ਬਾਘਾ ਪੁਰਾਣਾ, 25 ਜੂਨ (ਜਸ਼ਨ ) ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਨਵ-ਨਿਯੁਕਤ ਰਾਜ ਸਭਾ ਮੈਂਬਰ ਤਰੁਣ ਚੁੱਘ ਦੇ ਮੋਗਾ ਪਹੁੰਚਣ ’ਤੇ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਨਿੱਘਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸਾਬਕਾ ਜ਼ਿਲਾ ਪ੍ਰਧਾਨ ਵਿਜੇ ਸ਼ਰਮਾ ਅਤੇ ਪੰਜਾਬ ਆਰ.ਟੀ.ਆਈ. ਸੈੱਲ ਦੇ ਵਾਈਸ ਪ੍ਰਧਾਨ ਐਡਵੋਕੇਟ ਅਮਿਤ ਅਗਰਵਾਲ ਨੇ ਵਿਸ਼ੇਸ਼ ਤੌਰ ’ਤੇ ਤਰੁਣ ਚੁੱਘ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਨ ਦੀਆਂ ਦਿਲੋਂ ਵਧਾਈਆਂ ਦਿੱਤੀਆਂ। ਇਸ ਮੌਕੇ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ ਅਤੇ ਸਾਲ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਤਰੁਣ ਚੁੱਘ ਨੇ ਇੰਟਰਨੈਸ਼ਨਲ ਪੰਜਾਬੀ ਨਿਊਜ਼ ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਲਗਾਤਾਰ ਆਪਣਾ ਜਨ ਅਧਾਰ ਮਜ਼ਬੂਤ ਕਰ ਰਹੀ ਹੈ ਅਤੇ ਸੂਬੇ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਨਿਰਾਸ਼ ਹੋ ਕੇ ਭਾਜਪਾ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨਾਲ ਵੱਡੀ ਗਿਣਤੀ ਵਿਚ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਵਿਕਾਸ ਲਈ ਕੀਤੇ ਜਾ ਰਹੇ ਇਤਿਹਾਸਕ ਕੰਮਾਂ ਦਾ ਪ੍ਰਭਾਵ ਪੰਜਾਬ ਵਿਚ ਵੀ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਿਹਾ ਹੈ। ਪੰਜਾਬ ਦੇ ਨੌਜਵਾਨ, ਕਿਸਾਨ, ਵਪਾਰੀ ਅਤੇ ਹਰ ਵਰਗ ਦੇ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜ ਰਹੇ ਹਨ, ਜਿਸ ਨਾਲ ਆਉਣ ਵਾਲੀਆਂ ਚੋਣਾਂ ਵਿਚ ਪਾਰਟੀ ਨੂੰ ਵੱਡਾ ਲਾਭ ਮਿਲੇਗਾ। ਸਾਬਕਾ ਜ਼ਿਲਾ ਪ੍ਰਧਾਨ ਵਿਜੇ ਸ਼ਰਮਾ ਅਤੇ ਐਡਵੋਕੇਟ ਅਮਿਤ ਅਗਰਵਾਲ ਨੇ ਕਿਹਾ ਕਿ ਤਰੁਣ ਚੁੱਘ ਨੂੰ ਰਾਜ ਸਭਾ ਮੈਂਬਰ ਬਣਾਉਣਾ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਤਰੁਣ ਚੁੱਘ ਇੱਕ ਤਜਰਬੇਕਾਰ ਅਤੇ ਲੋਕਪ੍ਰਿਯ ਆਗੂ ਹਨ, ਜਿਨ੍ਹਾਂ ਦੀ ਅਗਵਾਈ ਹੇਠ ਪੰਜਾਬ ਵਿਚ ਭਾਜਪਾ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਵਿਸ਼ਵਾਸ ਜਤਾਇਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਇੱਕ ਮਜ਼ਬੂਤ ਤਾਕਤ ਵਜੋਂ ਉਭਰੇਗੀ।
ਖ਼ਬਰਾਂ
ਰਾਜ ਸਭਾ ਮੈਂਬਰ ਬਣਨ ’ਤੇ ਤਰੁਣ ਚੁੱਘ ਨੂੰ ਵਿਜੇ ਸ਼ਰਮਾ ਅਤੇ ਅਮਿਤ ਅਗਰਵਾਲ ਨੇ ਦਿੱਤੀਆਂ ਮੁਬਾਰਕਾਂ
* 2027 ’ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਵਿਸਥਾਰ ਨਾਲ ਕੀਤਾ ਵਿਚਾਰ-ਵਟਾਂਦਰਾ
27 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



