ਜਗਰਾਓਂ , 23 ਮਈ ( ਬਿੱਟੂ ਗਰੋਵਰ )ਪੰਜਾਬ ਵਿਚ ਚਾਚੇ ਨੇ ਆਪਣੇ ਹੀ ਭਤੀਜੇ ਦੀ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪਿੰਡ ਡੱਲਾ ਵਿੱਚ ਵਾਪਰੀ ਘਟਨਾ ਮੁਤਾਬਿਕ ਸਾਂਝੀ ਮੋਟਰ 'ਤੇ ਪਾਣੀ ਭਰਨ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਇੱਕ ਵਿਅਕਤੀ ਦੀ ਕੁੱਟਮਾਰ ਕੀਤੇ ਜਾਣ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿ੍ਤਕ ਦੇ ਭਰਾ ਨਿਰਮਲ ਸਿੰਘ ਪੁੱਤਰ ਨਾਹਰ ਸਿੰਘ ਨੇ "ਅੰਤਰਰਾਸ਼ਟਰੀ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨੂੰ ਦੱਸਿਆ ਕਿ ਲੰਘੀ ਰਾਤ ਉਹ ਆਪਣੀ ਮਾਤਾ ਗੁਰਮੇਲ ਕੌਰ ਅਤੇ ਭਰਾ ਸੇਵਕ ਸਿੰਘ ਨਾਲ ਘਰ ਵਿੱਚ ਮੌਜੂਦ ਸੀ। ਇਸ ਦੌਰਾਨ ਉਸ ਦਾ ਚਾਚਾ ਕਰਮਜੀਤ ਸਿੰਘ ਅਤੇ ਚਾਚੇ ਦਾ ਪੁੱਤਰ ਯਾਦਵਿੰਦਰ ਸਿੰਘ ਉਰਫ਼ ਸਨੀ, ਦੋਵੇਂ ਵਾਸੀ ਪਿੰਡ ਡੱਲਾ, ਉਨ੍ਹਾਂ ਦੇ ਘਰ ਆ ਗਏ ਅਤੇ ਦੋਵਾਂ ਨੇ ਮਿਲ ਕੇ ਸੇਵਕ ਸਿੰਘ ਦੀ ਕੁੱਟਮਾਰ ਕੀਤੀ।ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਜ਼ਖ਼ਮੀ ਸੇਵਕ ਸਿੰਘ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਜਗਰਾਉਂ ਲੈ ਕੇ ਗਏ, ਜਿੱਥੋਂ ਉਸ ਨੂੰ ਸਿਵਲ ਹਸਪਤਾਲ ਹਠੂਰ ਭੇਜਿਆ ਗਿਆ। ਹਠੂਰ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ। ਜਿੱਥੇ ਇਲਾਜ ਦੌਰਾਨ ਸੇਵਕ ਸਿੰਘ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਇਕ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।