ਮੋਗਾ,4 ਅਕਤੂਬਰ (ਜਸ਼ਨ ): ਪੇਂਡੂ ਪਰਿਵਾਰਾਂ ਦੀ ਆਮਦਨ ਵਿੱਚ ਵਾਧਾ ਕਰਨ, ਟਿਕਾਊ ਜੀਵਿਕਾ ਦੇ ਮੌਕੇ ਪੈਦਾ ਕਰਨ ਅਤੇ ਪਰਿਵਾਰਾਂ ਨੂੰ ਆਰਥਿਕ ਤੌਰ ’ਤੇ ਆਤਮਨਿਰਭਰ ਬਣਾਉਣ ਦੇ ਉਦੇਸ਼ ਨਾਲ ਨੈਬਕਿਸਾਨ ਫਾਇਨਾਂਸ ਲਿਮਟਿਡ ਅਤੇ ਨੈਬਫਾਊਂਡੇਸ਼ਨ ਦੇ ਸਹਿਯੋਗ ਨਾਲ ਸ਼ਰਨ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟ ‘ਪ੍ਰਗਤੀ’ ਤਹਿਤ ਪਿੰਡ *ਕਾਹਨ ਸਿੰਘ ਵਾਲਾ, ਜ਼ਿਲ੍ਹਾ ਮੋਗਾ ਵਿਖੇ 5 ਚੁਣੇ ਹੋਏ ਪਰਿਵਾਰਾਂ ਨੂੰ ਬੱਕਰੀ ਪਾਲਣ ਲਈ ਕੁੱਲ 25 ਪਸ਼ੂ ਪ੍ਰਦਾਨ ਕੀਤੇ ਗਏ।

ਇਸ ਪਹਿਲ ਤਹਿਤ ਹਰੇਕ ਪਰਿਵਾਰ ਨੂੰ 4 ਬੱਕਰੀਆਂ ਅਤੇ 1 ਬੱਕਰਾ, ਕੁੱਲ 5 ਪਸ਼ੂ ਪ੍ਰਦਾਨ ਕੀਤੇ ਗਏ। ਇਸ ਤਰ੍ਹਾਂ ਪੰਜ ਪਰਿਵਾਰਾਂ ਨੂੰ ਕੁੱਲ 20 ਬੱਕਰੀਆਂ ਅਤੇ 5 ਬੱਕਰੇ ਦਿੱਤੇ ਗਏ ਹਨ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਲਾਭਪਾਤਰੀ ਪਰਿਵਾਰਾਂ ਨੂੰ ਬੱਕਰੀ ਪਾਲਣ ਨਾਲ ਜੋੜ ਕੇ ਉਨ੍ਹਾਂ ਲਈ ਇੱਕ ਟਿਕਾਊ ਅਤੇ ਵਾਧੂ ਆਮਦਨ ਦਾ ਸਰੋਤ ਤਿਆਰ ਕਰਨਾ ਹੈ।

ਇਸ ਮੌਕੇ ਸ਼ਰਨ ਫਾਊਂਡੇਸ਼ਨ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੱਸਿਆ ਕਿ ਪ੍ਰੋਜੈਕਟ ‘ਪ੍ਰਗਤੀ’ ਮੋਗਾ ਜ਼ਿਲ੍ਹੇ ਦੇ ਪਿੰਡ ਕਾਹਨ ਸਿੰਘ ਵਾਲਾ ਅਤੇ ਜੋਗੇਵਾਲਾ ਵਿਖੇ ਲਾਗੂ ਕੀਤਾ ਜਾ ਰਿਹਾ ਹੈ। ਪ੍ਰੋਜੈਕਟ ਦਾ ਉਦੇਸ਼ ਪੇਂਡੂ ਪਰਿਵਾਰਾਂ ਨੂੰ ਵੱਖ-ਵੱਖ ਜੀਵਿਕਾ ਗਤੀਵਿਧੀਆਂ ਨਾਲ ਜੋੜ ਕੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨਾ ਅਤੇ ਪਿੰਡਾਂ ਵਿੱਚ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ।

ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਛੋਟੇ ਪੱਧਰ ’ਤੇ ਪਸ਼ੂ ਪਾਲਣ ਪਰਿਵਾਰਾਂ ਲਈ ਆਮਦਨ ਦਾ ਮਹੱਤਵਪੂਰਨ ਸਾਧਨ ਬਣ ਸਕਦਾ ਹੈ। ਬੱਕਰੀ ਪਾਲਣ ਰਾਹੀਂ ਪਰਿਵਾਰ ਬੱਕਰੀਆਂ ਦੀ ਗਿਣਤੀ ਵਿੱਚ ਵਾਧਾ ਕਰਕੇ ਭਵਿੱਖ ਵਿੱਚ ਬੱਕਰੀ ਦੇ ਬੱਚਿਆਂ ਅਤੇ ਦੁੱਧ ਦੀ ਵਿਕਰੀ ਆਦਿ ਰਾਹੀਂ ਆਮਦਨ ਪ੍ਰਾਪਤ ਕਰ ਸਕਦੇ ਹਨ। ਇਸ ਨਾਲ ਪਰਿਵਾਰਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਵਿੱਚ ਸਹਾਇਤਾ ਮਿਲ ਸਕਦੀ ਹੈ।

