ਮੋਗਾ, 11 ਜੁਲਾਈ (ਜਸ਼ਨ ) ਮੋਗਾ ਜ਼ਿਲ੍ਹੇ ਦੇ ਕੋਟਕਪੂਰਾ ਬਾਈਪਾਸ ਤੇ ਸਥਿਤ ਨਾਮਵਰ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸੀਬੀਐਸਈ ਬੋਰਡ ਨਵੀਂ ਦਿੱਲੀ ਦੇ ਪਾਠਕ੍ਰਮ ਅਨੁਸਾਰ ਸਟੈਮ ਵਿਸ਼ਿਆਂ ਅਧੀਨ ਵੱਖ- ਵੱਖ ਮੁਕਾਬਲੇ ਕਰਵਾਏ ਗਏ। ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਸੀਬੀਐਸਈ ਦੇ ਪਾਠਕ੍ਰਮ ਵਿੱਚ ਸਟੈਮ ਦਾ ਅਰਥ ਹੈ ਵਿਗਿਆਨ, ਟੈਕਨੋਲਜੀ, ਇੰਜਨੀਅਰਿੰਗ ਅਤੇ ਗਣਿਤ ਵਿਸ਼ਿਆਂ ਨੂੰ ਪ੍ਰੋਜੈਕਟ ਆਧਾਰਿਤ ਅਤੇ ਪ੍ਰਯੋਗਾਤਮਕ ਸਿੱਖਿਆ ਰਾਹੀਂ ਆਪਸ ਵਿੱਚ ਜੋੜ ਕੇ ਪੜ੍ਹਾਉਣਾ ਹੈ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਰੱਟਾ ਲਗਾਉਣ ਦੀ ਪ੍ਰਵਿਰਤੀ ਨੂੰ ਘਟਾ ਕੇ 21ਵੀਂ ਸਦੀ ਦੇ ਹੁਨਰ ਪੈਦਾ ਕਰਨਾ ਹੈ। ਇਨ੍ਹਾਂ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਵਿੱਚ ਆਲੋਚਨਾਤਮਕ ਸੋਚ, ਸਮੱਸਿਆ ਹੱਲ ਕਰਨ ਦੀ ਯੋਗਤਾ, ਵਿਹਾਰਕ ਗਿਆਨ ਦੀ ਵਰਤੋਂ ਵਿੱਚ ਵਾਧਾ ਹੋਵੇਗਾ। ਸਟੈਮ ਵਿਸ਼ੇ ਅਧੀਨ ਸਕੂਲ ਦੇ ਕਿੰਡਰ ਗਾਰਟਨ ਵਿਭਾਗ ਵਿੱਚ ਨਰਸਰੀ ਐਲ. ਕੇ. ਜੀ ਅਤੇ ਯੂ.ਕੇ.ਜੀ ਦੇ ਵਿਦਿਆਰਥੀਆਂ ਲਈ ਨੰਬਰ ਗਾਰਡਨ ਵਿਸ਼ੇ ਅਧੀਨ ਮਨੋਰੰਜਕ ਅਤੇ ਗਿਆਨਵਰਧਕ ਗਤੀਵਿਧੀਆਂ ਕਰਵਾਈਆਂ ਗਈਆਂ। ਬੱਚਿਆਂ ਨੇ ਦਿੱਤੀ ਗਈ ਨੰਬਰ ਕੋਡਿੰਗ ਅਨੁਸਾਰ ਸਹੀ ਰੰਗ ਭਰ ਕੇ ਆਪਣੀ ਸਮਝ ਅਤੇ ਰਚਨਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਗਣਿਤ ਦੇ ਵੱਖ-ਵੱਖ ਵਿਸ਼ਿਆਂ ਤੇ ਅਧਾਰਤ ਐਪਟੀਟਿਊਡ ਅਧਾਰਤ ਵਰਕਸ਼ੀਟਾਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਪੂਰੇ ਉਤਸ਼ਾਹ, ਧਿਆਨ ਅਤੇ ਆਤਮ ਵਿਸ਼ਵਾਸ ਨਾਲ ਇਨ੍ਹਾਂ ਗਤੀਵਿਧੀਆਂ ਨੂੰ ਪੂਰਾ ਕੀਤਾ। ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਦੀ ਤਰਕਸ਼ੀਲ ਸੋਚ, ਸਮੱਸਿਆ ਹੱਲ ਕਰਨ ਦੀ ਯੋਗਤਾ, ਨਿਰੀਖਣ ਸ਼ਕਤੀ ਅਤੇ ਗਣਿਤ ਪ੍ਰਤੀ ਰੁਚੀ ਨੂੰ ਹੋਰ ਵੀ ਪ੍ਰੋਤਸਾਹਨ ਮਿਲਿਆ। ਇਸ ਮੌਕੇ ਤੀਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਮੈਥਸ ਮੈਜਿਕ ਗਤੀਵਿਧੀ ਆਯੋਜਿਤ ਕੀਤੀ ਗਈ। ਇਸ ਗਤੀਵਿਧੀ ਵਿੱਚ ਕੁੱਲ ਪੰਜ ਵਿਦਿਆਰਥੀਆਂ ਨੇ ਉੱਚਤਮ ਅੰਕ ਪ੍ਰਾਪਤ ਕੀਤੇ । ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਸਮਾਜਿਕ ਵਿਗਿਆਨ ਪਾਰਕ ਗਤੀਵਿਧੀ ਆਯੋਜਤ ਕੀਤੀ ਗਈ ਸੀ ਜਿਸ ਵਿੱਚ 44 ਬੱਚਿਆਂ ਨੇ ਉੱਚਤਮ ਅੰਕ ਪ੍ਰਾਪਤ ਕੀਤੇ। ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਾਇੰਸ ਸਫ਼ਾਰੀ ਗਤੀਵਿਧੀ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਕੁੱਲ ਅੱਠ ਵਿਦਿਆਰਥੀਆਂ ਨੇ ਉੱਚਤਮ ਅੰਕ ਪ੍ਰਾਪਤ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ । ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਆਰਟੀਫਿਸ਼ਲ ਇੰਟੈਲੀਜੈਂਸ ਵਿਸ਼ੇ ਤੇ ਬਰੇਨ ਬੈਟਲ ਡਿਬੇਟ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੇ ਟੀਮ ਏ ਅਤੇ ਟੀਮ ਬੀ ਵਿੱਚ ਆਰਟੀਫਿਸ਼ਅਲ ਇੰਟੈਲੀਜੈਂਸ ਵਿਸ਼ੇ ਦੇ ਲਾਭ ਤੇ ਹਾਨੀਆਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ। ਇਸ ਚਰਚਾ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਦੇ ਲਾਭ ਦੱਸਣ ਵਾਲੀ ਟੀਮ ਏ ਜੇਤੂ ਰਹੀ। ਸਕੂਲ ਦੇ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਉਨ੍ਹਾਂ ਨੂੰ ਸਰਟੀਫਿਕੇਟ ਤੇ ਮੈਡਲ ਦਿੱਤੇ ਜਾਣਗੇ।
ਖ਼ਬਰਾਂ
ਸੀ ਬੀ ਐਸ ਈ ਬੋਰਡ ਨਵੀਂ ਦਿੱਲੀ ਦੇ ਪਾਠਕ੍ਰਮ ਅਨੁਸਾਰ ਸਟੈਮ ਵਿਸ਼ਿਆਂ ਅਧੀਨ ਵੱਖ- ਵੱਖ ਮੁਕਾਬਲੇ ਕਰਵਾਏ
11 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



