ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਤਾਜ਼ੀਆਂ ਸਬਜ਼ੀਆਂ
ਤਰਨ ਤਾਰਨ, 18 ਜੂਨ (ਅਮਿਤ ਮਰਵਾਹਾ) – ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਤਰਨ ਤਾਰਨ ਦੇ ਸਮਾਜ ਸੇਵੀ ਅਤੇ ਸਬਜ਼ੀ ਵਿਕਰੇਤਾ ਅਮਰੀਕ ਸਿੰਘ ਸਬਜ਼ੀ ਵਾਲਿਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਲੱਖਣ ਸੇਵਾ ਨਿਭਾਈ ਗਈ। ਇਸ ਮੌਕੇ ਉਨ੍ਹਾਂ ਨੇ ਸਵੇਰੇ ਸਬਜ਼ੀ ਮੰਡੀ ਤੋਂ ਤਾਜ਼ੀਆਂ ਸਬਜ਼ੀਆਂ ਖਰੀਦ ਕੇ ਲੋੜਵੰਦ ਪਰਿਵਾਰਾਂ ਨੂੰ ਵੱਖ-ਵੱਖ ਕਿਸਮ ਦੀਆਂ ਕੱਚੀਆਂ ਸਬਜ਼ੀਆਂ ਵੰਡੀਆਂ।

ਇਸ ਸੇਵਾ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਤਾਜ਼ੀਆਂ ਸਬਜ਼ੀਆਂ ਪ੍ਰਾਪਤ ਕੀਤੀਆਂ ਅਤੇ ਸੇਵਾਦਾਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਅਮਰੀਕ ਸਿੰਘ ਸਬਜ਼ੀ ਵਾਲੇ ਅਤੇ ਉਨ੍ਹਾਂ ਦੇ ਸਾਥੀ ਗੁਰਪ੍ਰੀਤ ਸਿੰਘ ਸੋਨੂੰ ਨੇ ਦੱਸਿਆ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹਿਰ ਵਿੱਚ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਹਨ, ਪਰ ਉਨ੍ਹਾਂ ਵੱਲੋਂ ਹਰ ਸਾਲ ਲੋੜਵੰਦਾਂ ਤੱਕ ਤਾਜ਼ੀਆਂ ਸਬਜ਼ੀਆਂ ਪਹੁੰਚਾ ਕੇ ਸੇਵਾ ਕਰਨ ਦਾ ਯਤਨ ਕੀਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ ਮਨੁੱਖਤਾ ਦੀ ਸੇਵਾ ਕਰਨਾ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਭਵਿੱਖ ਵਿੱਚ ਵੀ ਇਹ ਸੇਵਾ ਨਿਰੰਤਰ ਜਾਰੀ ਰਹੇਗੀ। ਇਸ ਮੌਕੇ ਇਲਾਕੇ ਦੇ ਹੋਰ ਸੇਵਾਦਾਰ ਵੀ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਸੇਵਾ ਕਾਰਜ ਵਿੱਚ ਆਪਣਾ ਯੋਗਦਾਨ ਪਾਇਆ।