ਪ੍ਰੋਜੈਕਟ ਤਹਿਤ ਲਾਭਪਾਤਰੀ ਪਰਿਵਾਰਾਂ ਨੂੰ ਬੱਕਰੀਆਂ ਦੀ ਸਹੀ ਦੇਖਭਾਲ, ਖੁਰਾਕ, ਪੋਸ਼ਣ, ਸਾਫ਼-ਸਫ਼ਾਈ, ਬਿਮਾਰੀਆਂ ਤੋਂ ਬਚਾਅ ਅਤੇ ਸਮੇਂ ਸਿਰ ਟੀਕਾਕਰਨ ਸਬੰਧੀ ਵੀ ਲੋੜੀਂਦੀ ਜਾਣਕਾਰੀ ਅਤੇ ਮਾਰਗਦਰਸ਼ਨ ਦਿੱਤਾ ਜਾਵੇਗਾ, ਤਾਂ ਜੋ ਪਰਿਵਾਰ ਇਸ ਗਤੀਵਿਧੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾ ਸਕਣ।

ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪ੍ਰੋਜੈਕਟ ‘ਪ੍ਰਗਤੀ’ ਸਿਰਫ਼ ਬੱਕਰੀ ਪਾਲਣ ਤੱਕ ਸੀਮਿਤ ਨਹੀਂ ਹੈ। ਇਸ ਤਹਿਤ ਪੋਲਟਰੀ, ਪੋਸ਼ਣ ਬਾਗਾਂ, ਕੁਦਰਤੀ ਖੇਤੀ, ਬਾਗਬਾਨੀ, ਮਿੱਟੀ ਦੀ ਸਿਹਤ ਵਿੱਚ ਸੁਧਾਰ, ਪਾਣੀ ਦੀ ਸੰਭਾਲ ਅਤੇ ਵਾਤਾਵਰਣ ਪੱਖੀ ਗਤੀਵਿਧੀਆਂ ਰਾਹੀਂ ਪੇਂਡੂ ਪਰਿਵਾਰਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ’ਤੇ ਮਜ਼ਬੂਤ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪ੍ਰੋਜੈਕਟ ਦਾ ਮੁੱਖ ਉਦੇਸ਼ ਸਿਰਫ਼ ਪਰਿਵਾਰਾਂ ਨੂੰ ਸਹਾਇਤਾ ਦੇਣਾ ਨਹੀਂ, ਸਗੋਂ ਉਨ੍ਹਾਂ ਨੂੰ ਆਪਣੀ ਆਮਦਨ ਪੈਦਾ ਕਰਨ ਦੇ ਯੋਗ ਬਣਾਉਣਾ ਅਤੇ ਲੰਬੇ ਸਮੇਂ ਲਈ ਟਿਕਾਊ ਜੀਵਿਕਾ ਦੇ ਮੌਕੇ ਪ੍ਰਦਾਨ ਕਰਨਾ ਹੈ।

ਇਸ ਮੌਕੇ ਲਾਭਪਾਤਰੀ ਪਰਿਵਾਰਾਂ ਨੇ ਨੈਬਕਿਸਾਨ ਫਾਇਨਾਂਸ ਲਿਮਟਿਡ, ਨੈਬਫਾਊਂਡੇਸ਼ਨ ਅਤੇ ਸ਼ਰਨ ਫਾਊਂਡੇਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਕਰੀਆਂ ਮਿਲਣ ਨਾਲ ਉਨ੍ਹਾਂ ਨੂੰ ਆਪਣੀ ਆਮਦਨ ਵਧਾਉਣ ਅਤੇ ਪਰਿਵਾਰ ਦੀ ਆਰਥਿਕ ਸਥਿਤੀ ਸੁਧਾਰਨ ਲਈ ਇੱਕ ਨਵਾਂ ਮੌਕਾ ਮਿਲਿਆ ਹੈ।

ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਅਤੇ ਮੌਜੂਦਾ ਪੰਚਾਇਤ ਤੇਜਿੰਦਰ ਸਿੰਘ ਸੇਬੀ ਅਤੇ ਪੰਚਾਇਤ ਮੈਂਬਰ ਜਸਵਿੰਦਰ ਸਿੰਘ ਜੱਜ, ਪ੍ਰੋਜੈਕਟ ਪ੍ਰਗਟੀ ਦੇ ਫੀਲਡ ਅਫਸਰ ਜਗਦੀਪ ਸਿੰਘ ਮਹੇਸ਼ਰੀ, ਮਨਪ੍ਰੀਤ ਸਿੰਘ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।