ਇਸ ਵੇਲੇ ਦਾ ਵੱਡਾ ਸਵਾਲ ਇਹ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਲਈ ਮੈਦਾਨ ਵਿੱਚ ਨਿੱਤਰੀਆਂ ਧਿਰਾਂ ਵੱਲੋਂ ਅਕਸਰ 'ਅਕਾਲੀ ਦਲ ਵਾਰਸ ਦੇ' ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ? ਜਦੋਂਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ 'ਅਕਾਲੀ ਦਲ ਵਾਰਸ ਪੰਜਾਬ ਦੇ' ਨੇ ਪੰਥ ਅਤੇ ਪੰਜਾਬ ਰਾਜਨੀਤੀ ਦੇ ਵਿਹੜੇ ਵਿੱਚ ਤਾਂ ਅਜੇ ਪੈਰ ਹੀ ਧਰਿਆ ਹੈ। ਖਾਸ ਕਰਕੇ ਪਿਛਲੇ ਕੁੱਝ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ 'ਅਕਾਲੀ ਦਲ ਵਾਰਸ ਪੰਜਾਬ ਦੇ' ਨੂੰ ਬਦਨਾਮ ਕਰਨ ਲਈ ਰੱਜ ਕੇ ਬਿਆਨਬਾਜ਼ੀ ਕਿਉਂ ਕੀਤੀ ਜਾਣ ਲੱਗੀ ਹੈ ? ਦਰਅਸਲ ਇਸ ਦਾ ਵੱਡਾ ਕਾਰਨ ਤਾਂ ਇਹੀ ਹੈ ਕਿ 'ਅਕਾਲੀ ਦਲ ਵਾਰਸ ਪੰਜਾਬ ਦੇ' ਪੰਥਕ ਰਾਜਨੀਤੀ ਵਿੱਚ ਪੈਦਾ ਹੋਏ ਖਲਾਅ ਨੂੰ ਭਰਦਿਆਂ ਇੱਕ ਮਜ਼ਬੂਤ ਪੰਥਕ ਧਿਰ ਵੱਜੋਂ ਉਭਰ ਰਿਹਾ ਹੈ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਪੰਥਕ ਆਗੂ ਵੱਜੋਂ ਸਥਾਪਿਤ ਹੋ ਰਹੇ ਹਨ। ਜਿਸ ਦੇ ਮੱਦੇਨਜਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸੁਖਬੀਰ ਸਿੰਘ ਬਾਦਲ ਦਾ ਪੰਥਕ ਰਾਜਨੀਤੀ ਵਿੱਚ ਮੁੜ ਵਾਪਸੀ ਦਾ ਰਸਤਾ ਬੰਦ ਹੋ ਗਿਆ। ਦਰਅਸਲ ਸ਼੍ਰੋਮਣੀ ਅਕਾਲੀ ਦਲ ਦਾ ਮੁੱਢ ਤੋਂ ਰਾਜਨੀਤਕ ਅਧਾਰ 'ਪੰਥਕ ਅਤੇ ਕਿਰਸਾਨੀ ਵੋਟ ਬੈਂਕ' ਹੀ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਰਾਜਕਾਲ ਦੌਰਾਨ 2015 ਵਿੱਚ ਸੌਦਾ ਸਾਧ ਦੇ ਚੇਲਿਆਂ ਵੱਲੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ ਉਪਰੰਤ ਕੰਧਾਂ 'ਤੇ ਹੱਥ ਲਿਖਤ ਪੋਸਟਰ ਲਗਾਕੇ ਭਾਵ ਸਿੱਖ ਕੌਮ ਨੂੰ ਚੈਲਿੰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ, ਪਰ ਉਸ ਸਮੇਂ ਬਾਦਲ ਸਰਕਾਰ ਵੱਲੋਂ ਉਹਨਾਂ ਖਿਲਾਫ ਕੋਈ ਕਾਰਵਾਈ ਕਰਨ ਦੀ ਥਾਂ ਬੇਅਦਬੀ ਦਾ ਰੋਸ ਪ੍ਰਗਟ ਕਰਦੀਆਂ ਸਿੱਖ ਸੰਗਤਾਂ 'ਤੇ ਗੋਲੀਬਾਰੀ ਅਤੇ ਲਾਠੀਚਾਰਜ ਕਰਕੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਸਰਾਵਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਅਨੇਕਾਂ ਸਿੱਖਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਹੋਰ ਤਾਂ ਹੋਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਚੰਡੀਗੜ੍ਹ ਵਿਖੇ ਆਪਣੀ ਕੋਠੀ ਵਿੱਚ ਬੁਲਾਕੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦਿਵਾ ਦਿੱਤੀ ਗਈ। ਇਹਨਾਂ ਘਟਨਾਵਾਂ ਕਰਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਕੋਲੋਂ ਪੰਥਕ ਵੋਟ ਬੈਂਕ ਪੂਰੀ ਤਰ੍ਹਾਂ ਦੂਰ ਹੋ ਗਿਆ। ਉਧਰ ਦੂਸਰੇ ਪਾਸੇ ਤਿੰਨ ਖੇਤੀ ਕਾਨੂੰਨ ਵਿਰੁੱਧ ਚੱਲੇ ਕਿਸਾਨੀ ਅੰਦੋਲਨ ਦੌਰਾਨ ਮੋਦੀ ਸਰਕਾਰ ਦੇ ਹੱਕ ਵਿੱਚ ਲਏ ਸਟੈਂਡ ਕਾਰਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਕੋਲੋਂ ਕਿਸਾਨੀ ਵੋਟ ਬੈਂਕ ਵੀ ਖਿਸਕ ਗਿਆ। ਬਾਅਦ ਵਿੱਚ ਭਾਵੇਂ ਭਾਜਪਾ ਨਾਲੋਂ ਗਠਜੋੜ ਤੋੜ ਕੇ ਅਤੇ ਕੇਂਦਰ ਸਰਕਾਰ 'ਚੋਂ ਹਰਸਿਮਰਤ ਕੌਰ ਬਾਦਲ ਦੀ ਵਜ਼ੀਰੀ ਛਡਵਾ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ "ਇੱਕੋ ਨਾਅਰਾ ਕਿਸਾਨ ਪਿਆਰਾ" ਰਾਹੀਂ ਕਿਸਾਨੀ ਅੰਦੋਲਨ ਵਿੱਚ ਪ੍ਰਵੇਸ਼ ਕਰਨ ਦਾ ਪੈਂਤੜਾ ਅਖਤਿਆਰ ਕੀਤਾ, ਪਰ ਕਿਸਾਨੀ ਅੰਦੋਲਨ ਨੇ ਇਸ ਰਾਜਸੀ ਚਾਲ ਸਮਝਦਿਆਂ ਬਾਦਲ ਦਲ ਨੂੰ ਨੇੜੇ ਨਹੀਂ ਫਟਕਣ ਦਿੱਤਾ। ਇਹਨਾਂ ਦੋਵਾਂ ਕਾਰਨਾਂ ਕਰਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਅਧਾਰ 'ਪੰਥਕ ਅਤੇ ਕਿਸਾਨੀ ਵੋਟ ਬੈਂਕ' ਖਿਸਕ ਗਿਆ, ਜਿਸ ਕਰਕੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਗਾਤਾਰ ਹਰ ਚੋਣ ਵਿੱਚ ਨਾਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਦਾ ਆ ਰਿਹਾ ਹੈ। ਭਾਵੇਂ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਾਰੇ ਗੁਨਾਹ ਕਬੂਲ ਕਰਕੇ ਸੁਖਬੀਰ ਸਿੰਘ ਬਾਦਲ ਵੱਲੋਂ ਮਾਫ਼ੀਆਂ ਮੰਗ ਕੇ ਦੁਬਾਰਾ ਪੰਥਕ ਰਾਜਨੀਤੀ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ, ਪਰ ਪੰਥ ਨੇ ਮੁੜ ਪ੍ਰਵਾਨ ਨਹੀਂ ਕੀਤਾ। ਉਧਰ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਲੋਕ ਸਭਾ ਹਲਕਾ ਖਡੂਰ ਸਾਹਿਬ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਲੋਕ ਸਭਾ ਫ਼ਰੀਦਕੋਟ ਤੋਂ ਹੋਈ ਸ਼ਾਨਦਾਰ ਜਿੱਤ ਨੇ ਸਾਬਤ ਕਰ ਦਿੱਤਾ ਕਿ ਹੁਣ ਪੰਥਕ ਰਾਜਨੀਤੀ ਵਿੱਚ "ਅਕਾਲੀ ਦਲ ਵਾਰਸ ਪੰਜਾਬ ਦੇ" ਪ੍ਰਵਾਨ ਚੜ੍ਹ ਚੁੱਕਿਆ ਹੈ। ਹੁਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਭਾਜਪਾ ਨਾਲ ਮੁੜ ਗਠਜੋੜ ਹੋਣ ਦੇ ਪ੍ਰਚਾਰ ਨਾਲ ਵੀ ਜਦੋਂ ਸੁਖਬੀਰ ਸਿੰਘ ਬਾਦਲ ਦੇ ਪੰਥਕ ਰਾਜਨੀਤੀ ਵਿੱਚ ਮੁੜ ਪੈਰ ਨਹੀਂ ਲੱਗ ਰਹੇ, ਤਾਂ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀਆਂ ਵੱਲੋਂ ਸਾਰਾ ਜ਼ੋਰ 'ਅਕਾਲੀ ਦਲ ਵਾਰਸ ਪੰਜਾਬ ਦੇ' ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਵਿਰੁੱਧ ਪ੍ਰਚਾਰ ਕਰਨ 'ਤੇ ਲਗਾਇਆ ਜਾ ਰਿਹਾ ਹੈ, ਪਰ ਪੰਜਾਬ ਦਾ ਸੂਝਵਾਨ ਵੋਟਰ ਹੁਣ ਭਲੀਭਾਂਤ ਜਾਣਦਾ ਹੈ ਕਿ ਪੰਥ ਅਤੇ ਪੰਜਾਬ ਦਾ ਨੁਕਸਾਨ ਕੇਹੜੀਆਂ ਧਿਰਾਂ ਵੱਲੋਂ ਕੀਤਾ ਗਿਆ ਹੈ।
ਪੇਸ਼ਕਸ਼ : ਜਗਸੀਰ ਸਿੰਘ ਸੰਧੂ , ਮੋਬਾਇਲ : 98764-16009





