ਮੀਕਨ, ਵਿਸਕਾਨਸਿਨ (ਅਮਰੀਕਾ)/ਪੰਜਾਬ, 5 ਅਕਤੂਬਰ 2026(ਜਸ਼ਨ )
ਅਮਰੀਕੀ ਆਵਾਜਾਈ ਮੰਤਰੀ ਸ਼ੌਨ ਡਫੀ ਬੀਤੇ ਦਿਨੀਂ ਮਿਲਵਾਕੀ ਨੇੜੇ ਮੀਕਨ ਸਥਿਤ ਉੱਘੇ ਪੰਜਾਬੀ ਕਾਰੋਬਾਰੀ ਅਤੇ ਸਮਾਜ ਸੇਵੀ ਦਰਸ਼ਨ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਦਰਸ਼ਨ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੇ ਛੋਟੇ ਭਰਾ, ਪੰਜਾਬ ਸਾਈਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਮੁਲਾਕਾਤ ਦੌਰਾਨ ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰਾਂ, ਟਰਾਂਸਪੋਰਟ ਸੰਚਾਲਕਾਂ ਅਤੇ ਸੰਬੰਧਿਤ ਕਾਰੋਬਾਰੀਆਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਇਆ।
ਧਾਲੀਵਾਲ ਭਰਾਵਾਂ ਨੇ ਅਮਰੀਕੀ ਆਵਾਜਾਈ ਖੇਤਰ ਵਿੱਚ ਪੰਜਾਬੀ ਭਾਈਚਾਰੇ ਦੇ ਮਹੱਤਵਪੂਰਨ ਯੋਗਦਾਨ ਨੂੰ ਉਜਾਗਰ ਕਰਦਿਆਂ ਆਵਾਜਾਈ ਨਿਯਮਾਂ, ਕਾਰੋਬਾਰੀ ਸੰਚਾਲਨ ਅਤੇ ਇਸ ਕਿੱਤੇ ਨਾਲ ਜੁੜੀਆਂ ਵਿਹਾਰਕ ਮੁਸ਼ਕਲਾਂ ਵੱਲ ਮੰਤਰੀ ਦਾ ਧਿਆਨ ਦਿਵਾਇਆ। ਉਨ੍ਹਾਂ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਜ਼ੋਰ ਦਿੱਤਾ ਕਿ ਇਨ੍ਹਾਂ ਮਸਲਿਆਂ ਦੇ ਹੱਲ ਲਈ ਨੀਤੀ ਨਿਰਧਾਰਕਾਂ ਅਤੇ ਪੰਜਾਬੀ ਭਾਈਚਾਰੇ ਵਿਚਾਲੇ ਨਿਰੰਤਰ ਤੇ ਸਾਰਥਿਕ ਸੰਵਾਦ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਅਮਰੀਕਾ ਵਿੱਚ ਵੱਸਦੇ ਵੱਡੀ ਗਿਣਤੀ ਪੰਜਾਬੀ ਪਰਿਵਾਰਾਂ ਦੀ ਰੋਜ਼ੀ-ਰੋਟੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਟਰੱਕਿੰਗ ਅਤੇ ਆਵਾਜਾਈ ਖੇਤਰ ਨਾਲ ਜੁੜੀ ਹੋਈ ਹੈ। ਪੰਜਾਬੀ ਡਰਾਈਵਰਾਂ ਅਤੇ ਉੱਦਮੀਆਂ ਨੇ ਆਪਣੀ ਮਿਹਨਤ ਤੇ ਕਾਰੋਬਾਰੀ ਉਪਰਾਲਿਆਂ ਨਾਲ ਅਮਰੀਕੀ ਅਰਥਚਾਰੇ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਸ ਲਈ ਇਸ ਖੇਤਰ ਨਾਲ ਸੰਬੰਧਿਤ ਨੀਤੀਗਤ ਵਿਚਾਰ-ਵਟਾਂਦਰੇ ਦੌਰਾਨ ਉਨ੍ਹਾਂ ਦੀਆਂ ਚਿੰਤਾਵਾਂ ਅਤੇ ਕਾਰੋਬਾਰੀ ਲੋੜਾਂ ਨੂੰ ਬਣਦਾ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ।
ਇਹ ਮੁਲਾਕਾਤ ਪੰਜਾਬ ਨਾਲ ਵੀ ਵਿਸ਼ੇਸ਼ ਸਰੋਕਾਰ ਰੱਖਦੀ ਹੈ, ਕਿਉਂਕਿ ਸੂਬੇ ਦੇ ਅਨੇਕਾਂ ਪਰਿਵਾਰਾਂ ਦੇ ਮੈਂਬਰ ਅਮਰੀਕਾ ਵਿੱਚ ਟਰੱਕਿੰਗ ਦੇ ਕਿੱਤੇ ਨਾਲ ਜੁੜੇ ਹੋਏ ਹਨ। ਅਮਰੀਕੀ ਆਵਾਜਾਈ ਮੰਤਰੀ ਨਾਲ ਸਿੱਧੀ ਗੱਲਬਾਤ ਰਾਹੀਂ ਧਾਲੀਵਾਲ ਭਰਾਵਾਂ ਨੂੰ ਇਨ੍ਹਾਂ ਪੇਸ਼ੇਵਰਾਂ ਦੀਆਂ ਮੁਸ਼ਕਲਾਂ ਅਤੇ ਉਮੀਦਾਂ ਪ੍ਰਸ਼ਾਸਨ ਦੇ ਸੀਨੀਅਰ ਪੱਧਰ ਤੱਕ ਪਹੁੰਚਾਉਣ ਦਾ ਮੌਕਾ ਮਿਲਿਆ।
ਜ਼ਿਕਰਯੋਗ ਹੈ ਕਿ ਧਾਲੀਵਾਲ ਪਰਿਵਾਰ ਨੇ ਅਮਰੀਕਾ ਵਿੱਚ ਸੈਂਕੜੇ ਗੈਸ ਸਟੇਸ਼ਨਾਂ ਸਮੇਤ ਵਿਆਪਕ ਕਾਰੋਬਾਰ ਸਥਾਪਿਤ ਕੀਤਾ ਹੈ। ਕਾਰੋਬਾਰੀ ਸਫ਼ਲਤਾ ਦੇ ਨਾਲ-ਨਾਲ ਦਰਸ਼ਨ ਸਿੰਘ ਧਾਲੀਵਾਲ ਅਤੇ ਚਰਨਜੀਤ ਸਿੰਘ ਧਾਲੀਵਾਲ ਸਮਾਜ ਸੇਵਾ ਅਤੇ ਭਾਈਚਾਰਕ ਉਪਰਾਲਿਆਂ ਲਈ ਵੀ ਜਾਣੇ ਜਾਂਦੇ ਹਨ। ਕੁਦਰਤੀ ਆਫ਼ਤਾਂ ਅਤੇ ਹੋਰ ਔਖੀਆਂ ਘੜੀਆਂ ਵਿੱਚ ਲੋੜਵੰਦਾਂ ਦੀ ਸਹਾਇਤਾ ਕਰਦਿਆਂ ਉਨ੍ਹਾਂ ਨੇ ਪੰਜਾਬ ਅਤੇ ਪੰਜਾਬੀ ਭਾਈਚਾਰੇ ਨਾਲ ਆਪਣੀ ਸਾਂਝ ਲਗਾਤਾਰ ਕਾਇਮ ਰੱਖੀ ਹੈ।
ਇਸੇ ਪਰਿਵਾਰ ਦੇ ਭਰਾ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸਮਾਣਾ ਦੇ ਇੰਚਾਰਜ ਸੁਰਜੀਤ ਸਿੰਘ ਰੱਖੜਾ ਵੀ ਜਨਤਕ ਸੇਵਾ ਵਿੱਚ ਸਰਗਰਮ ਹਨ। ਉਹ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਅਤੇ ਉਨ੍ਹਾਂ ਦੇ ਮਸਲਿਆਂ ਦੇ ਹੱਲ ਲਈ ਕੰਮ ਕਰ ਰਹੇ ਹਨ। ਅਮਰੀਕਾ ਵਿੱਚ ਕਾਰੋਬਾਰ ਸਥਾਪਿਤ ਕਰਨ ਦੇ ਬਾਵਜੂਦ ਧਾਲੀਵਾਲ ਪਰਿਵਾਰ ਦਾ ਪੰਜਾਬ ਨਾਲ ਲਗਾਓ ਅਤੇ ਲੋਕ ਸੇਵਾ ਪ੍ਰਤੀ ਸਮਰਪਣ ਉਨ੍ਹਾਂ ਦੀ ਮਾਤਭੂਮੀ ਨਾਲ ਗੂੜ੍ਹੀ ਸਾਂਝ ਨੂੰ ਦਰਸਾਉਂਦਾ ਹੈ।
ਧਾਲੀਵਾਲ ਭਰਾਵਾਂ ਦੀ ਸ਼ੌਨ ਡਫੀ ਨਾਲ ਹੋਈ ਇਹ ਮੁਲਾਕਾਤ ਪੰਜਾਬੀ ਟਰੱਕਿੰਗ ਭਾਈਚਾਰੇ ਦੇ ਮਸਲਿਆਂ ਨੂੰ ਉੱਚ ਪੱਧਰ ’ਤੇ ਉਠਾਉਣ ਲਈ ਅਹਿਮ ਸਾਬਿਤ ਹੋਵੇਗੀ।





