਾਂ ਵਰਗਾ ਦੀ ਛੂਹ ਤੋਂ ਬਿਨਾਂ ਅਸੰਭਵ ਜਾਪਦੀ ਹੈ।