ਬਰਨਾਲਾ ,7 ਜੁਲਾਈ (ਲਖਵਿੰਦਰ ਸ਼ਰਮਾ)
ਜਿਲ੍ਹਾ ਬਰਨਾਲਾ ਦੀ ਮਸ਼ਹੂਰ ਤਪਾ ਮੰਡੀ ਇਲਾਕੇ ਅੰਦਰ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਨੇ ਗੁਰਸਿੱਖ ਪਰਿਵਾਰ ਨੂੰ ਉਸ ਸਮੇਂ ਝੰਜੋੜ ਕੇ ਰੱਖ ਦਿੱਤਾ ਜਦੋਂ ਉਨ੍ਹਾਂ ਦੇ ਕੈਨੇਡਾ ਗਏ ਨੌਜਵਾਨ ਪੁੱਤਰ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਤਪਾ ਮੰਡੀ ਦਾ ਨੌਜਵਾਨ ਲਵਪ੍ਰੀਤ ਸਿੰਘ ਨਹਿਰ ਵਿਚ ਡੁੱਬਦੇ ਆਪਣੇ ਦੋਸਤ ਨੂੰ ਬਚਾਉਂਦੇ ਸਮੇਂ ਆਪਣੀ ਵੀ ਜਾਨ ਗਵਾ ਬੈਠਾ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਲਵਪ੍ਰੀਤ ਸਿੰਘ ਦੇ ਪਿਤਾ ਸਾਬਕਾ ਫੌਜੀ ਬਲਵੀਰ ਸਿੰਘ ਵਾਸੀ ਘੁੰਨਸ ਰੋਡ ਤਪਾ ਨੇ ਭਰੇ ਮਨ ਨਾਲ ਦੱਸਿਆ ਕਿ ਉਹਨਾਂ ਦਾ 26 ਸਾਲਾਂ ਪੁੱਤ ਲਵਪ੍ਰੀਤ ਸਿੰਘ ਦੋ ਢਾਈ ਸਾਲ ਪਹਿਲਾਂ ਹੀ ਵਰਕ ਪਰਮਿਟ ਤੇ ਕੈਨੇਡਾ ਦੇ ਸ਼ਹਿਰ ਮਾਂਟਰੀਅਲ ਵਿਚ ਇੱਕ ਕੰਪਨੀ ਦਾ ਟਰਾਲਾ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ।ਜੋ ਬਾਰਵੀਂ ਕਲਾਸ ਤੋਂ ਬਾਅਦ ਕਨੇਡਾ ਆਪਣੇ ਮਾਪਿਆਂ ਦੇ ਸੁਪਨੇ ਸਕਾਰ ਕਰਨ ਲਈ ਗਿਆ ਸੀ। ਜਿਸਨੂੰ ਆਪਣੀ ਸਾਰੀ ਢਾਈ ਏਕੜ ਜਮੀਨ ਵੇਚਕੇ 29 ਲੱਖ ਰੁਪਏ ਲਾਕੇ ਉਸ ਨੂੰ ਰੁਜ਼ਗਾਰ ਦੀ ਭਾਲ ਲਈ ਕੈਨੇਡਾ ਸੁਪਨੇ ਪੂਰੇ ਕਰਨ ਲਈ ਭੇਜਿਆ ਸੀ। ਜਿਸਤੋਂ ਬਹੁਤ ਵੱਡੇ ਸੁਪਨੇ ਦੇਖੇ ਸਨ। ਪਰ ਸਾਰੇ ਸੁਪਨੇ ਚਕਣਾਚੂਰ ਹੋ ਗਏ। ਮ੍ਰਿਤਕ ਲਵਪ੍ਰੀਤ ਸਿੰਘ ਨੇ 10 ਦਿਨ ਪਹਿਲਾਂ ਹੀ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕੈਨੇਡਾ ਦੇ ਸ਼ਹਿਰ ਮਾਂਟਰੀਅਲ ਦੀ ਲਾਚੀਨ ਨਹਿਰ ਵਿਚ ਲਵਪ੍ਰੀਤ ਦੇ ਦੋਸਤ ਦਾ ਅਚਾਨਕ ਨਹਿਰ ਵਿਚ ਪੈਰ ਫਿਸਲ ਗਿਆ। ਜਦ ਇਸ ਘਟਨਾ ਦਾ ਲਵਪ੍ਰੀਤ ਸਿੰਘ ਨੂੰ ਪਤਾ ਲੱਗਿਆ ਤਾਂ ਉਸਨੇ ਆਪਣੇ ਦੋਸਤ ਨੂੰ ਬਚਾਉਣ ਲਈ ਨਹਿਰ ਵਿਚ ਪਿੱਛੇ ਛਾਲ ਮਾਰ ਦਿੱਤੀ। ਪਰ ਲਵਪ੍ਰੀਤ ਸਿੰਘ ਆਪਣੇ ਦੋਸਤ ਨੂੰ ਬਚਾਉਂਦਾ ਬਚਾਉਂਦਾ ਨਹਿਰ ਵਿਚ ਖੁਦ ਆਪ ਡੁੱਬ ਗਿਆ। ਕਨੇਡਾ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕਈ ਘੰਟੇ ਦੀ ਮੁਸ਼ੱਕਤ ਨਾਲ ਦੋਵਾਂ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ ਪਰ ਦੋਹਾਂ ਦੀ ਮੌਤ ਹੋ ਚੁੱਕੀ ਸੀ। ਪਰਿਵਾਰਿਕ ਮੈਂਬਰਾਂ ਅਤੇ ਸਕੇ ਸਬੰਧੀਆਂ ਨੇ ਸੂਬਾ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਹਨਾਂ ਦੇ ਮ੍ਰਿਤਕ ਇਕਲੋਤੇ ਪੁੱਤਰ ਲਵਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਕੈਨੇਡਾ ਤੋਂ ਪੰਜਾਬ ਤਪਾ ਮੰਡੀ ਲਿਆਉਣ ਲਈ ਸਹਿਯੋਗ ਕੀਤਾ ਜਾਵੇ,ਤਾਂ ਜੋ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਉਹ ਆਪਣੇ ਇਕਲੋਤੇ ਪੁੱਤ ਲਵਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਸਕਣ। ਮ੍ਰਿਤਕ ਲਵਪ੍ਰੀਤ ਸਿੰਘ ਦੇ ਪਰਿਵਾਰ ਵਿਚ ਉਸ ਦੇ ਮਾਤਾ -ਪਿਤਾ ਅਤੇ ਇਕਲੋਤੀ ਭੈਣ ਰਹਿ ਗਈ। ਮ੍ਰਿਤਕ ਲਵਪ੍ਰੀਤ ਸਿੰਘ ਦੇ ਪਿਤਾ ਸਾਬਕਾ ਫੌਜੀ ਬਲਵੀਰ ਸਿੰਘ ਜੋ ਸੀ.ਆਰ.ਪੀ.ਐਫ ਵਿਚ ਬਤੌਰ ਦੇਸ਼ ਲਈ ਆਪਣੀ ਸੇਵਾਵਾਂ ਨਿਭਾ ਚੁੱਕੇ ਹਨ। ਇਸ ਮੌਕੇ ਪਿਤਾ ਸਾਬਕਾ ਫੌਜੀ ਬਲਵੀਰ ਸਿੰਘ,ਮਾਤਾ ਵੀਰਪਾਲ ਕੌਰ,ਮਾਮਾ ਗੁਰਤੇਜ ਸਿੰਘ,ਗੁਰਦੀਪ ਸਿੰਘ,ਇੰਦਰਜੀਤ ਸਿੰਘ, ਜਸਕਰਨ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਵਾਈਸ ਪ੍ਰਧਾਨ ਪ੍ਰਿੰਸੀਪਲ ਬਲਦੇਵ ਸਿੰਘ,ਹਰਪ੍ਰੀਤ ਸਿੰਘ, ਜਸਨਪ੍ਰੀਤ ਸਿੰਘ,ਮੱਖਣ ਸਿੰਘ, ਜਥੇਦਾਰ ਲਖਵੀਰ ਸਿੰਘ ਧਾਲੀਵਾਲ,ਮਲਕੀਤ ਸਿੰਘ, ਗ੍ਰੰਥੀ ਕੁਲਦੀਪ ਸਿੰਘ ਤੋਂ ਇਲਾਵਾ ਪਰਿਵਾਰਿਕ ਮੈਂਬਰ ਹਾਜ਼ਰ ਸਨ।






