ਮੋਗਾ, 24 ਜੁਲਾਈ (ਜਸ਼ਨ ) ਪੰਜਾਬ ਕਾਂਗਰਸ ਦੇ ਆਗੂ ਅਤੇ ਨਗਰ ਸੁਧਾਰ ਟਰੱਸਟ (ਇੰਪ੍ਰੂਵਮੈਂਟ ਟਰੱਸਟ) ਦੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ’ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਵੱਖ-ਵੱਖ ਸੂਬਿਆਂ ਵਿਚ ਇੱਕੋ ਜਿਹੇ ਮਸਲਿਆਂ ’ਤੇ ਵੱਖਰਾ ਰਵੱਈਆ ਅਪਣਾ ਰਹੇ ਹਨ। ਵਿਨੋਦ ਬਾਂਸਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਵਿਚ ਕਥਿਤ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਦੇ ਆੰਦੋਲਨ ਦਾ ਸਮਰਥਨ ਕਰਨਾ ਇੱਕ ਗੱਲ ਹੈ, ਪਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਸਾਹਮਣੇ ਆਏ ਫਾਰਮੇਸੀ ਪੇਪਰ ਲੀਕ ਮਾਮਲੇ ਉੱਤੇ ਅਰਵਿੰਦ ਕੇਜਰੀਵਾਲ ਦੀ ਚੁੱਪੀ ਕਈ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀਆਂ ਦੇ ਭਵਿੱਖ ਅਤੇ ਹੱਕਾਂ ਦੀ ਇੰਨੀ ਹੀ ਚਿੰਤਾ ਹੈ ਤਾਂ ਪੰਜਾਬ ਦੇ ਵਿਦਿਆਰਥੀਆਂ ਨਾਲ ਵੀ ਇੱਕੋ ਜਿਹਾ ਵਤੀਰਾ ਅਪਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਜਰੀਵਾਲ ਦਿੱਲੀ ਵਿਚ ਵਿਦਿਆਰਥੀਆਂ ਦੇ ਮੁੱਦਿਆਂ ’ਤੇ ਖੁੱਲ੍ਹ ਕੇ ਬਿਆਨ ਦਿੰਦੇ ਹਨ, ਜਦਕਿ ਦੂਜੇ ਪਾਸੇ ਪੰਜਾਬ ਵਿਚ ਸਫਾਈ ਕਰਮਚਾਰੀਆਂ ਦੀ ਲੰਬੀ ਹੜਤਾਲ ਕਾਰਨ ਪੈਦਾ ਹੋਈ ਸਥਿਤੀ ’ਤੇ ਵੀ ਕੋਈ ਪ੍ਰਤੀਕਿਰਿਆ ਨਹੀਂ ਦੇ ਰਹੇ। ਬਾਂਸਲ ਨੇ ਕਿਹਾ ਕਿ ਕਈ ਸ਼ਹਿਰਾਂ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਬਰਸਾਤ ਦੇ ਮੌਸਮ ਦੌਰਾਨ ਗੰਦਗੀ ਕਾਰਨ ਛੂਤ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਗਿਆ ਹੈ। ਅਜਿਹੇ ਗੰਭੀਰ ਜਨਹਿੱਤ ਦੇ ਮੁੱਦਿਆਂ ’ਤੇ ਵੀ ਕੇਜਰੀਵਾਲ ਦਾ ਚੁੱਪ ਰਹਿਣਾ ਲੋਕਾਂ ਨੂੰ ਨਿਰਾਸ਼ ਕਰ ਰਿਹਾ ਹੈ। ਵਿਨੋਦ ਬਾਂਸਲ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਸਰਕਾਰ ਦੇ ਅਹਿਮ ਫ਼ੈਸਲਿਆਂ ’ਤੇ ਅਰਵਿੰਦ ਕੇਜਰੀਵਾਲ ਦੇ ਪ੍ਰਭਾਵ ਦੀ ਚਰਚਾ ਹੁੰਦੀ ਰਹਿੰਦੀ ਹੈ। ਅਜਿਹੇ ਵਿਚ ਜਦੋਂ ਸਰਕਾਰ ਕੋਲ ਸਮੱਸਿਆਵਾਂ ਦਾ ਹੱਲ ਕਰਨ ਦਾ ਮੌਕਾ ਹੈ ਤਾਂ ਉਨ੍ਹਾਂ ਨੂੰ ਅੱਗੇ ਆ ਕੇ ਆਪਣਾ ਸਪੱਸ਼ਟ ਰੁਖ ਜ਼ਾਹਰ ਕਰਨਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅਰਵਿੰਦ ਕੇਜਰੀਵਾਲ ਦੀ ਕਹਿਣੀ ਅਤੇ ਕਰਣੀ ਵਿਚ ਕਾਫ਼ੀ ਅੰਤਰ ਹੈ। ਦਿੱਲੀ ਵਿਚ ਇੱਕ ਰੁਖ ਅਤੇ ਪੰਜਾਬ ਵਿਚ ਦੂਜਾ ਰਵੱਈਆ ਅਪਣਾਉਣਾ ਉਨ੍ਹਾਂ ਦੀ ਦੋਹਰੀ ਰਾਜਨੀਤੀ ਨੂੰ ਦਰਸਾਉਂਦਾ ਹੈ। ਬਾਂਸਲ ਨੇ ਕਿਹਾ ਕਿ ਲੋਕ ਹੁਣ ਅਜਿਹੀ ਰਾਜਨੀਤੀ ਨੂੰ ਸਮਝਣ ਲੱਗ ਪਏ ਹਨ ਅਤੇ ਜਨਤਕ ਮੁੱਦਿਆਂ ’ਤੇ ਸਾਰਿਆਂ ਨਾਲ ਇੱਕੋ ਜਿਹਾ ਅਤੇ ਨਿਰਪੱਖ ਰਵੱਈਆ ਅਪਣਾਉਣ ਦੀ ਲੋੜ ਹੈ।
ਖ਼ਬਰਾਂ
ਵਿਨੋਦ ਬਾਂਸਲ ਨੇ ਆਪ ਸੁਪਰੀਮੋ ਕੇਜਰੀਵਾਲ ਦੀ ਪੰਜਾਬ ਦੇ ਮੁੱਦਿਆਂ ’ਤੇ ਕਥਿਤ ਦੋਹਰੀ ਰਾਜਨੀਤੀ ਨੂੰ ਲਿਆ ਨਿਸ਼ਾਨੇ 'ਤੇ
* ਨੀਟ ’ਤੇ ਫਾਰਮੇਸੀ ਪੇਪਰ ਲੀਕ ਮਾਮਲੇ ਅਤੇ ਸਫਾਈ ਕਰਮਚਾਰੀਆਂ ਦੀ ਹੜਤਾਲ ਨੂੰ ਲੈ ਕੇ ’ਆਪ’ ਆਗੂ ’ਤੇ ਚੁੱਕੇ ਸਵਾਲ
3 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



