ਫ਼ਤਹਿਗੜ੍ਹ ਸਾਹਿਬ,14 ਅਗਸਤ(ਜਸ਼ਨ ):
ਇਥੋਂ ਨੇੜੇ ਹੀ ਬੀਤੀ ਰਾਤ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 20/22 ਸਾਲ ਉਮਰ ਦੇ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਸੂਚਨਾ ਹੈ।ਮ੍ਰਿਤਕ ਨੌਜਵਾਨ ਆਪਸ ਵਿੱਚ ਦੋਸਤ ਸਨ ਜੋ ਕਿ ਇੱਕੋ ਮੁਹੱਲੇ ਦੇ ਰਹਿਣ ਵਾਲੇ ਦੱਸੇ ਜਾਂਦੇ ਸਨ ਜਿਨ੍ਹਾਂ ਦੀ ਪਹਿਚਾਣ ਹਰੀਸ਼ ਕੁਮਾਰ ਅਤੇ ਮਾਧਵ ਵਾਸੀ ਰੇਲਵੇ ਰੋਡ,ਹਮਾਯੂੰਪੁਰ, ਸਰਹਿੰਦ ਵਜੋਂ ਹੋਈ ਹੈ।ਥਾਣਾ ਫ਼ਤਹਿਗੜ੍ਹ ਸਾਹਿਬ ਦੇ ਐਸ.ਐਚ.ਓ. ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਸਰਹਿੰਦ-ਚੁੰਨੀ ਰੋਡ ਤੇ ਪੈਂਦੇ ਪਿੰਡ ਅੱਤੇਵਾਲੀ ਅਤੇ ਪਿੰਡ ਕੋਟਲਾ ਬਜਵਾੜਾ ਦਰਮਿਆਨ ਸੜਕ ਕੰਢੇ ਸਥਿਤ ਇੱਕ ਛੱਪੜ ਵਿੱਚ ਇੱਕ ਕਾਰ ਡਿੱਗ ਜਾਣ ਦੀ ਸੂਚਨਾ ਮਿਲੀ ਸੀ।ਜਿਸ ਤੇ ਪੁਲਿਸ ਪਾਰਟੀ ਵਲੋਂ ਮੌਕੇ ਤੇ ਪੁੱਜ ਕੇ ਗੋਤਾਖੋਰਾਂ ਅਤੇ ਜੇਸੀਬੀ ਮਸ਼ੀਨ ਦੀ ਮਦਦ ਲਈ ਗਈ ਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਛੱਪੜ ਵਿੱਚ ਡੁੱਬੀ ਕਾਰ ਅਤੇ ਦੋ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ।ਛੱਪੜ ਵਿੱਚੋਂ ਕੱਢੇ ਗਏ ਹਰੀਸ਼ ਕੁਮਾਰ ਅਤੇ ਮਾਧਵ ਨਾਮਕ ਦੋ ਨੌਜਵਾਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਚੈੱਕ ਕਰਨ ਉਪਰੰਤ ਦੋਵਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਮੁੱਢਲੀ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਸਰਹਿੰਦ ਦੇ ਹੀ ਰਹਿਣ ਵਾਲੇ ਹਰੀਸ਼ ਕੁਮਾਰ,ਮਾਧਵ,ਹਰਸ਼ਿਤ ਵਰਮਾ ਅਤੇ ਰਤਨਜੋਤ ਸਿੰਘ ਸਾਰੇ ਆਪਸ ਵਿੱਚ ਦੋਸਤ ਹਨ ਜੋ ਕਿ ਬੀਤੀ ਸ਼ਾਮ ਹਰਸ਼ਿਤ ਵਰਮਾ ਦੀ ਭੈਣ ਦੇ ਘਰ ਪੁੱਤਰ ਹੋਣ ਦੀ ਖੁਸ਼ੀ ਵਿੱਚ ਇਕੱਠੇ ਹੋਏ ਸਨ।ਜਿੱਥੇ ਕੇਕ ਵਗੈਰਾ ਕੱਟਣ ਉਪਰੰਤ ਰਾਤ ਦਾ ਖਾਣਾ ਖਾ ਕੇ ਉਹ ਚਾਰੇ ਦੋ ਵੱਖ-ਵੱਖ ਕਾਰਾਂ ਵਿੱਚ ਸਵਾਰ ਹੋ ਕੇ ਰਾਤ ਕਰੀਬ ਪੌਣੇ ਬਾਰਾਂ ਵਜੇ ਉਹ ਰਤਨਜੋਤ ਸਿੰਘ ਨੂੰ ਘਰ ਛੱਡਣ ਲਈ ਚਲੇ ਗਏ।ਸਰਹਿੰਦ ਤੋਂ ਭੈਰੋਂਪੁਰ ਵੱਲ ਨੂੰ ਜਾਂਦੇ ਸਮੇਂ ਜਦੋਂ ਉਹ ਪਿੰਡ ਅੱਤੇਵਾਲੀ ਲੰਘੇ ਤਾਂ ਜਿਸ ਹਾਂਡਾ ਸਿਟੀ ਕਾਰ ਵਿੱਚ ਹਰੀਸ਼ ਕੁਮਾਰ ਅਤੇ ਮਾਧਵ ਸਵਾਰ ਸਨ ਉਸ ਦਾ ਅਗਲਾ ਟਾਇਰ ਅਚਾਨਕ ਫਟ ਗਿਆ ਅਤੇ ਸਪੀਡ ਜ਼ਿਆਦਾ ਹੋਣ ਕਾਰਨ ਬੇਕਾਬੂ ਹੋਈ ਉਨ੍ਹਾ ਦੀ ਕਾਰ ਖੰਭੇ ਨਾਲ ਟਕਰਾਉਂਦੀ ਹੋਈ ਛੱਪੜ ਵਿੱਚ ਜਾ ਡਿੱਗੀ ਤੇ ਪਾਣੀ ਵਿੱਚ ਡੁੱਬ ਗਈ।ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਦੇ ਬਿਆਨਾਂ ਤੇ ਮਾਮਲੇ ਵਿੱਚ ਅ/ਧ 194 ਬੀ.ਐਨ.ਐਸ. ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।