ਲੁਧਿਆਣਾ,5 ਮਈ ( ਅੰਤਰਰਾਸ਼ਟਰੀ ਪੰਜਾਬੀ ਨਿਊਜ਼ )ਅੱਜ ਪੰਜਾਬ ਲਈ ਬੇਹੱਦ ਉਦਾਸ ਦਿਨ ਹੈ ਜਦੋਂ ਇਕ ਨਾਯਾਬ ਹੀਰਾ ਸਾਡੇ ਤੋਂ ਖੁਸ ਗਿਆ। ਪੰਜਾਬੀ ਗੀਤਕਾਰ ਤੇ ਫਿਲਮਸਾਜ਼ ਭੁੱਲਾ ਰਾਮ ਚੰਨ ਉਰਫ਼ ਚੰਨ ਗੁਰਾਇਆਂ ਵਾਲਾ (ਰਾਜ ਗੀਤਕਾਰ )ਸਦੀਵੀ ਵਿਛੋੜਾ ਦੇ ਗਏ ਹਨ। "ਬਲਬੀਰੋ ਭਾਬੀ" ਫਿਲਮ ਦੇ ਨਿਰਮਾਣ ਵਿੱਚ ਉਹ ਵੱਡੇ ਭਾਈਵਾਲ਼ ਸਨ। "ਚੰਡੀਗੜ੍ਹ ਰਹਿਣ ਵਾਲੀਏ, ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ" ਗੀਤ ਨਾਲ ਉਹ ਦਰਸ਼ਕਾਂ 'ਚ ਹਰਮਨ ਪਿਆਰੇ ਬਣੇ। ਨਰਿੰਦਰ ਬੀਬਾ ਤੇ ਮਾਸਟਰ ਹਰੀਦੇਵ ਜੀ ਦੇ ਗਾਏ ਦੋਗਾਣੇ ਤੋਂ ਬਾਦ ਕੁਲਦੀਪ ਮਾਣਕ ਦੇ ਗਾਏ "ਦੁੱਲਾ ਭੱਟੀ" ਗੀਤ ਨੇ ਤਾਂ ਕਮਾਲ ਕਰ ਦਿੱਤੀ।
"ਗੁੱਸੇ ਚ ਦੁੱਲੇ ਨੂੰ ਮੇਹਰੂ ਮਾਰੇ ਬੋਲੀਆਂ, ਓ ਇੱਜ਼ਤਾਂ ਤੈਂ ਰੋਲ਼ੀਆਂ।
ਪਿੰਡੀ ਦੇ ਦੁਆਲੇ ਚੱਲਦੀਆਂ ਗੋਲੀਆਂ ਓ ਕੰਧਾਂ ਹੋਈਆਂ ਪੋਲੀਆਂ।
ਆਪ ਤਾਂ ਤੂੰ ਜਾ ਕੇ ਬਹਿ ਗਿਆਂ ਓ ਨਾਨਕੀਂ ਓ ਉੱਤੇ ਲੈ ਕੇ ਚਾਦਰਾ।
ਮੁਗਲਾਂ ਨੇ ਤੇਰਾ ਸਭ ਕੁਝ ਲੁੱਟਿਆ ਓ ਵੱਡਿਆ ਬਹਾਦਰਾ।"
ਤੇ ਹੋਰ ਅਨੇਕਾਂ ਗੀਤ ਵੱਡੇ ਗਾਇਕਾਂ ਨੇ ਗਾਏ।
ਚੰਨ ਜੀ ਗੁਰਾਇਆ ਨਗਰ ਪਾਲਕਾ ਦੇ ਮਿਉਂਸਪਲ ਕਮਿਸ਼ਨਰ ਵੀ ਰਹੇ। ਉਨ੍ਹਾਂ ਦਾ ਕਦੇ ਰੰਗ ਰੋਗਨ ਦਾ ਵੱਡਾ ਕਾਰੋਬਾਰ ਸੀ। ਮੁਹੱਬਤੀ ਰੂਹ ਸਨ। ਜਲੰਧਰ ਜਾਂਦਿਆਂ ਬਹੁਤ ਵਾਰ ਉਨ੍ਹਾਂ ਕੋਲ ਰੁਕ ਕੇ ਅੱਗੇ ਜਲੰਧਰ ਜਾਂਦਾ ਹੁੰਦੇ ਸਾਂ। ਉਹ ਵੀ ਦੋ ਤਿੰਨ ਵਾਰ ਮੇਰੇ ਘਰ ਆਏ। ਇੱਕ ਵਾਰ ਤਾਂ ਗੁਰੂ ਰਵੀਦਾਸ ਜੀ ਬਾਰੇ ਗੀਤਾਂ ਦੀ ਕਿਤਾਬ ਦਾ ਖਰੜਾ ਲੈ ਕੇ ਆਏ ਸਨ। ਮੈਂ ਇਸ ਬਾਰੇ ਕੁਝ ਸਫ਼ੇ ਲਿਖੇ ਸਨ। ਪਹਿਲਾਂ ਪਹਿਲ ਉਹ ਖੱਬੇ ਪੱਖੀ ਸੋਚ ਦੇ ਧਾਰਨੀ ਸਨ ਪਰ ਮਗਰੋਂ ਪਾਪੂਲਰ ਗੀਤਕਾਰੀ ਵੱਲ ਮੋੜਾ ਕੱਟ ਗਏ।
ਰੂਹ ਦਾਰ ਵੀਰ ਦੇ ਜਾਣ ਤੇ ਮਨ ਉਦਾਸ ਹੈ।
ਨਮਨ ਹੈ।

ਗੁਰਭਜਨ ਗਿੱਲ
5.5.2026




